ਪ੍ਰੇਮਿਕਾ ਦੇ ਗਰਭਵਤੀ ਹੋਣ ਮਗਰੋਂ ਪ੍ਰੇਮੀ ਨੇ ਖੇਡੀ ਅਨੌਖੀ ਖੇਡ
ਟ੍ਰੇਨ 'ਚ ਬਿਠਾ ਕੇ ਹੋ ਗਿਆ ਰਫੂ ਚੱਕਰ; ਥਾਣੇ ਪਹੁੰਚਿਆ ਮਾਮਲਾ

ਲੁਧਿਆਣਾ, 1 ਅਕਤੂਬਰ : ਗਰਭਵਤੀ ਕਰਨ ਤੋਂ ਬਾਅਦ ਮੁਲਜਮ ਆਪਣੀ ਪ੍ਰੇਮਿਕਾ ਨੂੰ ਟ੍ਰੇਨ ਵਿੱਚ ਬਿਠਾ ਕੇ ਰਫੂ ਚੱਕਰ ਹੋ ਗਿਆ। ਮੁਲਜਮ ਲੜਕੀ ਨੂੰ ਵਿਆਹ ਕਰਵਾਉਣ ਦੀ ਗੱਲ ਕਹਿ ਕੇ ਉੱਤਰ ਪ੍ਰਦੇਸ਼ ਲੈਜਾ ਰਿਹਾ ਸੀ। ਇਸ ਮਾਮਲੇ ਵਿੱਚ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੇ ਲੁਧਿਆਣਾ ਦੇ ਇੱਕ ਮੁਹੱਲੇ ਦੀ ਰਹਿਣ ਵਾਲੀ ਲੜਕੀ ਦੀ ਸ਼ਿਕਾਇਤ ਤੇ ਗੈਸ ਮਾਰਕੀਟ ਪ੍ਰਤਾਪਗੜ੍ਹ ਉੱਤਰ ਪ੍ਰਦੇਸ਼ ਦੇ ਰਹਿਣ ਵਾਲੇ ਨਿਰਮਲ ਸਿੰਘ ਦੇ ਖਿਲਾਫ ਮੁਕਦਮਾ ਦਰਜ ਕਰ ਲਿਆ ਹੈ। ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਉਂਦਿਆਂ ਲੜਕੀ ਨੇ ਦੱਸਿਆ ਕਿ ਪਿਛਲੇ ਇੱਕ ਸਾਲ ਤੋਂ ਮੁਲਜਮ ਨਾਲ ਉਸ ਦੀ ਜਾਣ ਪਛਾਣ ਹੈ। ਕੁਝ ਹੀ ਸਮੇਂ ਬਾਅਦ ਦੋਵਾਂ ਵਿਚਕਾਰ ਪ੍ਰੇਮ ਸੰਬੰਧ ਸਥਾਪਿਤ ਹੋ ਗਏ। ਲੜਕੀ ਨੇ ਸ਼ਿਕਾਇਤ ਵਿੱਚ ਦੱਸਿਆ ਕਿ ਪਿਛਲੇ ਤਕਰੀਬਨ ਇੱਕ ਸਾਲ ਤੋਂ ਮੁਲਜਮ ਉਸਨੂੰ ਲੁਧਿਆਣਾ ਦੇ ਬੱਸ ਅੱਡਾ ਦੇ ਕੋਲ ਪੈਂਦੇ ਹੋਟਲ ਕੈਲਾਸ਼ ਵਿੱਚ ਲਿਜਾ ਰਿਹਾ ਸੀ। ਔਰਤ ਨੇ ਦੱਸਿਆ ਕਿ ਇਸ ਵੇਲੇ ਉਹ ਛੇ ਮਹੀਨਿਆਂ ਦੀ ਗਰਭਵਤੀ ਹੈ। ਉਸ ਨੇ ਜਦ ਮੁਲਜਮ ਨਿਰਮਲ ਸਿੰਘ ਨੂੰ ਵਿਆਹ ਕਰਵਾਉਣ ਲਈ ਆਖਿਆ ਤਾਂ ਉਹ ਲਾਰੇ ਲਗਾਉਣ ਲੱਗ ਪਿਆ। ਬਾਅਦ ਵਿੱਚ ਅਚਾਨਕ ਮੁਲਜਮ ਨੇ ਆਖਿਆ ਕਿ ਉਹ ਆਪਣੇ ਪਿੰਡ ਲੈਜਾ ਕੇ ਉਸ ਨਾਲ ਵਿਆਹ ਕਰਵਾਵੇਗਾ। ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਉਹ ਲੜਕੀ ਨੂੰ ਉੱਤਰ ਪ੍ਰਦੇਸ਼ ਲੈ ਜਾਣ ਲਈ ਲੁਧਿਆਣਾ ਰੇਲਵੇ ਸਟੇਸ਼ਨ ‘ਤੇ ਲੈ ਗਿਆ। ਦੋਵੇਂ ਟਰੇਨ ਵਿੱਚ ਬੈਠ ਗਏ। ਰਾਮਪੁਰ ਸਟੇਸ਼ਨ ਦੇ ਕੋਲ ਟਰੇਲ ਰੁਕਦੇ ਹੀ ਮੁਲਜਮ ਪਿਸ਼ਾਬ ਕਰਨ ਦੇ ਬਹਾਨੇ ਟਰੇਨ ਚੋਂ ਬਾਹਰ ਨਿਕਲ ਗਿਆ। ਲੜਕੀ ਲੰਮੇ ਸਮੇਂ ਤੱਕ ਰੇਲਵੇ ਸਟੇਸ਼ਨ ਤੇ ਇੰਤਜ਼ਾਰ ਕਰਦੀ ਰਹੀ ਪਰ ਮੁਲਜਮ ਵਾਪਸ ਨਹੀਂ ਆਇਆ। ਲੁਧਿਆਣਾ ਪਹੁੰਚਣ ‘ਤੇ ਲੜਕੀ ਨੇ ਇਸ ਸਬੰਧੀ ਥਾਣਾ ਡਿਵੀਜ਼ਨ ਨੰਬਰ ਪੰਜ ਦੀ ਪੁਲਿਸ ਨੂੰ ਸ਼ਿਕਾਇਤ ਦਿੱਤੀ। ਉਧਰੋਂ ਇਸ ਮਾਮਲੇ ਵਿੱਚ ਏਐਸਆਈ ਜਸਵੰਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਲੜਕੀ ਦੀ ਸ਼ਿਕਾਇਤ ‘ਤੇ ਮੁਲਜਮ ਨਿਰਮਲ ਸਿੰਘ ਦੇ ਖਿਲਾਫ ਕੇਸ ਦਰਜ ਕਰ ਲਿਆ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮ ਨੂੰ ਜਲਦੀ ਹੀ ਗ੍ਰਿਫਤਾਰ ਕੀਤਾ ਜਾਵੇਗਾ।



