
ਨਡਾਲਾ, 2 ਅਕਤੂਬਰ : ਮਸ਼ਹੂਰ ਪੰਜਾਬੀ ਗਾਇਕ ਸੁਰਿੰਦਰ ਸਿੰਘ ਬਾਕਰਪੁਰੀ ਨੇ ਤੜਕੇ ਆਪਣੇ ਜੀਵਨ ਦੀ ਇਤਸ਼ੀ ਹੋ ਕੇ ਫਾਹਾ ਲੈ ਕੇ ਖ਼ੁਦਕੁਸ਼ੀ ਕਰ ਲਈ। ਇਹ ਦੁਖਦਾਈ ਘਟਨਾ ਕਪੂਰਥਲਾ ਜ਼ਿਲ੍ਹੇ ਦੇ ਪਿੰਡ ਬਾਕਰਪੁਰ ’ਚ ਵਾਪਰੀ । ਮ੍ਰਿਤਕ ਦੀ ਧੀ ਬਲਵਿੰਦਰ ਕੌਰ ਨੇ ਦੱਸਿਆ ਕਿ ਉਸਦੇ ਪਿਤਾ ਪਿਛਲੇ ਕੁਝ ਮਹੀਨਿਆਂ ਤੋਂ ਪਿੰਡ ਦੇ ਕੁਝ ਲੋਕਾਂ ਵਲੋਂ ਲਗਾਤਾਰ ਤੰਗ ਕੀਤੇ ਜਾ ਰਹੇ ਸਨ, ਜਿਸ ਕਾਰਨ ਉਹ ਮਨੋਵਿਗਿਆਨਕ ਤੌਰ ‘ਤੇ ਬਹੁਤ ਪਰੇਸ਼ਾਨ ਰਹਿੰਦੇ ਸਨ। ਬਲਵਿੰਦਰ ਕੌਰ ਅਨੁਸਾਰ, ਅੱਜ ਤੜਕੇ ਤਕਰੀਬਨ 3 ਵਜੇ ਉਸਦੀ ਮਾਤਾ ਨੇ ਵੇਖਿਆ ਕਿ ਸੁਰਿੰਦਰ ਸਿੰਘ ਆਪਣੇ ਬਿਸਤਰ ‘ਤੇ ਮੌਜੂਦ ਨਹੀਂ ਸਨ। ਤਲਾਸ਼ ਕਰਨ ‘ਤੇ ਉਹ ਛੱਤ ਉੱਪਰੋਂ ਖੇਤਾਂ ਵੱਲ ਬਨੇਰੇ ਨਾਲ ਲਟਕਦੇ ਹੋਏ ਮਿਲੇ। ਸੂਚਨਾ ਮਿਲਣ ਤੇ ਭੁਲੱਥ ਪੁਲਿਸ ਮੌਕੇ ’ਤੇ ਪਹੁੰਚੀ ਅਤੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟ ਮਾਰਟਮ ਲਈ ਕਪੂਰਥਲਾ ਮੋਰਚਰੀ ਭੇਜ ਦਿੱਤਾ ਗਿਆ। ਭੁਲੱਥ ਥਾਣੇ ਦੇ ਮੁੱਖੀ ਰਣਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਮੌਕੇ ਤੋਂ ਕੋਈ ਸੁਸਾਈਡ ਨੋਟ ਨਹੀਂ ਮਿਲਿਆ।ਉਨ੍ਹਾਂ ਦੱਸਿਆ ਕਿ ਪੋਸਟ ਮਾਰਟਮ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪੀ ਜਾਵੇਗੀ ਅਤੇ ਪਰਿਵਾਰ ਵੱਲੋਂ ਦਿੱਤੇ ਜਾਣ ਵਾਲੇ ਬਿਆਨਾਂ ਦੀ ਰੋਸ਼ਨੀ ‘ਚ ਅਗਲੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ । ਇਸ ਹਾਦਸੇ ਨੇ ਪਿੰਡ ਵਿੱਚ ਸੋਗ ਦੀ ਲਹਿਰ ਛਾ ਦਿੱਤੀ ਹੈ। ਸਥਾਨਕ ਲੋਕ ਅਤੇ ਸਾਹਿਤਕ ਤੇ ਸੰਗੀਤ ਪ੍ਰੇਮੀ ਇਸ ਅਚਾਨਕ ਹੋਈ ਘਟਨਾ ਤੋਂ ਹੈਰਾਨ ਅਤੇ ਦੁਖੀ ਹਨ।



