ਪੰਜਾਬ ਦੀ ਰਾਜਨੀਤੀ ਦੀ ਦਿਸ਼ਾ ਤੇ ਦਸ਼ਾ ਤੈਅ ਕਰੇਗੀ ਜ਼ਿਮਨੀ ਚੋਣ, ਵੱਡੇ ਮੰਤਰੀਆਂ ਸਮੇਤ ਕਈ ਸਟਾਰ ਪ੍ਰਚਾਰਕ ਕਰ ਰਹੇ ਨੇ ਚੋਣ ਪ੍ਰਚਾਰ

ਲੁਧਿਆਣਾ, 17 ਜੂਨ : ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਜ਼ਿਮਨੀ ਚੋਣ ਲਈ ਪ੍ਰਚਾਰ 17 ਜੂਨ ਨੂੰ ਸ਼ਾਮ 6 ਵਜੇ ਸਮਾਪਤ ਹੋ ਜਾਵੇਗਾ ਤੇ 19 ਜੂਨ ਨੂੰ ਵੋਟਿੰਗ ਹੋਵੇਗੀ। ਲੁਧਿਆਣਾ ਪੱਛਮੀ ਵਿਧਾਨ ਸਭਾ ਹਲਕੇ ਦੀ ਚੋਣ ਪੰਜਾਬ ਦੀ ਰਾਜਨੀਤੀ ਦੀ 2027 ਦੀ ਦਿਸ਼ਾ ਤੇ ਦਸ਼ਾ ਤੈਅ ਕਰੇਗੀ। ਲੁਧਿਆਣਾ ਹਲਕੇ ਵਿੱਚ ਆਮ ਆਦਮੀ ਪਾਰਟੀ, ਕਾਂਗਰਸ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਸ੍ਰੋਮਣੀ ਅਕਾਲੀ ਦਲ ਨੇ ਆਪਣੇ ਉਮੀਦਵਾਰਾਂ ਦੇ ਹੱਕ ਵਿੱਚ ਸਾਰੀ ਤਾਕਤ ਲਗਾਈ ਹੋਈ ਹੈ। ਹਰ ਪਾਰਟੀ ਨੂੰ ਜ਼ਿਮਨੀ ਚੋਣ ਦੇ ਨਤੀਜੇ ਵਿੱਚ ਆਪਣਾ ਭਵਿੱਖ ਨਜ਼ਰ ਆ ਰਿਹਾ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਆਪ ਦੇ ਕੌਮੀ ਕਨਵੀਨਰ ਅਰਵਿੰਦਰ ਕੇਜਰੀਵਾਲ, ਮੁੱਖ ਮੰਤਰੀ ਭਗਵੰਤ ਮਾਨ, ਸਰਕਾਰ ਦੇ ਮੰਤਰੀ ਅਤੇ ਹੋਰ ਵੱਡੇ ਆਗੂ ਤੇ ਵਰਕਰ ਪ੍ਰਚਾਰ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਉਮੀਦਵਾਰ ਭਾਰਤ ਭੂਸ਼ਣ ਆਸ਼ੂ ਦੇ ਹੱਕ ਵਿੱਚ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਵਿਧਾਇਕ ਰਾਣਾ ਗੁਰਜੀਤ ਸਿੰਘ, ਵਿਧਾਇਕ ਪ੍ਰਗਟ ਸਿੰਘ, ਐੱਮਪੀ ਕਿਸ਼ੋਰ ਲਾਲ ਸ਼ਰਮਾ ਸਮੇਤ ਵੱਡੇ ਤੇ ਛੋਟੇ ਆਗੂ ਪ੍ਰਚਾਰ ਕਰ ਰਹੇ ਹਨ ਜਦਕਿ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਪ੍ਰਚਾਰ ਤੋਂ ਦੂਰੀ ਬਣਾਈ ਹੋਈ ਹੈ। ਇਹ ਦੂਰੀ ਕਾਂਗਰਸੀ ਉਮੀਦਵਾਰ ਨੂੰ ਮਹਿੰਗੀ ਪੈ ਸਕਦੀ ਹੈ। ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਜੀਵਨ ਗੁਪਤਾ ਦੇ ਹੱਕ ਵਿੱਚ ਮੁੱਖ ਮੰਤਰੀ ਨਾਇਬ ਸਿੰਘ ਸੈਣੀ, ਮੁੱਖ ਮੰਤਰੀ ਰੇਖਾ ਗੁਪਤਾ, ਕੇਂਦਰੀ ਮੰਤਰੀ ਹਰਦੀਪ ਪੁਰੀ, ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ, ਕੌਮੀ ਜਨਰਲ ਸਕੱਤਰ ਤਰੁਣ ਚੁੱਘ ਸਮੇਤ ਕਈ ਵੱਡੇ ਤੇ ਛੋਟੇ ਆਗੂ ਦਿਨ ਰਾਤ ਮਿਹਨਤ ਕਰ ਰਹੇ ਹਨ, ਜੇਕਰ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਐਡਵੋਕੇਟ ਪਰਉਪਕਾਰ ਸਿੰਘ ਘੁੰਮਣ ਦੀ ਗੱਲ ਕੀਤੀ ਜਾਵੇ ਤਾਂ ਘੁੰਮਣ ਦੇ ਹੱਕ ’ਚ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦਿਨ ਰਾਤ ਮੀਟਿੰਗ ਤੇ ਰੋਡ ਸ਼ੋਅ ਕਰਕੇ ਚੋਣ ਮੁਹਿੰਮ ਨੂੰ ਸਿਖਰਾਂ ’ਤੇ ਪਹੁੰਚਾਉਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਹਲਕਾ ਲੁਧਿਆਣਾ ਪੱਛਮੀ ਵਿੱਚ ਚਹੁੰਕੋਨਾ ਮੁਕਾਬਲਾ ਹੋਣ ਦੀ ਉਮੀਦ ਹੈ। ਜੇਕਰ ਵੱਡੇ ਕਾਰਪੋਰੇਟ ਤੇ ਸਨਅਤੀ ਘਰਾਣਿਆਂ ਦੀ ਗੱਲ ਕੀਤੀ ਜਾਵੇ, ਤਾਂ ਉਹ ਖੁੱਲ੍ਹ ਕੇ ਆਪ ਉਮੀਦਵਾਰ ਅਰੋੜਾ ਦੇ ਹੱਕ ਵਿੱਚ ਆ ਗਏ ਹਨ। ਭਾਜਪਾ ਨੂੰ ਆਪਣਾ ਪੱਕਾ ਵੋਟਾ ਬੈਂਕ ਤੇ 2024 ਦੀ ਐੱਮਪੀ ਚੋਣ ਵਿੱਚ ਹਲਕੇ ਵਿੱਚੋਂ ਵੱਡੀ ਲੀਡ ਮਿਲਣੀ ਸੀਟ ਜਿੱਤਣ ਦਾ ਸੰਕੇਤ ਦੇ ਰਹੀ ਹੈ। ਕਾਂਗਰਸ ਪਾਰਟੀ ਨੂੰ ਆਪਣੇ ਪੱਕੇ ਵੋਟ ਬੈਂਕ ਤੇ ਹੋਰ ਵਰਗਾਂ ਦੀ ਵੋਟ ਪੈਣ ਦੀ ਉਮੀਦ ਹੈ। ਅਕਾਲੀ ਦਲ ਨੂੰ ਵੀ ਇਸ ਚੋਣ ਵਿੱਚ ਵੋਟਾਂ ਦੀ ਗਿਣਤੀ ਵਧਣ ਦੀ ਆਸ ਹੈ।
ਚੋਣ ਪ੍ਰਚਾਰ ਦੇ ਆਖਰੀ ਗੇੜ ’ਚ ਮੁੱਖ ਮੰਤਰੀ ਲੁਧਿਆਣਾ ਨਹੀਂ ਪੁੱਜੇ
ਲੁਧਿਆਣਾ ਵਿੱਚ ਆਪ ਉਮੀਦਵਾਰ ਸੰਜੀਵ ਅਰੋੜਾ ਦੇ ਹੱਕ ਵਿੱਚ ਕਈ ਦਿਨ ਪੱਕਾ ਡੇਰਾ ਲਗਾ ਕੇ ਬੈਠੇ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਚੋਣ ਪ੍ਰਚਾਰ ਦੇ ਆਖਰੀ ਦਿਨਾਂ ਵਿੱਚ ਲੁਧਿਆਣਾ ਨਹੀਂ ਪੁੱਜੇ। ਉਨ੍ਹਾਂ ਨੇ ਪਿਛਲੇ ਦੋ ਦਿਨਾਂ ਵਿੱਚ ਲੁਧਿਆਣਾ ਆਉਣ ਦੀ ਥਾਂ ’ਤੇ ਵੀਡੀਓ ਕਾਨਫਰੰਸਿੰਗ ਰਾਹੀਂ ਚੋਣ ਮੀਟਿੰਗਾਂ ਨੂੰ ਸੰਬੋਧਨ ਕੀਤਾ। ਮੁੱਖ ਮੰਤਰੀ ਵੱਲੋਂ ਚੋਣ ਪ੍ਰਚਾਰ ਦੇ ਆਖਰੀ ਗੇੜ ਵਿੱਚ ਲੁਧਿਆਣਾ ਨਾ ਪੁੱਜਣਾ ਕਈ ਸਵਾਲ ਖੜ੍ਹੇ ਕਰਦਾ ਹੈ। ਜਿਸ ਦੀ ਰਾਜਸੀ ਹਲਕਿਆਂ ਵਿੱਚ ਕਾਫ਼ੀ ਚਰਚਾ ਸੁਣਨ ਨੂੰ ਮਿਲ ਰਹੀ ਹੈ। ਲੁਧਿਆਣਾ ਵਿੱਚ ਆਪੋ ਆਪਣੇ ਉਮੀਦਵਾਰ ਦੇ ਹੱਕ ਵਿੱਚ ਪਾਰਟੀਆਂ ਦੇ ਪ੍ਰਧਾਨ ਤੇ ਆਗੂ ਪ੍ਰਚਾਰ ਕਰ ਰਹੇ ਹਨ। ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨਾਮਜ਼ਦਗੀ ਕਾਗਜ਼ ਦਾਖ਼ਲ ਕਰਵਾਉਣ ਤੇ ਅੱਜ ਪ੍ਰੈਸ ਕਾਨਫਰ਼ੰਸ ਕਰਨ ਪੁੱਜੇ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਸੁਨੀਲ ਜਾਖੜ ਨਾਮਜ਼ਦਗੀ ਕਾਗਜ਼ ਭਰਨ ਤੋਂ ਇਲਾਵਾ 2 ਵਾਰ ਹੋਰ ਪ੍ਰਚਾਰ ਕਰਨ ਲਈ ਲੁਧਿਆਣਾ ਪੁੱਜੇ। ਹਾਕਮ ਧਿਰ ਆਮ ਆਦਮੀ ਪਾਰਟੀ ਦੇ ਪ੍ਰਧਾਨ ਤੇ ਕੈਬਨਿਟ ਮੰਤਰੀ ਅਮਨ ਅਰੋੜਾ ਅਤੇ ਸ੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਆਪਣੇ ਉਮੀਦਵਾਰ ਦੇ ਹੱਕ ਵਿੱਚ ਦਿਨ ਰਾਤ ਪ੍ਰਚਾਰ ਕਰ ਰਹੇ ਹਨ। ਦੋਵੇਂ ਪ੍ਰਧਾਨ ਲੁਧਿਆਣਾ ਵਿੱਚ ਹੀ ਡੇਰਾ ਲਗਾ ਦੇ ਬੈਠੇ ਹਨ।
ਕਾਂਗਰਸ ਨੇ 7, ਆਪ ਨੇ 1, ਅਕਾਲੀ ਦਲ ਨੇ 1, ਜਨਤਾ ਪਾਰਟੀ ਨੇ 1 ਵਾਰ ਚੋਣ ਜਿੱਤੀ
ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਦੀ ਚੋਣ ਵਿੱਚ 7 ਵਾਰ ਕਾਂਗਰਸ ਪਾਰਟੀ ਦੇ ਉਮੀਦਵਾਰ, 1 ਵਾਰ ਆਮ ਆਦਮੀ ਪਾਰਟੀ ਦਾ ਉਮੀਦਵਾਰ, 1 ਵਾਰ ਅਕਾਲੀ ਦਲ ਦਾ ਉਮੀਦਵਾਰ ਤੇ 1 ਵਾਰ ਭਾਜਪਾ ਉਮੀਦਵਾਰ ਨੇ ਜਿੱਤ ਪ੍ਰਾਪਤ ਕੀਤੀ। ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ 2017 ’ਚ 14 ਉਮੀਦਵਾਰਾਂ ਨੇ ਆਪਣੀ ਕਿਸਮਤ ਅਜਮਾਈ ਸੀ। ਜਦਕਿ 1977 ’ਚ 9 ,1980 ’ਚ 12, 1985 ’ਚ 12, 1992 ’ਚ 7, 1997 ’ਚ 9,2002 ’ਚ 7, 2007 ’ਚ 5, 2012 ’ਚ 5, 2022 ’ਚ 8 ਉਮੀਦਵਾਰ ਚੋਣ ਮੈਦਾਨ ਵਿੱਚ ਨਿੱਤਰੇ। ਜਦਕਿ 2025 ਦੀ ਜ਼ਿਮਨੀ ਚੋਣ ਵਿੱਚ 14 ਉਮੀਦਵਾਰ ਆਪਣੀ ਕਿਸਮਤ ਅਜਮਾ ਰਹੇ ਹਨ।



