ਪੰਜਾਬ ਕਾਂਗਰਸ ਦਾ ਵੱਡਾ ਐਲਾਨ: 8 ਜਨਵਰੀ ਤੋਂ ਗੁਰਦਾਸਪੁਰ ਤੋਂ ਗੁਰੂਹਰਸਹਾਏ ਤੱਕ ਚੱਲੇਗਾ ਮਨਰੇਗਾ ਬਚਾਓ ਅੰਦੋਲਨ – ਵੜਿੰਗ

ਲੁਧਿਆਣਾ, 29 ਦਸੰਬਰ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਤੇ ਲੋਕ ਸਭਾ ਹਲਕਾ ਲੁਧਿਆਣਾ ਤੋਂ ਐਮਪੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਅੱਜ ਇੱਥੇ ਬੱਚਤ ਭਵਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਐਲਾਨ ਕੀਤਾ ਕਿ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਮਨਰੇਗਾ ਦਾ ਨਾਮ ਜੀ ਰਾਮ ਜੀ ਵਿਕਸਤ ਭਾਰਤ ਯੋਜਨਾ ਰੱਖਣ ਦੇ ਵਿਰੁੱਧ 8 ਜਨਵਰੀ ਤੋਂ ਪੰਜਾਬ ਅੰਦਰ ਸੰਘਰਸ਼ ਕਰੇਗੀ। ਉਹਨਾਂ ਕਿਹਾ ਕਿ ਰੋਜ਼ਾ ਪਹਿਲਾ ਗੇੜ 8 ਜਨਵਰੀ ਨੂੰ ਗੁਰਦਾਸਪੁਰ ਤੋ ਸੰਘਰਸ਼ ਸ਼ੁਰੂ ਹੋਵੇਗਾ। ਜਿਸ ਦੀ ਗੁਰੂਹਰਸਹਾਏ ਵਿਖੇ ਸਮਾਪਤੀ ਹੋਵੇਗੀ। ਉਸ ਤੋਂ ਬਾਅਦ ਅਗਲੇ ਗੇੜ ਦੀ ਸ਼ੁਰੂਆਤ ਕੀਤੀ ਜਾਵੇਗੀ। ਵੜਿੰਗ ਨੇ ਕਿਹਾ ਕਿ ਇਸ ਮੁੱਦੇ ਤੇ ਕਾਂਗਰਸ ਪਾਰਟੀ ਵੱਲੋਂ ਭਾਰਤੀ ਜਨਤਾ ਪਾਰਟੀ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੇ ਘਰਾਂ ਦਾ ਘਿਰਾਓ ਕੀਤਾ ਜਾਵੇਗਾ ਅਤੇ ਜਦੋਂ ਤੱਕ ਕੇਂਦਰ ਸਰਕਾਰ ਵੱਲੋਂ ਇਸ ਨਵੇਂ ਆਰਡੀਨੈਂਸ ਨੂੰ ਵਾਪਸ ਨਹੀਂ ਲਿਆ ਜਾਂਦਾ, ਉਦੋਂ ਤੱਕ ਕਾਂਗਰਸ ਪਾਰਟੀ ਹਰ ਪੱਧਰ ਤੇ ਸੰਘਰਸ਼ ਵਿੱਢੇਗੀ। ਉਹਨਾਂ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੋਵੇਂ ਹੀ ਪੰਜਾਬ ਦੇ ਲੋਕਾਂ ਨੂੰ ਮੂਰਖ ਬਣਾ ਰਹੇ ਹਨ। ਉਹਨਾਂ ਕਿਹਾ ਕਿ ਉਹ ਇਸ ਵਧੀਕੀ ਨੂੰ ਕਿਸੇ ਵੀ ਕੀਮਤ ਤੇ ਬਰਦਾਸ਼ਤ ਨਹੀਂ ਕਰਨਗੇ। ਉਨਾਂ ਕਿਹਾ ਕਿ ਪਹਿਲਾ ਮਨਰੇਗਾ ਯੋਜਨਾ ਤਹਿਤ 10 ਫੀਸਦੀ ਹਿੱਸਾ ਰਾਜ ਸਰਕਾਰ ਤੇ 90 ਫੀਸਦੀ ਹਿੱਸਾ ਕੇਂਦਰ ਸਰਕਾਰ ਵੱਲੋਂ ਪਾਇਆ ਜਾਂਦਾ ਸੀ, ਪਰ ਨਵੇਂ ਕਾਨੂੰਨ ਮੁਤਾਬਕ 40 ਫੀਸਦੀ ਹਿੱਸਾ ਰਾਜ ਸਰਕਾਰ ਤੇ 60 ਫੀਸਦੀ ਹਿੱਸਾ ਕੇਂਦਰ ਸਰਕਾਰ ਵੱਲੋਂ ਪਾਇਆ ਜਾਵੇਗਾ। ਜੋ ਕਿ ਪੰਜਾਬ ਸਮੇਤ ਹੋਰਨਾਂ ਰਾਜਾਂ ਨਾਲ ਕੇਂਦਰ ਸਰਕਾਰ ਦੀ ਵੱਡੀ ਵਧੀਕੀ ਹੈ, ਜਿਸ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਹਨਾਂ ਕਿਹਾ ਕਿ ਆਮ ਆਦਮੀ ਪਾਰਟੀ ਵੱਲੋਂ ਜੋ ਵਿਧਾਨਸਭਾ ਦਾ ਇਜਲਾਸ ਬੁਲਾ ਕੇ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਹੈ,ਉਸ ਦਾ ਸੱਚ ਵੀ ਲੋਕਾਂ ਸਾਹਮਣੇ ਲਿਆਂਦਾ ਜਾਵੇਗਾ। ਇਸ ਮੌਕੇ ਸੰਜੇ ਤਲਵਾੜ, ਰਕੇਸ਼ ਪਾਂਡੇ, ਕੁਲਦੀਪ ਸਿੰਘ ਵੈਦ, ਸਿਮਰਜੀਤ ਸਿੰਘ ਬੈਂਸ, ਜਥੇਦਾਰ ਬਲਵਿੰਦਰ ਸਿੰਘ ਬੈਂਸ, ਮਲਕੀਤ ਸਿੰਘ ਦਾਖਾ, ਮੇਜਰ ਸਿੰਘ ਮੁੱਲਾਂਪੁਰ ਆਦਿ ਹਾਜ਼ਰ ਸਨ।



