
ਮੋਗਾ, 15 ਜੁਲਾਈ : ਰਾਜ ਚੋਣ ਕਮਿਸ਼ਨ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਜ਼ਿਲ੍ਹਾ ਮੋਗਾ ਵਿਚ ਰਹਿੰਦੀਆਂ ਪੰਚਾਇਤੀ ਚੋਣਾਂ ਕਰਵਾਉਣ ਦਾ ਅਮਲ ਸ਼ੁਰੂ ਹੋ ਚੁੱਕਾ ਹੈ। ਮੋਗਾ ਵਿਚ 1 ਸਰਪੰਚ ਅਤੇ 46 ਪੰਚਾਂ ਦੀਆਂ ਖਾਲੀ ਸੀਟਾਂ ਭਰਨ ਲਈ ਨਾਮਜਦਗੀ ਪੱਤਰ ਪ੍ਰਾਪਤ ਕੀਤੇ ਜਾ ਰਹੇ ਹਨ। ਇਸ ਸਬੰਧੀ ਤਿਆਰੀਆਂ ਦਾ ਜਾਇਜ਼ਾ ਲੈਣ ਅਤੇ ਜਰੂਰੀ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਡੀਸੀ ਮੋਗਾ ਸਾਗਰ ਸੇਤੀਆ ਵੱਲੋਂ ਸਮੂਹ ਐੱਸਡੀਐੱਮਜ਼, ਰਿਟਰਨਿੰਗ ਅਫ਼ਸਰਾਂ, ਸਹਾਇਕ ਰਿਟਰਨਿੰਗ ਅਫ਼ਸਰਾਂ ਅਤੇ ਪੁਲਿਸ ਵਿਭਾਗ ਨਾਲ ਵਿਸ਼ੇਸ ਮੀਟਿੰਗ ਕੀਤੀ। ਇਸ ਮੀਟਿੰਗ ਦੌਰਾਨ ਜਾਣਕਾਰੀ ਦਿੰਦਿਆਂ ਏਡੀਸੀ ਪੇਂਡੂ ਵਿਗਾਸ ਮੋਗਾ ਜਗਵਿੰਦਰਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਮੋਗਾ-1 ਬਲਾਕ ਨਾਲ ਸਬੰਧਤ ਉਮੀਦਵਾਰਾਂ ਦੀਆਂ ਨਾਮਦਗੀਆਂ ਦਫਤਰ ਨਗਰ ਨਿਗਮ ਮੋਗਾ ਦੇ ਕਮਰਾ ਨੰਬਰ 19 ਵਿਖੇ, ਮੋਗਾ-2 ਨਾਲ ਸਬੰਧਤ ਉਮੀਦਵਾਰਾਂ ਦੀਆਂ ਨਾਮਜਦਗੀਆਂ ਦਫਤਰ ਉਸਾਰੀ ਉਪ ਮੰਡਲ ਨੰ.1, ਪੀਡਬਲਿਯੂਡੀ ਰੈਸਟ ਹਾਊਸ ਗੋਧੇਵਾਲਾ ਸਟੇਡੀਅਮ ਵਿਖੇ, ਬਾਘਾਪੁਰਾਣਾ ਨਾਲ ਸਬੰਧਤ ਉਮੀਦਵਾਰਾਂ ਦੀਆਂ ਨਾਮਜਦਗੀਆਂ ਦਫਤਰ ਉਪ ਮੰਡਲ ਅਫ਼ਸਰ, ਪੰਜਾਬ ਮੰਡੀ ਬੋਰਡ ਬਾਘਾਪੁਰਾਣਾ ਵਿਖੇ ਅਤੇ ਧਰਮਕੋਟ ਐਟ ਕੋਟ ਈਸੇ ਖਾਂ ਬਲਾਕ ਦੇ ਉਮੀਦਵਾਰਾਂ ਦੀਆਂ ਨਾਮਜਦਗੀਆਂ ਮਾਰਕਿਟ ਕਮੇਟੀ ਕੋਟ ਈਸੇ ਖਾਂ ਦੇ ਦਫਤਰ ਵਿਖੇ ਪ੍ਰਾਪਤ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਚੋਣਾਂ ਲਈ ਲੋੜੀਂਦੇ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਨਾਮਦਗੀਆਂ 17 ਜੁਲਾਈ ਤੱਕ ਲਈਆਂ ਜਾਣਗੀਆਂ। ਨਾਮਜ਼ਦਗੀਆਂ ਪ੍ਰਾਪਤ ਕਰਨ ਦਾ ਸਮਾਂ 11 ਤੋਂ 3 ਵਜੇ ਤੱਕ ਦਾ ਨਿਰਧਾਰਿਤ ਕੀਤਾ ਗਿਆ ਹੈ। ਪ੍ਰਾਪਤ ਹੋਈਆਂ ਕੁੱਲ ਨਾਮਜਦਗੀਆਂ ਦੀ 18 ਜੁਲਾਈ ਨੂੰ ਪੜਤਾਲ ਕੀਤੀ ਜਾਵੇਗੀ ਅਤੇ 19 ਜੁਲਾਈ ਨੂੰ 3 ਵਜੇ ਤੱਕ ਨਾਮਜਦਗੀਆਂ ਵਾਪਿਸ ਲਈਆਂ ਜਾ ਸਕਣਗੀਆਂ। 27 ਜੁਲਾਈ ਨੂੰ ਸਵੇਰੇ 8 ਤੋਂ ਸ਼ਾਮ 4 ਵਜੇ ਤੱਕ ਵੋਟਿੰਗ ਪ੍ਰਕਿਰਿਆ ਕਰਵਾਈ ਜਾਵੇਗੀ। ਉਮੀਦਵਾਰ ਵੋਟਰ ਲਿਸਟਾਂ ਅਤੇ ਪੋਲਿੰਗ ਬੂਥਾਂ ਦੀ ਜਾਣਕਾਰੀ ਸੰਬੰਧਤ ਐੱਸਡੀਐੱਮ ਦਫਤਰ ਤੋਂ ਪ੍ਰਾਪਤ ਕਰ ਸਕਦੇ ਹਨ। ਏਡੀਸੀ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਦੌਰਾਨ ਲੋਕਾਂ ਦੀਆਂ ਸ਼ਿਕਾਇਤਾਂ ਦਾ ਪਹਿਲ ਤੇ ਨਿਪਟਾਰਾ ਕਰਨ ਲਈ ਜ਼ਿਲ੍ਹਾ ਪੱਧਰੀ ਸ਼ਿਕਾਇਤ ਸੈੱਲ ਦਾ ਗਠਨ ਵੀ ਕੀਤਾ ਜਾ ਚੁੱਕਾ ਹੈ ਜੇਕਰ ਕਿਸੇ ਨੂੰ ਚੋਣਾਂ ਸਬੰਧੀ ਸ਼ਿਕਾਇਤ ਹੈ ਤਾਂ ਇਸ ਨੰਬਰ ਉਪਰ ਸੰਪਰਕ ਕੀਤਾ ਜਾ ਸਕਦਾ ਹੈ।



