ਪ੍ਰਿਤਪਾਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਹੋਇਆ ਸਸਕਾਰ
ਪਿਤਾ ਨੇ ਕਿਹਾ- ਮੈਂ ਦੂਜਾ ਪੁੱਤ ਵੀ ਦੇਸ਼ ਤੋਂ ਵਾਰਨ ਲਈ ਤਿਆਰ ਹਾਂ

ਖੰਨਾ, 10 ਅਗਸਤ : ਅੱਜ ਲਾਂਸਨਾਇਕ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਦਾ ਉਨ੍ਹਾਂ ਦੇ ਜੱਦੀ ਪਿੰਡ ਸਮਸ਼ਾਨਘਾਟ ਵਿਖੇ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ ਕੀਤਾ ਗਿਆ। ਦੇਸ਼ ਦੇ ਬਾਰਡਰਾਂ ਦੀ ਰੱਖਿਆ ਕਰਦਾ ਪਿੰਡ ਮਾਨੂੰਪੁਰ ਦਾ ਲਾਂਸਨਾਇਕ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਰੱਖੜੀ ਵਾਲੇ ਦਿਨ ਜੰਮੂ-ਕਸ਼ਮੀਰ ਦੇ ਕੁਲਗਾਮ ਵਿੱਚ ਅੱਤਵਾਦੀਆਂ ਨਾਲ ਲੋਹਾ ਲੈਂਦਾ ਹੋਇਆ ਸ਼ਹੀਦ ਹੋ ਗਿਆ ਸੀ। ਜਦੋਂ ਫੌਜ ਦੀ ਟੁੱਕੜੀ ਲਾਂਸਨਾਇਕ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਦੀ ਮ੍ਰਿਤਕ ਦੇਹ ਉਨ੍ਹਾਂ ਦੇ ਜੱਦੀ ਪਿੰਡ ਮਾਨੂੰਪੁਰ ਲੈ ਕੇ ਪਹੁੰਚੀ ਤਾਂ ਪਿੰਡ ‘ਚ ਸੋਗ ਦੀ ਲਹਿਰ ਦੌੜ ਗਈ। ਇਸ ਦੌਰਾਨ ਹਰ ਇੱਕ ਦੀ ਅੱਖ ਨਮ ਸੀ। ਉਨ੍ਹਾਂ ਨੂੰ ਅੰਤਿਮ ਸ਼ਰਧਾਜਲੀ ਦੇਣ ਲਈ ਵੱਡੀ ਗਿਣਤੀ ‘ਚ ਪੁਲਿਸ ਪ੍ਰਸ਼ਾਂਸ਼ਨ ਅਤੇ ਸਰਕਾਰੀ ਅਮਲਾ ਪਹੁੰਚਿਆ ਹੋਇਆ ਸੀ। ਸ਼ਹੀਦ ਫੌਜੀ ਨੌਜਵਾਨ ਦੀ ਮ੍ਰਿਤਕ ਦੇਹ ਨੂੰ ਅਵਾਮ ਦੇ ਦਰਸ਼ਨਾਂ ਲਈ ਰੱਖਿਆ ਗਿਆ। ਇਸ ਮੌਕੇ ਸ਼ਹੀਦ ਨੌਜਵਾਨ ਦੀ ਪਤਨੀ, ਮਾਤਾ ਅਤੇ ਭਰਾਵਾਂ ਦਾ ਰੋ-ਰੋ ਬੁਰਾ ਹਾਲ ਸੀ। ਪਰਿਵਾਰ ਨੇ ਸ਼ਹੀਦ ਨੌਜਵਾਨ ਦੀਆਂ ਨਮ ਅੱਖਾਂ ਨਾਲ ਅੰਤਿਮ ਰਸਮਾਂ ਕੀਤੀਆਂ। ਫੌਜੀ ਟੁੱਕੜੀ ਵੱਲੋਂ ਸ਼ਹੀਦ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਨੂੰ ਹਵਾਈ ਫਾਇਰ ਕਰਕੇ ਸਲਾਮੀ ਦਿੱਤੀ ਗਈ। ਇਸ ਮੌਕੇ ਸ਼ਹੀਦੀ ਪਤਨੀ ਵੱਲੋਂ ਆਪਣੇ ਸ਼ਹੀਦ ਪਤੀ ਨੂੰ ਨਮ ਅੱਖਾਂ ਨਾਲ ਆਖਰੀ ਸਲਾਮੀ ਦਿੱਤੀ ਅਤੇ ਆਪਣੇ ਪਤੀ ਦੀ ਸ਼ਹਾਦਤ ਨੂੰ ਸਲਾਮ ਕੀਤਾ। ਸ਼ਹੀਦ ਦੀ ਮਾਤਾ ਅਤੇ ਪਿਤਾ ਵੱਲੋਂ ਆਪਣੇ ਜਿਗਰ ਦੇ ਟੋਟੇ ਨੂੰ ਆਖਰੀ ਸਲਾਮੀ ਦਿੱਤੀ ਗਈ। ਪਿਤਾ ਅਤੇ ਭਰਾਵਾਂ ਵੱਲੋਂ ਸ਼ਹੀਦ ਫੌਜੀ ਨੌਜਵਾਨ ਪ੍ਰਿਤਪਾਲ ਸਿੰਘ ਦੀ ਚਿੱਖਾ ਨੂੰ ਮੁੱਖ ਅਗਨੀ ਦਿੱਤੀ ਗਈ ਪ੍ਰਿਤਪਾਲ ਸਿੰਘ ਅਮਰ ਰਹੇ ਦੇ ਨਾਅਰੇ ਲਗਾਏ ਗਏ। ਇਸ ਮੌਕੇ ਫੌਜ ਦੇ ਉੱਚ ਅਧਿਕਾਰੀ ਵੱਲੋਂ ਉਨ੍ਹਾਂ ਦੀ ਧਰਮ ਪਤਨੀ ਨੂੰ ਉਹ ਤਿਰੰਗਾ ਸੌਪਿਆ ਗਿਆ, ਜਿਸ ਵਿੱਚ ਸ਼ਹੀਦ ਦੀ ਮ੍ਰਿਤਕ ਦੇਹ ਲਿਪਟ ਕੇ ਆਪਣੇ ਘਰ ਆਈ ਸੀ। ਇਸ ਅੰਤਿਮ ਯਾਤਰਾ ‘ਚ ਵੱਡੀ ਗਿਣਤੀ ‘ਚ ਇਲਾਕੇ ਦੀਆਂ ਸਖਸ਼ੀਅਤਾਂ ਹਾਜ਼ਰੀ ਭਰੀ।
ਮੈਂ ਦੂਜਾ ਪੁੱਤ ਵੀ ਦੇਸ਼ ਤੋਂ ਵਾਰਨ ਲਈ ਤਿਆਰ ਹਾਂ – ਪਿਤਾ ਹਰਬੰਸ ਸਿੰਘ
ਇਸ ਮੌਕੇ ਸ਼ਹੀਦ ਪਿਤਾ ਨੇ ਕਿਹਾ ਕਿ ਮੈਨੂੰ ਆਪਣੇ ਪੁੱਤ ਤੇ ਮਾਣ ਹੈ ਕਿ ਉਹ ਦੇਸ਼ ਦੀ ਰੱਖਿਆ ਕਰਦੇ ਨੇ ਸ਼ਹੀਦੀ ਜਾਮ ਪੀ ਗਿਆ ਹੈ ਪਰ ਮੈਂ ਆਪਣਾ ਹੁਣ ਵੀ ਦੂਜਾ ਪੁੱਤ ਵੀ ਦੇਸ਼ ਦੀ ਰੱਖਿਆ ਲਈ ਵਾਰਨ ਨੂੰ ਤਿਆਰ ਹਾਂ। ਕੇਂਦਰ ਸਰਕਾਰ ਮੇਰੇ ਦੂਜੇ ਪੁੱਤ ਨੂੰ ਫੋਜ ਵਿੱਚ ਭਰਤੀ ਕਰੇ ਉਹ ਆਪਣੇ ਭਰਾ ਦਾ ਬਦਲਾ ਦੁਸ਼ਮਣਾਂ ਤੋਂ ਲਵੇਗਾ ਪਰ ਸੈਂਟਰ ਸਰਕਾਰ ਨੂੰ ਦੁਸ਼ਮਣ ਨਾਲ ਹੁਣ ਆਰ-ਪਾਰ ਦੀ ਲੜਾਈ ਲੜਨੀ ਚਾਹੀਦੀ ਹੈ। ਸਰਕਾਰ ਨੂੰ ਚਾਹੀਦਾ ਹੈ ਕਿ ਉਹ ਫੌਜੀ ਨੌਜਵਾਨਾਂ ਨੂੰ ਦੁਸ਼ਮਣ ਨਾਲ ਲੜਨ ਲਈ ਖੁੱਲ੍ਹਾ ਸਮਾਂ ਦੇਵੇ ਅਤੇ ਨਵੀਂ ਤਕਨੀਕ ਦੇ ਹਥਿਆਰ ਦੇਵੇ। ਇਸ ਨਾਲ ਫੌਜੀ ਨੌਜਵਾਨ ਦੁਸ਼ਮਣਾਂ ਨਾਲ ਲੜ ਸਕਣ।



