Punjab

ਪ੍ਰਤਾਪ ਬਾਜਵਾ ਦੀ ਵੀਡੀਓ ਨਾਲ ਛੇੜਛਾੜ ਦੇ ਮਾਮਲੇ ‘ਚ ‘ਆਪ’ ਆਗੂਆਂ ਨੂੰ ਨੋਟਿਸ

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 8 ਅਗਸਤ : ਚੰਡੀਗੜ੍ਹ ਦੀ ਸਾਈਬਰ ਪੁਲਿਸ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੂੰ ਨੋਟਿਸ ਜਾਰੀ ਕੀਤਾ ਹੈ। ਇਹ ਨੋਟਿਸ ਪ੍ਰਤਾਪ ਸਿੰਘ ਬਾਜਵਾ, ਨੇਤਾ ਵਿਰੋਧੀ ਧਿਰ (ਪੰਜਾਬ ਵਿਧਾਨ ਸਭਾ) ਦੇ ਇਕ ਵੀਡੀਓ ਨਾਲ ਕਥਿਤ ਤੌਰ ਤੇ ਕੀਤੀ ਗਈ ਛੇੜਛਾੜ ਦੇ ਮਾਮਲੇ ਚ ਦਿੱਤਾ ਗਿਆ ਹੈ। ਪੁਲਿਸ ਨੇ ਅਰੋੜਾ ਕੋਲੋਂ ਪਾਰਟੀ ਦੇ ਸੋਸ਼ਲ ਮੀਡੀਆ ਹੈਂਡਲ ਚਲਾਉਣ ਵਾਲੇ ਲੋਕਾਂ ਦੀ ਜਾਣਕਾਰੀ ਵੀ ਮੰਗੀ ਹੈ। ਹਾਲਾਂਕਿ, ਹੁਣ ਤੱਕ ਅਮਨ ਅਰੋੜਾ ਵੱਲੋਂ ਪੁਲਿਸ ਨੂੰ ਕੋਈ ਜਵਾਬ ਨਹੀਂ ਦਿੱਤਾ ਗਿਆ। ਇਹ ਮਾਮਲਾ 11 ਜੁਲਾਈ 2025 ਨੂੰ ਸਾਹਮਣੇ ਆਇਆ ਸੀ, ਜਦੋਂ ਚੰਡੀਗੜ੍ਹ ਸਾਈਬਰ ਪੁਲਿਸ ਨੇ ਪੰਜਾਬ ਦੇ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਤੇ ਅਮਨ ਅਰੋੜਾ ਖ਼ਿਲਾਫ਼ ਐੱਫਆਈਆਰ ਦਰਜ ਕੀਤੀ ਸੀ। ਇਹ ਸ਼ਿਕਾਇਤ ਬਾਜਵਾ ਵੱਲੋਂ 7 ਜੁਲਾਈ ਨੂੰ ਯੂਟੀ ਪੁਲਿਸ ਨੂੰ ਦਿੱਤੀ ਗਈ ਸੀ। ਬਾਜਵਾ ਨੇ ਦੱਸਿਆ ਕਿ ਪੰਜਾਬ ਵਿਜੀਲੈਂਸ ਬਿਊਰੋ ਨੇ ਬਿਕਰਮ ਮਜੀਠੀਆ ਖ਼ਿਲਾਫ਼ ਐੱਫਆਈਆਰ ਹੋਣ ਤੋਂ ਬਾਅਦ ਉਸ ਦੀ ਪਤਨੀ ਦੇ ਘਰ ਬਿਨਾਂ ਇਜਾਜ਼ਤ ਤਲਾਸ਼ੀ ਲੈ ਕੇ ਉਸ ਦੇ ਬੈੱਡਰੂਮ ਤੱਕ ਪਹੁੰਚ ਕੀਤੀ। ਉਨ੍ਹਾਂ ਇਹ ਵਿਵਹਾਰ ਇਕ ਮਹਿਲਾ ਵਿਧਾਇਕ ਨਾਲ ਅਣਉਚਿਤ ਤੇ ਕਾਨੂੰਨ ਵਿਰੁੱਧ ਦੱਸਿਆ। ਉਨ੍ਹਾਂ ਦੱਸਿਆ ਕਿ ਉਸ ਨੇ 25 ਜੂਨ 2025 ਨੂੰ ਆਪਣੇ ਅਧਿਕਾਰਕ ਐਕਸ (ਪਹਿਲਾਂ ਟਵਿੱਟਰ) ਹੈਂਡਲ ਤੋਂ 3.48 ਮਿੰਟ ਦਾ ਇਕ ਵੀਡੀਓ ਪੋਸਟ ਕੀਤਾ ਸੀ, ਜਿਸ ’ਚ ਮਹਿਲਾ ਵਿਧਾਇਕ ਨਾਲ ਹੋਈ ਕਾਰਵਾਈ ਦੀ ਆਲੋਚਨਾ ਕੀਤੀ ਗਈ ਸੀ। ਇਸ ਵੀਡੀਓ ’ਚ ਸੁਖਪਾਲ ਖਹਿਰਾ ਨਾਲ ਹੋਈ ਘਟਨਾ ਦਾ ਵੀ ਜ਼ਿਕਰ ਸੀ। ਸ਼ਿਕਾਇਤ ’ਚ ਦੱਸਿਆ ਗਿਆ ਕਿ ‘ਆਪ’ ਆਗੂਆਂ ਨੇ ਜਾਣ-ਬੁਝ ਕੇ ਵੀਡੀਓ ਨੂੰ ਐਡਿਟ ਕਰ ਕੇ ਮਹਿਲਾ ਵਿਧਾਇਕ ਗਨੀਵ ਕੌਰ ਦਾ ਨਾਂ ਤੇ ਉਨ੍ਹਾਂ ਨਾਲ ਸੰਬੰਧਤ ਹਿੱਸਾ ਹਟਾ ਦਿੱਤਾ, ਤਾਂ ਜੋ ਇਹ ਦਰਸਾਇਆ ਜਾਵੇ ਕਿ ਬਾਜਵਾ ਬਿਕਰਮ ਮਜੀਠੀਆ ਦਾ ਸਮਰਥਨ ਕਰ ਰਹੇ ਹਨ। ਇਹ ਇਲਜ਼ਾਮ ਅਰਵਿੰਦ ਕੇਜਰੀਵਾਲ, ਭਗਵੰਤ ਮਾਨ, ਹਰਪਾਲ ਚੀਮਾ, ਅਮਨ ਅਰੋੜਾ ਤੇ ਹੋਰਾਂ ’ਤੇ ਲਾਏ ਗਏ ਹਨ। ‘ਆਪ’ ਆਗੂਆਂ ਨੇ ਇਹ ਐਡਿਟ ਕੀਤਾ ਹੋਇਆ ਵੀਡੀਓ ਆਪਣੇ ਸੋਸ਼ਲ ਮੀਡੀਆ ਹੈਂਡਲਾਂ ਰਾਹੀਂ ਪੋਸਟ ਕੀਤਾ ਤੇ ਇਹ ਵਾਇਰਲ ਹੋ ਗਿਆ, ਜਿਸ ਨਾਲ ਬਾਜਵਾ ਦੇ ਸਿਆਸੀ ਅਕਸ ਨੂੰ ਨੁਕਸਾਨ ਹੋਇਆ। ਬਾਜਵਾ ਨੇ ਆਪਣੀ ਸ਼ਿਕਾਇਤ ਦੇ ਨਾਲ ਅਸਲੀ ਤੇ ਐਡਿਟ ਕੀਤਾ ਗਿਆ ਵੀਡੀਓ ਇਕ ਪੈਨਡਰਾਈਵ ’ਚ ਲਗਾ ਕੇ ਸੈਕਟਰ-3 ਥਾਣੇ ਨੂੰ ਦਿੱਤਾ ਸੀ।

Related Articles

Leave a Reply

Your email address will not be published. Required fields are marked *

Back to top button