ਪ੍ਰਾਪਰਟੀ ਡੀਲਰ ਦੇ ਘਰ ‘ਤੇ ਹਮਲਾ, ਤੇਜ਼ਧਾਰ ਹਥਿਆਰਾਂ ਨਾਲ ਕੀਤੇ ਵਾਰ, ਘਰ ਦੇ ਬਾਹਰ ਖੜ੍ਹੀ ਗੱਡੀ ਦੀ ਕੀਤੀ ਭੰਨ ਤੋੜ, ਮੁਕੱਦਮਾ ਦਰਜ

ਲੁਧਿਆਣਾ, 17 ਫਰਵਰੀ- ਦੁਗਰੀ ਇਲਾਕੇ ਵਿੱਚ ਪੈਂਦੇ ਇੱਕ ਪ੍ਰਾਪਰਟੀ ਡੀਲਰ ਦੇ ਘਰ ‘ਤੇ ਹਮਲਾ ਕਰ ਦਿੱਤਾ ਗਿਆ। ਪੁਰਾਣੀ ਰੰਜਿਸ਼ ਦੇ ਚਲਦੇ ਮੁਲਜ਼ਮਾਂ ਨੇ ਪ੍ਰਾਪਰਟੀ ਡੀਲਰ ਤੇ ਤੇਜ਼ਧਾਰ ਹਥਿਆਰਾਂ ਨਾਲ ਸੱਟਾ ਮਾਰੀਆਂ ਅਤੇ ਘਰ ਦੇ ਬਾਹਰ ਖੜ੍ਹੀ ਆਈਕੋਨ ਗੱਡੀ ਤੋੜ ਦਿੱਤੀ । ਇਸ ਮਾਮਲੇ ਸਬੰਧੀ ਥਾਣਾ ਦੁਗਰੀ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਸੀਆਰਪੀਐਫ ਕਲੋਨੀ ਫੇਸ 1ਦੇ ਰਹਿਣ ਵਾਲੇ ਮਨਪ੍ਰੀਤ ਸਿੰਘ ਉਰਫ਼ ਸ਼ੈਕੀ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਚਾਰ ਵਿਅਕਤੀ ਕਾਰ ਅਤੇ ਮੋਟਰਸਾਈਕਲ ਤੇ ਸਵਾਰ ਹੋ ਕੇ ਉਸਦੇ ਘਰ ਦੇ ਬਾਹਰ ਆਏ । ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋਏ ਹਮਲਾਵਰ ਜ਼ਬਰਦਸਤੀ ਉਸਦੇ ਘਰ ਅੰਦਰ ਦਾਖਲ ਹੋ ਗਏ ਅਤੇ ਸ਼ੈਂਕੀ ਤੇ ਹਥਿਆਰਾਂ ਨਾਲ ਹਮਲਾ ਕਰ ਦਿੱਤਾ । ਸ਼ਿਕਾਇਤਕਰਤਾ ਨੇ ਦੱਸਿਆ ਕਿ ਮੁਲਜ਼ਮਾਂ ਨੇ ਉਸ ਦੇ ਘਰ ਦੇ ਬਾਹਰ ਖੜ੍ਹੀ ਫੋਡ ਆਈਕੋਨ ਗੱਡੀ ਭੰਨ੍ਹ ਦਿੱਤੀ ਅਤੇ ਜਾਨੋ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਹਮਲਾਵਰ ਮੌਕੇ ਤੋਂ ਫਰਾਰ ਹੋ ਗਏ। ਉਧਰੋਂ ਇਸ ਮਾਮਲੇ ਵਿੱਚ ਥਾਣਾ ਦੁਗਰੀ ਦੀ ਪੁਲਿਸ ਨੇ ਮਨਪ੍ਰੀਤ ਸਿੰਘ ਉਰਫ ਸ਼ੈਕੀ ਦੀ ਸ਼ਿਕਾਇਤ ਤੇ ਸੀਆਰਪੀਐਫ ਕਲੋਨੀ ਦੇ ਵਾਸੀ ਰੋਹਿਤ, ਦੁਗਰੀ ਦੇ ਰਹਿਣ ਵਾਲੇ ਜਸਵਿੰਦਰ, ਅਬਦੁੱਲਾਪੁਰ ਬਸਤੀ ਦੇ ਵਾਸੀ ਰਾਜਵੀਰ ਸਿੰਘ ਅਤੇ ਨਿਊ ਜੀਟੀਬੀ ਨਗਰ ਧਾਂਦਰਾ ਰੋਡ ਦੇ ਵਾਸੀ ਪਵਨ ਚੌਧਰੀ ਦੇ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਮੁਕੱਦਮਾ ਦਰਜ ਕਰ ਕੇ ਮੁਲਜ਼ਮਾਂ ਦੀ ਤਲਾਸ਼ ਸ਼ੁਰੂ ਕਰ ਦਿੱਤੀ ਹੈ।



