
ਨਵੀਂ ਦਿੱਲੀ, 17 ਜਨਵਰੀ : ਪਾਕਿਸਤਾਨ ਦੀ ਖੁਫ਼ੀਆ ਏਜੰਸੀ ਆਈਐੱਸਆਈ ਦੀਆਂ ਹਰ ਤਰ੍ਹਾਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਪੰਜਾਬ ਦੇ ਨੌਜਵਾਨਾਂ ਨੇ ਖ਼ਾਲਿਸਤਾਨ ਦੀ ਮੁਹਿੰਮ ਨੂੰ ਪੂਰੀ ਤਰ੍ਹਾਂ ਠੁਕਰਾ ਦਿੱਤਾ ਹੈ। ਅਲੱਗ ਰਾਸ਼ਟਰ ਦੇ ਵਿਚਾਰ ਨੂੰ ਸਮਰਥਨ ਨਾ ਮਿਲਣ ਕਾਰਨ ਏਜੰਸੀ ਦਾ ਮਿਸ਼ਨ ਬੁਰੀ ਤਰ੍ਹਾਂ ਨਾਕਾਮ ਹੋ ਗਿਆ ਹੈ। ਇਸ ਤੋਂ ਨਿਰਾਸ਼ ਆਈਐੱਸਆਈ ਹੁਣ ਡਰੱਗਸ ਤੇ ਹਥਿਆਰਾਂ ਜ਼ਰੀਏ ਪੰਜਾਬ ਦਾ ਮਾਹੌਲ ਵਿਗਾੜਨ ਦੀ ਨਵੀਂ ਸਾਜ਼ਿਸ਼ ਰਚ ਰਹੀ ਹੈ। ਇਸ ਮੁਹਿੰਮ ਦੀ ਅਗਵਾਈ ਬੱਬਰ ਖ਼ਾਲਸਾ ਇੰਟਰਨੈਸ਼ਨਲ (ਬੀਕੇਆਈ) ਨੂੰ ਸੌਂਪੀ ਗਈ ਹੈ ਜਿਸ ਦਾ ਮਕਸਦ ਸੂਬੇ ’ਚ ਵੱਡੇ ਪੱਧਰ ’ਤੇ ਨਸ਼ੇ ਅਤੇ ਗ਼ੈਰ-ਕਾਨੂੰਨੀ ਹਥਿਆਰ ਭੇਜਣੇ ਹਨ ਤਾਂ ਜੋ ਨੌਜਵਾਨਾਂ ਨੂੰ ਪੈਸੇ ਦਾ ਲਾਲਚ ਦੇ ਕੇ ਨਾਲ ਜੋੜ ਕੇ ਖ਼ਾਲਿਸਤਾਨ ਅੰਦੋਲਨ ਨੂੰ ਮੁੜ ਜ਼ਿੰਦਾ ਕੀਤਾ ਜਾ ਸਕੇ। ਇੰਟੈਲੀਜੈਂਸ ਬਿਊਰੋ ਦੇ ਸੂਤਰਾਂ ਮੁਤਾਬਕ, ਕੈਨੇਡਾ ਸਣੇ ਵਿਦੇਸ਼ਾਂ ਵਿਚ ਬੈਠੇ ਖ਼ਾਲਿਸਤਾਨੀ ਅਨਸਰ ਆਈਐੱਸਆਈ ’ਤੇ ਲਗਾਤਾਰ ਦਬਾਅ ਬਣਾ ਰਹੇ ਹਨ ਕਿਉਂਕਿ ਪੰਜਾਬ ਵਿਚ ਉਨ੍ਹਾਂ ਦੀ ਯੋਜਨਾ ਜ਼ਮੀਨ ’ਤੇ ਨਹੀਂ ਉਤਰ ਰਹੀ। ਕੇਂਦਰੀ ਏਜੰਸੀਆਂ ਅਤੇ ਪੰਜਾਬ ਪੁਲਿਸ ਦੀ ਸਖ਼ਤੀ ਨੇ ਵੱਖਵਾਦੀ ਨੈੱਟਵਰਕ ਨੂੰ ਕਾਫੀ ਹੱਦ ਤੱਕ ਨਾਕਾਮ ਕਰ ਦਿੱਤਾ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪੰਜਾਬ ਦੇ ਨੌਜਵਾਨਾਂ ਨੇ ਸਾਫ਼ ਤੌਰ ’ਤੇ ਕੱਟੜਪੰਥੀ ਵਿਚਾਰਧਾਰਾ ਖ਼ਾਰਜ ਕਰ ਦਿੱਤੀ ਹੈ। ਬਜ਼ੁਰਗ ਪੀੜ੍ਹੀ ਨੇ ਵੀ 1980-90 ਦੇ ਦੌਰ ਦੇ ਮਾੜੇ ਨਤੀਜਿਆਂ ਦੀ ਯਾਦ ਦਿਵਾ ਕੇ ਨੌਜਵਾਨਾਂ ਨੂੰ ਇਸ ਤੋਂ ਦੂਰ ਰੱਖਿਆ ਹੈ। ਸੂਤਰਾਂ ਮੁਤਾਬਕ, ਲਾਹੌਰ ਦੀ ਗੁਲਬਰਗ ਕਾਲੋਨੀ ਵਿਚ ਹੋਈ ਇਕ ਬੈਠਕ ਵਿਚ ਨਵੀਂ ਰਣਨੀਤੀ ’ਤੇ ਚਰਚਾ ਹੋਈ। ਬੈਠਕ ’ਚ ਇਹ ਫ਼ੈਸਲਾ ਕੀਤਾ ਗਿਆ ਕਿ ਵਿਚਾਰਧਾਰਾ ਨਾਲ ਕੰਮ ਨਾ ਬਣਨ ਕਾਰਨ ਹੁਣ ਪੈਸੇ ਅਤੇ ਨਸ਼ੇ ਦਾ ਖੁੱਲ੍ਹ ਕੇ ਇਸਤੇਮਾਲ ਕੀਤਾ ਜਾਵੇਗਾ। ਬੀਕੇਆਈ ਨੇ ਆਈਐੱਸਆਈ ਤੋਂ ਮਿਲੇ ਡਰੱਗਸ ਤੇ ਹਥਿਆਰ ਲਾਹੌਰ, ਇਸਲਾਮਾਬਾਦ ਤੇ ਫੈਜ਼ਾਬਾਦ ਵਿਚ ਆਪਣੇ ਗੋਦਾਮਾਂ ਵਿਚ ਜਮ੍ਹਾਂ ਕੀਤੇ ਹੋਏ ਹਨ। ਇਹਨਾਂ ਖੇਪਾਂ ਨੂੰ ਪੰਜਾਬ ਸਰਹੱਦ ਜ਼ਰੀਏ ਭਾਰਤ ਭੇਜਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਨਾਲ ਹੀ ਕੁਝ ਮਾਲ ਜੰਮੂ-ਕਸ਼ਮੀਰ ਵਿਚ ਖਪਾਉਣ ਦੀ ਯੋਜਨਾ ਹੈ ਤਾਂ ਜੋ ਉੱਥੇ ਵੀ ਅੱਤਵਾਦ ਨੂੰ ਹੱਲਾਸ਼ੇਰੀ ਮਿਲ ਸਕੇ। ਹਾਲਾਂਕਿ ਇੰਟਰਨੈੱਟ ਮੀਡੀਆ ’ਤੇ ਸਿੱਖਸ ਫਾਰ ਜਸਟਿਸ ਵਰਗੇ ਸੰਗਠਨਾਂ ਦਾ ਕੂੜ ਪ੍ਰਚਾਰ ਜਾਰੀ ਹੈ ਪਰ ਜ਼ਮੀਨੀ ਪੱਧਰ ’ਤੇ ਉਨ੍ਹਾਂ ਨੂੰ ਉਮੀਦ ਮੁਤਾਬਕ ਸਮਰਥਨ ਨਹੀਂ ਮਿਲ ਰਿਹਾ। ਕੌਮਾਂਤਰੀ ਅੱਤਵਾਦੀ ਧੜੇ ਆਈਐੱਸਆਈ ਤੋਂ ਲਗਾਤਾਰ ਪੁੱਛ ਰਹੇ ਹਨ ਕਿ ਭਾਰਤ ਵਿਚ ਉਨ੍ਹਾਂ ਦੀ ਰਣਨੀਤੀ ਕਿਉਂ ਨਾਕਾਮ ਹੋ ਰਹੀ ਹੈ। ਜਾਣਕਾਰੀ ਮੁਤਾਬਕ, ਖ਼ਾਲਿਸਤਾਨੀ ਅਨਸਰਾਂ ਨੂੰ ਅਟਕ, ਚੱਕਵਾਲ ਤੇ ਗੁੱਜਰਾਂਵਾਲਾ ਵਿਚ ਸਿਖਲਾਈ ਦਿੱਤੀ ਜਾ ਰਹੀ ਹੈ ਅਤੇ ਲਸ਼ਕਰ-ਏ-ਤੋਇਬਾ ਤੇ ਜੈਸ਼-ਏ-ਮੁਹੰਮਦ ਵਾਂਗ ਸਾਰੇ ਧੜਿਆਂ ਨੂੰ ਇਕਜੁੱਟ ਹੋ ਕੇ ਕੰਮ ਕਰਨ ਲਈ ਕਿਹਾ ਗਿਆ ਹੈ। ਐੱਲਓਸੀ ’ਤੇ ਸਖ਼ਤ ਚੌਕਸੀ ਕਾਰਨ ਜੰਮੂ-ਕਸ਼ਮੀਰ ’ਚ ਤਸਕਰੀ ਮੁਸ਼ਕਲ ਹੋਣ ਕਾਰਨ ਆਈਐੱਸਆਈ ਨੇ ਪੰਜਾਬ ਦਾ ਰਸਤਾ ਚੁਣਿਆ ਹੈ। ਸੁਰੱਖਿਆ ਏਜੰਸੀਆਂ ਦਾ ਮੰਨਣਾ ਹੈ ਕਿ ਇਹ ਇਕ ਤੀਰ ਨਾਲ ਦੋ ਸ਼ਿਕਾਰ ਕਰਨ ਦੀ ਕੋਸ਼ਿਸ਼ ਹੈ ਜਿਸ ਨੂੰ ਨਾਕਾਮ ਕਰਨ ਲਈ ਨਿਗਰਾਨੀ ਤੇ ਚੌਕਸੀ ਹੋਰ ਵਧਾਈ ਜਾ ਰਹੀ ਹੈ।
ਕਸ਼ਮੀਰ ’ਚ ਹਿਜ਼ਬੁਲ ਖ਼ਤਮ ਹੋਣ ਕੰਢੇ, ਆਈਐੱਸਆਈ ਨੇ ਵੀ ਲਾਇਆ ਕਿਨਾਰੇ
‘ਆਪ੍ਰੇਸ਼ਨ ਸਿੰਧੂਰ’ ਵਿਚ ਜਿਸ ਤਰ੍ਹਾਂ ਸਾਰੇ ਅੱਤਵਾਦੀ ਸੰਗਠਨਾਂ ਦੀਆਂ ਕਮਰ ਟੁੱਟੀ ਹੈ, ਉਹ ਹਾਲੇ ਤੱਕ ਉੱਭਰ ਨਹੀਂ ਸਕੇ। ਹਿਜ਼ਬੁਲ ਮੁਜਾਹਿਦੀਨ ਨੂੰ ਅਜਿਹੀ ਮਾਰ ਪਈ ਕਿ ਉਹ ਖ਼ਤਮ ਹੋਣ ਕੰਢੇ ਪੁੱਜ ਗਿਆ ਹੈ। ਸਈਅਦ ਸਲਾਹੁਦੀਨ ਦੀ ਅਗਵਾਈ ਵਾਲੇ ਇਸ ਸੰਗਠਨ ਨੇ ਆਪਣੀਆਂ ਸਾਰੀਆਂ ਸਰਗਰਮੀਆਂ ’ਤੇ ਰੋਕ ਲਗਾ ਦਿੱਤੀ ਹੈ। ਇੱਥੋਂ ਤੱਕ ਕਿ ਸੰਗਠਨ ਆਈਐੱਸਆਈ ਦੇ ਇਸ਼ਾਰੇ ’ਤੇ ਆਨਲਾਈਨ ਪ੍ਰਾਪੇਗੰਡਾ ਮੁਹਿੰਮ ਵੀ ਨਹੀਂ ਚਲਾ ਪਾ ਰਿਹਾ। ਇਸ ਦਾ ਨਤੀਜਾ ਇਹ ਹੈ ਕਿ ਆਈਐੱਸਆਈ ਨੇ ਖ਼ੁਦ ਹੀ ਇਸ ਸੰਗਠਨ ਤੋਂ ਹੱਥ ਖਿੱਚ ਲਏ ਹਨ। ਹੁਣ ਇਸ ਨੂੰ ਕੋਈ ਕੰਮ ਨਹੀਂ ਦਿੱਤਾ ਜਾ ਰਿਹਾ। ਅੱਤਵਾਦ ਰੋਕੂ ਮਾਹਰਾਂ ਦਾ ਮੰਨਣਾ ਹੈ ਕਿ ਅਜਿਹਾ ਜਾਣਬੁੱਝ ਕੇ ਕੀਤਾ ਜਾ ਰਿਹਾ ਹੈ। ਆਈਐੱਸਆਈ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਜੰਮੂ-ਕਸ਼ਮੀਰ ਦੇ ਸਥਾਨਕ ਲੋਕਾਂ ਨੇ ਹਿੰਸਾ ਤੋਂ ਕਿਨਾਰਾ ਕਰ ਲਿਆ ਹੈ। ਇਸ ਨਾਲ ਸਥਾਨਕ ਅੱਤਵਾਦੀਆਂ ਦੀ ਗਿਣਤੀ ਵਿਚ ਵੱਡੀ ਗਿਰਾਵਟ ਆਈ ਹੈ। ਜੰਮੂ-ਕਸ਼ਮੀਰ ਵਿਚ ਓਵਰਗਰਾਊਂਡ ਵਰਕਰ ਭਲੇ ਹੀ ਮੌਜੂਦ ਹੋਣ ਪਰ ਭਰਤੀਆਂ ਬਹੁਤ ਹੀ ਘੱਟ ਹੋ ਗਈਆਂ ਹਨ। ਹੁਣ ਨਾ ਤਾਂ ਨੌਜਵਾਨ ਹਥਿਆਰ ਉਠਾ ਰਹੇ ਹਨ ਅਤੇ ਨਾ ਹੀ ਪੱਥਰਬਾਜ਼ੀ ਲਈ ਅੱਗੇ ਆ ਰਹੇ ਹਨ। ਵਿਚਾਰਧਾਰਾ ਦੇ ਪੱਧਰ ’ਤੇ ਵੀ ਉਹ ਵੱਖਵਾਦ ਤੋਂ ਦੂਰ ਹੋ ਰਹੇ ਹਨ। ਇੰਟੈਲੀਜੈਂਸ ਬਿਊਰੋ ਦੇ ਸੂਤਰਾਂ ਦਾ ਮੰਨਣਾ ਹੈ ਕਿ ਭਵਿੱਖ ਵਿਚ ਹਿਜ਼ਬੁਲ ਨੂੰ ਲਸ਼ਕਰ ਤੇ ਜੈਸ਼ ਦੇ ਨਾਲ ਜੋੜ ਕੇ ਇਸਤੇਮਾਲ ਕੀਤਾ ਜਾ ਸਕਦਾ ਹੈ ਪਰ ਇਸ ਨੂੰ ਇਕੱਲੇ ਕੋਈ ਮੁਹਿੰਮ ਨਹੀਂ ਸੌਂਪੀ ਜਾਵੇਗੀ।



