
ਜਲੰਧਰ, 15 ਅਗਸਤ : ਪੰਜਾਬ ’ਚ ਵੀਰਵਾਰ ਨੂੰ ਕਈ ਜ਼ਿਲ੍ਹਿਆਂ ’ਚ ਸਾਰਾ ਦਿਨ ਬਾਰਿਸ਼ ਹੋਈ। ਸਾਉਣ ’ਚ ਹੋਈ ਭਾਰੀ ਬਾਰਿਸ਼ ਦੇ ਕਾਰਨ ਸ਼ਹਿਰਾਂ ਦੇ ਨਾਲ-ਨਾਲ ਹਾਈਵੇ ’ਚ ਪਾਣੀ ਭਰਨ ਦੇ ਕਾਰਨ ਆਵਾਜਾਈ ਪ੍ਰਭਾਵਿਤ ਰਹੀ। ਪਹਾੜਾਂ ’ਚ ਹੋ ਰਹੀ ਬਾਰਿਸ਼ ਦੇ ਕਾਰਨ ਪੌਂਗ ਡੈਮ ਦਾ ਪਾਣੀ ਦਾ ਪੱਧਰ ਵੀਰਵਾਰ ਨੂੰ 1377.19 ਫੁੱਟ ਤੱਕ ਪਹੁੰਚ ਗਿਆ। ਡੈਮ ਤੋਂ ਪਾਣੀ ਛੱਡੇ ਜਾਣ ਕਾਰਨ ਬਿਆਸ ਦਰਿਆ ਖ਼ਤਰੇ ਦੇ ਨਿਸ਼ਾਨ ਤੋਂ ਉੱਪਰ ਵਹਿ ਰਿਹਾ ਹੈ। ਕਪੂਰਥਲਾ, ਹੁਸ਼ਿਆਰਪੁਰ, ਗੁਰਦਾਸਪੁਰ, ਅੰਮਿ੍ਰਤਸਰ, ਫ਼ਾਜ਼ਿਲਕਾ ਤੇ ਫ਼ਿਰੋਜ਼ਪੁਰ ’ਚ ਹੜ੍ਹ ਵਰਗੇ ਹਾਲਾਤ ਬਣੇ ਹੋਏ ਹਨ। ਕਪੂਰਥਲਾ ’ਚ 48 ਘੰਟਿਆਂ ਦੇ ਅੰਦਰ ਤੀਜਾ ਕੱਚਾ ਬੰਨ੍ਹ ਟੁੱਟਣ ਨਾਲ ਲਗਪਗ 30 ਤੋਂ ਜ਼ਿਆਦਾ ਪਿੰਡ ਪਾਣੀ ਵਿਚ ਘਿਰ ਗਏ ਹਨ। ਇੱਥੋਂ ਦੇ ਲੋਕ ਸੁਰੱਖਿਅਤ ਥਾਵਾਂ ’ਤੇ ਹਿਜਰਤ ਕਰ ਰਹੇ ਹਨ। ਮੌਸਮ ਵਿਭਾਗ ਨੇ ਸੂਬੇ ’ਚ ਸ਼ੁੱਕਰਵਾਰ ਤੇ ਸ਼ਨਿਚਰਵਾਰ ਨੂੰ ਭਾਰੀ ਬਾਰਿਸ਼ ਨੂੰ ਲੈ ਕੇ ਯੈਲੋ ਅਲਰਟ ਜਾਰੀ ਕੀਤਾ ਹੈ। ਵੀਰਵਾਰ ਨੂੰ ਹੁਸ਼ਿਆਰਪੁਰ ’ਚ ਸਭ ਤੋਂ ਜ਼ਿਆਦਾ 62 ਐੱਮਐੱਮ ਬਾਰਿਸ਼ ਰਿਕਾਰਡ ਕੀਤੀ ਗਈ, ਜਦਕਿ ਲੁਧਿਆਣਾ ’ਚ 39.6, ਅੰਮਿ੍ਰਤਸਰ ’ਚ 14 ਐੱਮਐੱਮ, ਸ਼ਹੀਦ ਭਗਤ ਸਿੰਘ ਨਗਰ ’ਚ 15 ਐੱਮਐੱਮ, ਰੂਪਨਗਰ ’ਚ 10.5 ਐੱਮਐੱਮ, ਸੰਗਰੂਰ ’ਚ 6 ਐੱਮਐੱਮ ਤੇ ਫ਼ਰੀਦਕੋਟ ’ਚ 5 ਐੱਮਐੱਮ ਬਾਰਿਸ਼ ਹੋਈ। ਬਿਆਸ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਕਪੂਰਥਲਾ ਦੇ ਸੁਲਤਾਨਪੁਰ ਲੋਧੀ ਹਲਕੇ ਦਾ ਮੰਡ ਇਲਾਕਾ ਪਾਣੀ ਵਿਚ ਡੁੱਬ ਚੁੱਕਾ ਹੈ। ਪਿੰਡ ਭੈਣੀ ਕਾਦਰ, ਪਿੰਡ ਮਹੀਵਾਲ ਤੋਂ ਬਾਅਦ ਵੀਰਵਾਰ ਨੂੰ ਮੰਡ ਸ਼ੇਰਪੁਰ ਦੇ ਨਜ਼ਦੀਕ ਇਕ ਹੋਰ ਆਰਜ਼ੀ ਬੰਨ੍ਹ ਟੁੱਟ ਗਿਆ, ਜਿਸ ਨਾਲ ਮੰਡ ਇਲਾਕੇ ਦੇ ਕਈ ਪਿੰਡਾਂ ’ਚ ਪਾਣੀ ਭਰਨ ਦੇ ਨਾਲ-ਨਾਲ ਤਰਨਤਾਰਨ ਜ਼ਿਲ੍ਹੇ ਦੇ ਕਈ ਪਿੰਡਾਂ ’ਚ ਵੀ ਹੜ੍ਹ ਦਾ ਖ਼ਤਰਾ ਪੈਦਾ ਹੋ ਗਿਆ ਹੈ। 7,000 ਏਕੜ ’ਚ ਫ਼ਸਲ ਪਾਣੀ ਵਿਚ ਡੁੱਬ ਗਈ ਹੈ। ਝੋਨਾ, ਬਾਸਮਤੀ, ਮੱਕੀ, ਗੰਨੇ ਦੀ ਫ਼ਸਲ ਦੇ ਨਾਲ-ਨਾਲ ਪਸ਼ੂਆਂ ਦਾ ਚਾਰਾ ਪ੍ਰਭਾਵਿਤ ਹੋ ਗਿਆ ਹੈ। ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਹੜ੍ਹ ਪ੍ਰਭਾਵਿਤ ਇਲਾਕਿਆਂ ’ਚ ਬਚਾਅ ਕਾਰਜਾਂ ’ਚ ਲੱਗੇ ਹੋਏ ਹਨ। ਉਨ੍ਹਾਂ ਦੀ ਟੀਮ ਨੇ ਹੁਣ ਤੱਕ 125 ਤੋਂ ਜ਼ਿਆਦਾ ਲੋਕਾਂ ਨੂੰ ਹੜ੍ਹ ਪ੍ਰਭਾਵਿਤ ਇਲਾਕਿਆਂ ਤੋਂ ਕੱਢ ਕੇ ਸੁਰੱਖਿਅਤ ਥਾਵਾਂ ਤੱਕ ਪਹੁੰਚਾਇਆ ਹੈ। ਡੀਸੀ ਅਮਿਤ ਕੁਮਾਰ ਪੰਚਾਲ ਨੇ ਵੀਰਵਾਰ ਨੂੰ ਹੜ੍ਹ ਪ੍ਰਭਾਵਿਤਾਂ ਦੀ ਮਦਦ ਲਈ ਲਖਵਰਿਆ ਦੇ ਸਰਕਾਰੀ ਹਾਈ ਸਕੂਲ ’ਚ ਰਾਹਤ ਕੈਂਪ ਸਥਾਪਤ ਕੀਤਾ ਹੈ। ਉੱਧਰ, ਸਤਲੁਜ ਦਰਿਆ ਦੇ ਪਾਣੀ ਦਾ ਪੱਧਰ ਵਧਣ ਨਾਲ ਫ਼ਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਇਲਾਕੇ ਦੇ ਕਈ ਪਿੰਡ ਹੜ੍ਹ ਦੀ ਲਪੇਟ ਵਿਚ ਆ ਗਏ ਹਨ। ਸੜਕ ਟੁੱਟਣ ਨਾਲ ਪਿੰਡ ਆਤੂਵਾਲਾ ਆਉਣ-ਜਾਣ ਦਾ ਰਸਤਾ ਬੰਦ ਹੋ ਗਿਆ ਹੈ। ਬੱਚੇ ਸਕੂਲ ਨਹੀਂ ਪਹੁੰਚ ਪਾ ਰਹੇ ਤੇ ਲੋਕ ਬੇੜੀਆਂ ਦੇ ਸਹਾਰੇ ਆਵਾਜਾਈ ਕਰ ਰਹੇ ਹਨ।
ਪਾਕਿਸਤਾਨ ਜਾ ਰਿਹਾ ਹੈ 66 ਹਜ਼ਾਰ ਕਿਊਸਕ ਪਾਣੀ
ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡੇ ਜਾਣ ਦੇ ਕਾਰਨ ਵੀਰਵਾਰ ਨੂੰ ਹਰੀਕੇ ਹੈੱਡ ਵਰਕਸ ’ਤੇ 90 ਹਜ਼ਾਰ ਕਿਊਸਕ ਪਾਣੀ ਡਾਊਨ ਸਟ੍ਰੀਮ ’ਚ ਛੱਡਿਆ ਗਿਆ ਹੈ, ਜਿਹੜਾ ਪਾਕਿਸਤਾਨ ਪਹੁੰਚੇਗਾ। ਫ਼ਿਰੋਜ਼ਪੁਰ ਤੇ ਰਾਜਸਥਾਨ ਫੀਡਰ ’ਚ 17 ਹਜ਼ਾਰ ਕਿਊਸਕ ਪਾਣੀ ਛੱਡਿਆ ਜਾ ਰਿਹਾ ਹੈ। ਵੀਰਵਾਰ ਨੂੰ ਫ਼ਿਰੋਜ਼ਪੁਰ ਦੀ ਡਿਪਟੀ ਕਮਿਸ਼ਨਰ ਦੀਪਸ਼ਿਖ਼ਾ ਸ਼ਰਮਾ ਤੇ ਤਰਨਤਾਰਨ ਦੇ ਡਿਪਟੀ ਕਮਿਸ਼ਨਰ ਐੱਸ ਰਾਹੁਲ ਨੇ ਸਾਂਝੇ ਤੌਰ ’ਤੇ ਹਰੀਕੇ ਹੈੱਡ ਵਰਕਸ ਦਾ ਦੌਰਾ ਕਰ ਕੇ ਜਾਇਜ਼ਾ ਲਿਆ। ਉਨ੍ਹਾਂ ਨੇ ਲੋਕਾਂ ਨੂੰ ਅਫ਼ਵਾਹਾਂ ਤੋਂ ਬਚਣ ਦੀ ਅਪੀਲ ਕੀਤੀ ਹੈ।
ਧਨੋਆ ਪੱਤਣ ਪੁਲ ਦੇ ਸਪੈਨ ’ਚ ਪਈ ਦਰਾਰ, ਭਾਰੀ ਗੱਡੀਆਂ ਦੀ ਆਵਾਜਾਈ ਰੋਕੀ
ਦਰਿਆ ਬਿਆਸ ਦੇ ਤੇਜ਼ ਵਹਾਅ ਕਾਰਨ ਗੁਰਦਾਸਪੁਰ-ਹੁਸ਼ਿਆਰਪੁਰ ਦੇ ਨਾਲ ਜੋੜਨ ਵਾਲੇ ਕਾਹਨੂੰਵਾਨ ’ਚ ਬਣੇ ਧਨੋਆ ਪੱਤਣ ਪੁਲ ਦੇ ਇਸ ਸਪੈਨ ’ਚ ਦਰਾਰ ਪੈ ਗਈ ਹੈ। ਪ੍ਰਸ਼ਾਸਨ ਨੇ ਪੁਲ ਤੋਂ ਭਾਰੀ ਗੱਡੀਆਂ ਦੀ ਆਵਾਜਾਈ ਰੋਕ ਦਿੱਤੀ ਹੈ। 2016 ’ਚ ਤੱਤਕਾਲੀ ਅਕਾਲੀ-ਭਾਜਪਾ ਗੱਠਜੋੜ ਸਰਕਾਰ ਨੇ ਇਸ ਪੁਲ ਦਾ ਨਿਰਮਾਣ 48 ਕਰੋੜ ਰੁਪਏ ਦੀ ਲਾਗਤ ਨਾਲ ਕਰਾਇਆ ਸੀ। ਪੁਲ ਦਾ ਜ਼ਿਆਦਾ ਹਿੱਸਾ ਜ਼ਿਲ੍ਹਾ ਹੁਸ਼ਿਆਰਪੁਰ ’ਚ ਆਉਂਦਾ ਹੈ।



