ਪੰਜਾਬੀ ਯੂਨੀਵਰਸਿਟੀ ਦੀ ਗ੍ਰਾਂਟ ’ਚ ਕੀਤਾ 5 ਫੀਸਦੀ ਵਾਧਾ, ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਦਾ ਕੀਤਾ ਧੰਨਵਾਦ

ਪਟਿਆਲਾ, 27 ਮਾਰਚ-ਪੰਜਾਬ ਸਰਕਾਰ ਦੇ ਬਜਟ 2025-26 ਵਿਚ ਪੰਜਾਬੀ ਯੂਨੀਵਰਸਿਟੀ ਨੂੰ ਵੀ ਤਰਜੀਹ ਦਿੱਤੀ ਗਈ ਹੈ। ਬਜਟ ਵਿਚ ਯੂਨੀਵਰਸਿਟੀ ਦੀ ਸੈਲਰੀ ਗ੍ਰਾਂਟ ਵਿਚ ਪੰਜ ਪ੍ਰਤੀਸ਼ਤ ਵਾਧਾ ਕਰਨ ਦੇ ਨਾਲ ਨਵਾਂ ਹੋਸਟਲ ਬਣਾਉਣ ਲਈ ਫੰਡ ਦਿੱਤੇ ਗਏ ਹਨ। ਸਰਕਾਰ ਵੱਲੋਂ ਪੰਜਾਬੀ ਯੂਨੀਵਰਸਿਟੀ ਨੂੰ ਕਰੀਬ 375 ਕਰੋੜ ਸਾਲਾਨਾ ਸੈਲਰੀ ਗ੍ਰਾਂਟ ਦਿੱਤੀ ਜਾਂਦੀ ਸੀ, ਜਿਸ ਨੂੰ ਵਧਾ ਕੇ 393.75 ਕਰੋੜ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ ’ਵਰਸਿਟੀ ਵਿਚ ਮਾਤਾ ਤਿ੍ਪਤ ਕੌਰ ਲੜਕੀਆਂ ਦਾ ਹੋਸਟਲ ਬਣਾਉਣ ਲਈ 10 ਕਰੋੜ ਦੇ ਫੰਡ ਦੇਣ ਦਾ ਐਲਾਨ ਕੀਤਾ ਗਿਆ ਹੈ। ਜਾਣਕਾਰੀ ਅਨੁਸਾਰ ਕਰੀਬ 89 ਕਰੋੜ ਦੇ ਘਾਟੇ ਵਿਚ ਚੱਲ ਰਹੀ ਪੰਜਾਬੀ ਯੂਨੀਵਰਸਿਟੀ ਵਿਚ ਕੱਚੇ ਤੇ ਪੱਕੇ ਮੁਲਾਜ਼ਮਾਂ ਦੀ ਤਨਖਾਹ ਪ੍ਰਤੀ ਮਹੀਨਾ 32 ਕਰੋੜ ਰੁਪਏ ਅਤੇ ਪੈਨਸ਼ਨਾਂ ਦਾ ਕਰੀਬ ਸਾਢੇ ਅੱਠ ਕਰੋੜ ਖਰਚਾ ਹੁੰਦਾ ਹੈ। ਇਨਾਂ ਤੋਂ ਇਲਾਵਾ ਹੋਰ ਵੀ ਕਈ ਖਰਚੇ ਹਨ। ਸੈਲਰੀ ਗ੍ਰਾਂਟ ਵਿਚ ਵਾਧੇ ਨਾਲ ਕਰਮਚਾਰੀਆਂ ਨੂੰ ਸਮੇਂ ਸਿਰ ਤਨਖਾਹਾਂ ਮਿਲਣ ਦਾ ਆਸ ਹੋ ਗਈ ਹੈ। ਇਸ ਦੇ ਨਾਲ ਹੀ ’ਵਰਸਿਟੀ ਨੂੰ ਤਰੱਕੀਆਂ ਤੇ ਤਨਖਾਹਾਂ ਵਿਚ ਹੋਣ ਵਾਲੇ ਵਾਧਿਆਂ ਨਾਲ ਜੂਝਣ ਵਿਚ ਸੌਖ ਹੋਵੇਗੀ। ਹੋਸਟਲਾਂ ਦੀ ਘਾਟ ਦਾ ਸਾਹਮਣਾ ਕਰਨ ਵਾਲੇ ਵਿਦਿਆਰਥੀਆਂ ਨੂੰ ਵੀ ਰਾਹਤ ਮਿਲੇਗੀ। ਲੰਮੇ ਸਮੇਂ ਤੋਂ ਵਿਦਿਆਰੀਆਂ ਵੱਲੋਂ ਹੋਸਟਲ ਵਿਚ ਕਮਰੇ ਨਾ ਮਿਲਣ ਕਰਕੇ ’ਵਰਸਿਟੀ ਤੋਂ ਬਾਹਰ ਮਹਿੰਗੇ ਕਮਰੇ ਲੈ ਕੇ ਰਹਿਣਾ ਪੈ ਰਿਹਾ ਸੀ। ਦੂਰ-ਦੁਰਾਡੇ ਤੋਂ ਪੰਜਾਬੀ ਯੂਨੀਵਰਸਿਟੀ ਵਿਚ ਪੜ੍ਹਨ ਲਈ ਆਉਣ ਵਾਲੀਆਂ ਲੜਕੀਆਂ ਲਈ ਹੋਸਟਲ ’ਚ ਕਮਰਾ ਹਾਸਲ ਕਰਨਾ ਸਭ ਤੋਂ ਵੱਧ ਚਣੌਤੀ ਬਣਿਆ ਹੋਇਆ ਸੀ। ਇਸ ਸਮੱਸਿਆ ’ਤੇ ਗੌਰ ਕਰਦਿਆਂ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਵਿਚ ਲੜਕੀਆਂ ਦੇ ਹੋਸਟਲ ਦੀ ਉਸਾਰੀ ਲਈ 10 ਕਰੋੜ ਦੀ ਰਾਸ਼ੀ ਦੇਣ ਦਾ ਐਲਾਨ ਕੀਤਾ ਗਿਆ ਹੈ। ਪੰਜਾਬੀ ਯੂਨੀਵਰਸਿਟੀ ਪ੍ਰਸ਼ਾਸਨ ਨੇ ਪੰਜਾਬ ਸਰਕਾਰ ਵੱਲੋਂ ਗ੍ਰਾਂਟ ਵਿਚ ਕੀਤੇ ਵਾਧੇ ਅਤੇ ਹੋਸਟਲ ਲਈ ਫੰਡ ਦੇਣ ’ਤੇ ਧੰਨਵਾਦ ਕੀਤਾ ਹੈ। ’ਵਰਸਿਟੀ ਪ੍ਰਸ਼ਾਸਨ ਅਨੁਸਾਰ ਤਨਖਾਹ ਗ੍ਰਾਂਟ ਵਿਚ ਕੀਤਾ ਵਾਧਾ ਯੂਨੀਵਰਸਿਟੀ ਦੇ ਵਿੱਤੀ ਪ੍ਰਬੰਧਾਂ ਵਿਚ ਸੁਧਾਰ ਨੂੰ ਹੁਲਾਰਾ ਦੇਵੇਗਾ। ਆਉਣ ਵਾਲੇ ਦਿਨਾਂ ਵਿਚ ਤਰੱਕੀਆਂ, ਭੱਤੇ ਤੇ ਤਨਖਾਹਾਂ ਵਿਚ ਹੋਣ ਵਾਲੇ ਵਾਧੇ ਨਾਲ ਨਜਿੱਠਣ ਵਿਚ ਆਸਾਨੀ ਹੋਵੇਗੀ। ਸਰਕਾਰ ਵੱਲੋਂ ’ਵਰਸਿਟੀ ਲਈ ਕੀਤੇ ਜਾ ਰਹੇ ਉਪਰਾਲੇ ਉਤਸ਼ਾਹਪੂਰਨ ਹਨ, ਇਸ ਲਈ ’ਵਰਸਿਟੀ ਆਪਣੇ ਵਸੀਲਿਆਂ ਤੋਂ ਆਮਦਨ ਵਧਾਉਣ ਵਿਚ ਵੀ ਉਤਸ਼ਾਹ ਮਿਲਦਾ ਹੈ। ਪਿਛਲੇ ਸਮੇਂ ਦੌਰਾਨ ’ਵਰਸਿਟੀ ਨੇ ਵਸੀਲਿਆਂ ਨਾਲ 150 ਕਰੋੜ ਵਾਲੇ ਕਰਜ਼ੇ ਵਿਚੋਂ ਪੰਜ ਕਰੋੜ ਤੋਂ ਵੱਧ ਰਾਸ਼ੀ ਦੀ ਅਦਾਇਗੀ ਕਰਕੇ ਆਪਣਾ ਬੋਝ ਹਲਕਾ ਕੀਤਾ ਹੈ। ਸਰਕਾਰ ਦੇ ਸਹਿਯੋਗ ਨਾਲ ਆਉਣ ਵਾਲੇ ਸਮੇਂ ਵਿਚ ਵੀ ਆਪਣੇ ਵਸੀਲਿਆਂ ਤੋਂ ਆਮਦਨ ਵਿਚ ਵਾਧਾ ਕਰਕੇ ਕਰਜ਼ੇ ਘਟਾਉਣ ਲਈ ਉਪਰਾਲੇ ਕੀਤੇ ਜਾਣਗੇ।



