ਪੋਤਰੇ ਨੂੰ ਰਾਜਾਸਾਂਸੀ ਏਅਰਪੋਰਟ ਤੋਂ ਵਿਦੇਸ਼ ਰਵਾਨਾ ਕਰ ਕੇ ਆ ਰਹੇ ਪਰਿਵਾਰ ਦੇ 4 ਜੀਆਂ ਦੀ ਹਾਦਸੇ ‘ਚ ਮੌਤ, ਰਾਹਗੀਰਾਂ ਨੇ ਮਸਾਂ ਕੱਢੀਆਂ ਲਾਸ਼ਾਂ

ਤਰਸਿੱਕਾ , 2 ਮਈ-ਮਹਿਤਾ-ਅੰਮ੍ਰਿਤਸਰ ਜੀਟੀ ਰੋਡ ‘ਤੇ ਸਥਿਤ ਢਪਈਆ ਜੀਵਨ ਪੰਧੇਰ ਪੈਟਰੋਲ ਪੰਪ ਨੇੜੇ ਇਕ ਟਿੱਪਰ ਤੇ ਵਰਨਾ ਕਾਰ ‘ਚ ਜ਼ਬਰਦਸਤ ਟੱਕਰ ਦੌਰਾਨ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਤ ਹੋ ਗਈ। ਇਕੱਤਰ ਜਾਣਕਾਰੀ ਅਨੁਸਾਰ ਗੁਰਦੇਵ ਸਿੰਘ ਪੁੱਤਰ ਜਗੀਰ ਸਿੰਘ ਅੰਮ੍ਰਿਤਸਰ ਵੱਲੋਂ ਆਪਣੇ ਪੋਤਰੇ ਨੂੰ ਬਾਹਰਲੇ ਦੇਸ਼ ਲਈ ਹਵਾਈ ਅੱਡਾ ਰਾਜਾਸਾਂਸੀ ਤੋਂ ਚੜ੍ਹਾ ਕੇ ਵਾਪਸ ਆ ਰਹੇ ਸਨ। ਜਦੋਂ ਪਿੰਡ ਜੀਵਨ ਪੰਧੇਰ ਨੇੜੇ ਪਹੁੰਚੇ ਤਾਂ ਮਹਿਤਾ ਵੱਲੋਂ ਆ ਰਹੇ ਟਿੱਪਰ ਨੰਬਰ ਪੀਬੀ 02 – ਈਪੀ.3020 ਨਾਲ ਵਰਨਾ ਕਾਰ ਨੰਬਰ ਪੀਬੀ.07 ਏਜੀ 5956 ਸਿੱਧੀ ਜਾ ਟਕਰਾਈ ਜਿਸ ਵਿਚ ਬੈਠੇ ਇੱਕੋ ਪਰਿਵਾਰ ਦੇ ਚਾਰ ਜੀਆਂ ਦੀ ਮੌਕੇ ‘ਤੇ ਮੌਤ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਟਿੱਪਰ ਵੀ ਪਲਟ ਗਿਆ ਤੇ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਨੇ ਕਾਫੀ ਜਦੋਜਹਿਦ ਮਗਰੋਂ ਕਾਰ ‘ਚੋਂ ਲਾਸ਼ਾਂ ਨੂੰ ਬਾਹਰ ਕੱਢਿਆ। ਥਾਣਾ ਤਰਸਿੱਕਾ ਦੇ ਐਸਐਚਓ ਬਲਵਿੰਦਰ ਸਿੰਘ ਬਾਜਵਾ ਪੁਲਿਸ ਪਾਰਟੀ ਸਮੇਤ ਮੌਕੇ ‘ਤੇ ਪਹੁੰਚ ਕੇ ਗੁਰਦੇਵ ਸਿੰਘ (60) ਪੁੱਤਰ ਜਗੀਰ ਸਿੰਘ, ਮਲਕੀਤ ਕੌਰ (40) ਪਤਨੀ ਗੁਰਦੇਵ ਸਿੰਘ ,ਪਰਮਜੀਤ ਕੌਰ (70) ਪਤਨੀ ਭੁਪਿੰਦਰ ਸਿੰਘ, ਬਲਪੁਰੀਆ, ਧਰਮਿੰਦਰ ਸਿੰਘ (35) ਪੁੱਤਰ ਅਜਮੇਰ ਸਿੰਘ, ਮ੍ਰਿਤਕਾਂ ਦੀ ਪਛਾਣ ਪਿੰਡ ਭੋਮਾ ਬੋਜਾ ਨੇੜੇ ਘੁਮਾਣ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ। ਟਿੱਪਰ ਵਾਲਾ ਮੌਕੇ ਤੋਂ ਫਰਾਰ ਹੋ ਗਿਆ। ਇਸ ਮੌਕੇ ਥਾਣਾ ਤਰਸਿੱਕਾ ਦੇ ਐਸਐਚਓ ਬਲਵਿੰਦਰ ਸਿੰਘ ਬਾਜਵਾ ਨੇ ਕਿਹਾ ਕਿ ਲਾਸ਼ਾਂ ਦਾ ਪੋਸਟਮਾਰਟਮ ਕਰਵਾ ਕੇ ਵਾਰਸਾਂ ਹਵਾਲੇ ਕਰ ਦਿੱਤੀਆਂ ਜਾਣਗੀਆਂ।



