
ਤਪਾ ਮੰਡੀ, 19 ਅਗਸਤ : ਬੀਤੀ ਰਾਤ ਬਰਨਾਲਾ ਬਠਿੰਡਾ ਮੁੱਖ ਮਾਰਗ ’ਤੇ ਓਵਰਬ੍ਰਿਜ ਨਜ਼ਦੀਕ ਸਬਜ਼ੀ ਦੀ ਭਰੀ ਪੈਂਚਰ ਹੋਈ ਪਿਕਅੱਪ ਗੱਡੀ ਹੇਠਾਂ ਜੈਕ ਲਗਾ ਰਹੇ ਨੌਜਵਾਨ ਦੀ ਇਕ ਹੋਰ ਪਿਕਅਪ ਗੱਡੀ ਦੇ ਟਕਰਾ ਜਾਣ ਕਾਰਨ ਮੌਤ ਹੋ ਗਈ। ਘਟਨਾ ਸਬੰਧੀ ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਤਿਗੁਰ ਸਿੰਘ ਨੇ ਦੱਸਿਆ ਕਿ ਪੁਲਿਸ ਕੋਲ ਮ੍ਰਿਤਕ ਕਸ਼ਮੀਰ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਫਕੀਰਾ ਵਾਲੀ ਬੇਰੀ, ਨੇੜੇ ਪਿੰਡ ਨਕੋੜਾ ਤਹਿਸੀਲ ਰਾਣੀਆ ਜ਼ਿਲ੍ਹਾ ਸਿਰਸਾ ਦੇ ਭਰਾ ਰਾਜਵੀਰ ਸਿੰਘ ਨੇ ਪੁਲਿਸ ਕੋਲ ਬਿਆਨ ਕਲਮਬੱਧ ਕਰਵਾਏ ਹਨ ਕਿ ਉਹ ਅਤੇ ਉਸਦਾ ਛੋਟਾ ਭਰਾ ਕਸ਼ਮੀਰ ਸਿੰਘ ਤਲਵੰਡੀ ਜ਼ਿਲ੍ਹਾ ਬਠਿੰਡਾ ਤੋਂ ਸਬਜ਼ੀ ਦੀ ਗੱਡੀ ਭਰਕੇ ਵਾਇਆ ਤਪਾ ਹੋ ਕੇ ਸ਼ਹਿਰ ਬਰਨਾਲਾ ਤੋਂ ਮੋਗਾ ਜਾ ਰਹੇ ਸੀ ਤਾਂ ਜਦੋਂ ਉਹ ਓਵਰਬ੍ਰਿਜ ਨੇੜੇ ਪੁੱਜੇ ਤਾਂ ਉਨ੍ਹਾਂ ਦੀ ਗੱਡੀ ਦਾ ਪਿਛਲਾ ਟਾਇਰ ਪੈਂਚਰ ਹੋ ਗਿਆ ਦਾ ਪਤਾ ਲੱਗਦੇ ਹੀ ਉਨ੍ਹਾਂ ਗੱਡੀ ਨੂੰ ਸਾਈਡ ’ਤੇ ਲਗਾਇਆ ਅਤੇ ਉਸਦਾ ਭਰਾ ਕਸ਼ਮੀਰ ਸਿੰਘ ਗੱਡੀ ਦੇ ਹੇਠਾ ਜੈਕ ਲਗਾ ਕੇ ਪੈਂਚਰ ਹੋਇਆ ਟਾਇਰ ਖੋਲ੍ਹ ਰਿਹਾ ਸੀ ਕਿ ਅਚਾਨਕ ਪਿੱਛੋਂ ਇਕ ਹੋਰ ਪਿਕਅਪ ਗੱਡੀ ਨੇ ਟੱਕਰ ਮਾਰ ਦਿੱਤੀ, ਇਸ ਕਾਰਨ ਉਸਦਾ ਭਰਾ ਗੱਡੀ ਦੀ ਲਪੇਟ ’ਚ ਆ ਗਿਆ ਤੇ ਸਾਡੀ ਗੱਡੀ ਪਲਟ ਗਈ ਅਤੇ ਗੱਡੀ ‘ਚ ਲੱਦੀ ਹੋਈ ਸਬਜ਼ੀ ਦੂਰ ਤੱਕ ਬਿਖਰ ਗਈ। ਇਸ ਹਾਦਸੇ ਕਾਰਨ ਉਸਦੇ ਭਰਾ ਕਸ਼ਮੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਜਦ ਕਿ ਗੱਡੀ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਭਰਾ ਦੇ ਬਿਆਨਾਂ ਦੇ ਅਧਾਰ ’ਤੇ ਵਿਕਰਮ ਮੀਨਾ ਪੁੱਤਰ ਰਾਮ ਕਰਨ ਮੀਨਾ ਵਾਸੀ ਬੀੜ ਬਾੜੀ ਤਹਿਸੀਲ ਸ਼ਾਹਪੁਰਾ ਜ਼ਿਲ੍ਹਾ ਜੈਪੁਰ ਰਾਜਸਥਾਨ ਖ਼ਿਲਾਫ਼ ਮਾਮਲਾ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



