Punjab

ਪੰਜਾਬ ‘ਚ ਹੋ ਰਹੀਆਂ ਹਨ ਨਗਰ ਕੌਂਸਲ ਚੋਣਾਂ, ਸ਼ਾਮ ਨੂੰ ਐਲਾਨੇ ਜਾਣਗੇ ਨਤੀਜੇ, ਤਰਨ ਤਾਰਨ ‘ਚ ਹੰਗਾਮੇ ਮਗਰੋਂ ਵਾਰਡ ਨੰਬਰ ਤਿੰਨ ਦੀ ਚੋਣ ਰੱਦ

ਤਰਨਤਾਰਨ 2 ਮਾਰਚ- ਨਗਰ ਕੌਂਸਲ ਚੋਣਾਂ ਲਈ ਵੋਟਿੰਗ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ। ਅੱਜ ਤਰਨਤਾਰਨ, ਡੇਰਾ ਬਾਬਾ ਨਾਨਕ ਅਤੇ ਤਲਵਾੜਾ ਵਿੱਚ ਵੋਟਾਂ ਪੈ ਰਹੀਆਂ ਹਨ। ਲੋਕ ਵੋਟ ਪਾਉਣ ਲਈ ਪੋਲਿੰਗ ਸਟੇਸ਼ਨਾਂ ‘ਤੇ ਪਹੁੰਚ ਰਹੇ ਹਨ। ਇਨ੍ਹਾਂ ਵੋਟਾਂ ਦੇ ਨਤੀਜੇ ਸ਼ਾਮ 4 ਵਜੇ ਤੱਕ ਆ ਜਾਣਗੇ। ਵੋਟਿੰਗ ਨੂੰ ਲੈ ਕੇ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਵੋਟਾਂ ਪੈਣ ਤੋਂ ਤੁਰੰਤ ਬਾਅਦ ਪੋਲਿੰਗ ਸਟੇਸ਼ਨਾਂ ‘ਤੇ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ। ਨਗਰ ਕੌਂਸਲ ਡੇਰਾ ਬਾਬਾ ਨਾਨਕ ਦੀਆਂ ਚੋਣਾਂ ਐਤਵਾਰ ਸਵੇਰੇ 7 ਵਜੇ ਸ਼ੁਰੂ ਹੋ ਗਈਆਂ ਹਨ। ਲੋਕਾਂ ਨੇ ਐਤਵਾਰ ਸਵੇਰੇ 7 ਵਜੇ ਤੋਂ ਹੀ ਵੋਟਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ। ਸਥਾਨਕ ਲੋਕ ਇਸ ਚੋਣ ਨੂੰ ਲੈ ਕੇ ਕਾਫੀ ਦਿਲਚਸਪੀ ਰੱਖ ਰਹੇ ਹਨ। ਡੇਰਾ ਬਾਬਾ ਨਾਨਕ ਵਿੱਚ 13 ਵਾਰਡ ਅਜਿਹੇ ਹਨ ਜਿੱਥੇ ਇਹ ਚੋਣਾਂ ਹੋਣੀਆਂ ਹਨ ਅਤੇ ਇਨ੍ਹਾਂ ਚੋਣਾਂ ਨੂੰ ਕਰਵਾਉਣ ਲਈ 10 ਥਾਵਾਂ ‘ਤੇ 13 ਪੋਲਿੰਗ ਬੂਥ ਬਣਾਏ ਗਏ ਹਨ। ਇਸ ਚੋਣ ਲਈ 13 ਪੋਲਿੰਗ ਪਾਰਟੀਆਂ ਤਾਇਨਾਤ ਕੀਤੀਆਂ ਗਈਆਂ ਹਨ, ਜਦਕਿ 7 ਪੋਲਿੰਗ ਪਾਰਟੀਆਂ ਨੂੰ ਰਿਜ਼ਰਵ ਰੱਖਿਆ ਗਿਆ ਹੈ। ਇਸ ਚੋਣ ਦੀ ਗੱਲ ਕਰੀਏ ਤਾਂ ਡੇਰਾ ਬਾਬਾ ਨਾਨਕ ਵਿੱਚ ਕੁੱਲ 7812 ਵੋਟਰ ਹਨ, ਜਿਨ੍ਹਾਂ ਵਿੱਚੋਂ 3992 ਪੁਰਸ਼ ਅਤੇ 3820 ਮਹਿਲਾ ਵੋਟਰ ਹਨ। ਇਸ ਚੋਣ ਵਿੱਚ ਕੁੱਲ 37 ਉਮੀਦਵਾਰ ਆਪਣੀ ਕਿਸਮਤ ਅਜ਼ਮਾ ਰਹੇ ਹਨ। ਚੋਣ ਸਵੇਰੇ 7 ਵਜੇ ਸ਼ੁਰੂ ਹੋ ਗਈ ਹੈ ਅਤੇ ਸ਼ਾਮ 4 ਵਜੇ ਤੱਕ ਵੋਟਿੰਗ ਜਾਰੀ ਰਹੇਗੀ। ਇਸ ਮੌਕੇ ਚੋਣ ਅਬਜ਼ਰਵਰ ਡਾ: ਸੇਨੂੰ ਦੁੱਗਲ ਨੇ ਹੋਰ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਚੋਣਾਂ ਦੌਰਾਨ ਰਾਜ ਚੋਣ ਕਮਿਸ਼ਨ ਦੀਆਂ ਹਦਾਇਤਾਂ ਨੂੰ ਇਨ-ਬਿਨ ਲਾਗੂ ਕੀਤਾ ਜਾਵੇ |

ਜ਼ਿਲ੍ਹਾ ਮੈਜਿਸਟ੍ਰੇਟ ਵੱਲੋਂ ਨਗਰ ਕੌਂਸਲ ਤਰਨ ਤਾਰਨ ਦੇ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਮੁਲਤਵੀ

ਨਗਰ ਕੌਂਸਲ ਤਰਨ ਤਾਰਨ ਆਮ ਚੋਣਾਂ-2025 ਮਿਤੀ 02 ਮਾਰਚ 2025 ਨੂੰ ਮਾਨਯੋਗ ਰਾਜ ਚੋਣ ਕਮਿਸ਼ਨ ਪੰਜਾਬ, ਚੰਡੀਗੜ੍ਹ ਵੱਲੋ ਦਿੱਤੇ ਗਏ ਹੁਕਮਾਂ ਮੁਤਾਬਕ ਕਰਵਾਈਆਂ ਜਾ ਰਹੀਆਂ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆ ਜਿਲ੍ਹਾ ਮੈਜਿਸਟ੍ਰੇਟ ਤਰਨ ਤਾਰਨ ਰਾਹੁਲ, ਆਈ. ਏ. ਐਸ. ਨੇ ਦੱਸਿਆ ਕਿ ਇਹਨਾਂ ਚੋਣਾਂ ਵਿੱਚ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਤਰਨ ਤਾਰਨ ਨੂੰ ਵਾਰਡ ਨੰਬਰ 1 ਤੋ 13 ਤੱਕ ਰਿਟਰਨਿੰਗ ਅਫਸਰ ਨਿਯੁਕਤ ਕੀਤਾ ਗਿਆ ਸੀ। ਪੋਲਿੰਗ ਦੌਰਾਨ ਤਕਰੀਬਨ 10.00 ਵਜੇ ਇਹ ਧਿਆਨ ਵਿੱਚ ਆਇਆ ਹੈ, ਕਿ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਵਿੱਚ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਦਾ ਚੋਣ ਨਿਸ਼ਾਨ ਗਲਤ ਛਪ ਗਿਆ ਹੈ। ਸਵੇਰੇ 9.00 ਵਜੇ ਤੱਕ ਇਹਨਾਂ ਤਿੰਨਾਂ ਬੂਥਾਂ ਵਿੱਚ ਕਾਫੀ ਵੋਟਿੰਗ ਹੋ ਚੁੱਕੀ ਹੈ। ਇਸ ਗਲਤੀ ਕਰਕੇ ਪੰਜਾਬ ਰਾਜ ਚੋਣ ਕਮਿਸ਼ਨ ਐਕਟ,1994 ਦੀ ਧਾਰਾ 58 ਤਹਿਤ ਅਤੇ ਪੰਜਾਬ ਮਿਉਂਸਪਲ ਚੋਣ ਨਿਯਮ,1994 ਦੇ ਨਿਯਮ 73 ਦੇ ਅਧੀਨ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਪ੍ਰੀਕਿਰਿਆ ਮੁਲਤਵੀ ਕੀਤੀ ਜਾਂਦੀ ਹੈ ਅਤੇ ਦੁਬਾਰਾ ਵਾਰਡ ਨੰਬਰ 3 ਦੇ ਬੂਥ ਨੰਬਰ 5, 6 ਅਤੇ 7 ਦੀ ਚੋਣ ਕਰਵਾਉਣ ਦੀ ਮਿਤੀ ਨੀਯਤ ਕਰਨ ਲਈ ਪੰਜਾਬ ਰਾਜ ਚੋਣ ਕਮਿਸ਼ਨ ਨੂੰ ਲਿਖਿਆ ਗਿਆ ਹੈ।

ਤਰਨ ਤਾਰਨ ਨਗਰ ਕੌਂਸਲ ਚੋਣ 2025

ਤਰਨ ਤਾਰਨ ਨਗਰ ਕੌਂਸਲ ਚੋਣਾਂ ਲਈ ਸਵੇਰੇ 7 ਵਜੇ ਤੋਂ ਪੋਲਿੰਗ ਦਾ ਕੰਮ ਸ਼ੁਰੂ ਹੋ ਚੁੱਕਾ ਹੈ। ਇਸ ਲੋਕਤੰਤਰ ਵਿੱਚ ਹਿੱਸਾ ਲੈਣ ਲਈ ਜਿੱਥੇ ਨਵੇਂ ਵੋਟਰ ਪਹੁੰਚ ਰਹੇ ਹਨ ਉੱਥੇ ਹੀ ਬਜ਼ੁਰਗ ਵੀ ਆਪਣੇ ਪਰਿਵਾਰ ਸਮੇਤ ਵੋਟ ਪਾਉਣ ਲਈ ਬੂਥਾ ਤੇ ਪੁੱਜ ਰਹੇ ਹਨ। ਤਰਨ ਤਾਰਨ ਦੀਆਂ ਨਗਰ ਕੌਂਸਲ ਚੋਣਾਂ ਦੌਰਾਨ ਬੂਥ ਨੰਬਰ ਤਿੰਨ ਅਤੇ ਛੇ ਤੋਂ ਭਾਜਪਾ ਦਾ ਸਿੰਬਲ ਈਵੀਐਮ ਮਸ਼ੀਨਾਂ ਤੋਂ ਹਟਾ ਦਿੱਤੇ ਜਾਣ ਦੇ ਰੋਸ ਵਜੋਂ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਸੰਧੂ ਦੀ ਅਗਵਾਈ ਹੇਠ ਵੱਡੀ ਗਿਣਤੀ ‘ਚ ਇਕੱਤਰ ਹੋਏ ਭਾਜਪਾ ਵਰਕਰਾਂ ਨੇ ਆਮ ਆਦਮੀ ਪਾਰਟੀ ਅਤੇ ਸਰਕਾਰ ਦੇ ਨਾਲ ਨਾਲ ਪ੍ਰਸ਼ਾਸਨ ਖਿਲਾਫ ਜਮ ਕੇ ਨਾਅਰੇਬਾਜ਼ੀ ਕੀਤੀ ਉਹਨਾਂ ਨੇ ਕਿਹਾ ਕਿ ਚੋਣ ਨਿਸ਼ਾਨ ਹਟਾ ਦੇਣਾ ਸਿੱਧੇ ਤੌਰ ‘ਤੇ ਲੋਕਤੰਤਰ ਦਾ ਘਾਣ ਹੈ ਅਤੇ ਆਮ ਆਦਮੀ ਪਾਰਟੀ ਚੋਣਾਂ ਲੜਨ ਤੋਂ ਭੱਜ ਰਹੀ ਹੈ।

Related Articles

Leave a Reply

Your email address will not be published. Required fields are marked *

Back to top button