Punjab

ਪੁਲਿਸ ਹਿਰਾਸਤ ’ਚ ਮੌਤ ਦਾ ਮਾਮਲਾ: ਜਨਤਕ ਧਿਰਾਂ ਵੱਲੋਂ ਸੰਘਰਸ਼ ਤਹਿਤ ਗੋਨਿਆਣਾ ਬੰਦ ਦਾ ਸੱਦਾ

ਬਠਿੰਡਾ, 29 ਮਈ 2025:ਸੀਆਈਏ ਸਟਾਫ 2 ਬਠਿੰਡਾ ਦੀ ਪੁਲਿਸ ਹਿਰਾਸਤ ਵਿੱਚ ਹੋਈ ਨਰਿੰਦਰ ਦੀਪ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਓਮੈਕਸ ਕਲੋਨੀ ਗੋਨਿਆਣਾ ਦੀ ਮੌਤ ਮਾਮਲੇ ਵਿੱਚ ਅੱਜ 30 ਮਈ ਦਿਨ ਸ਼ੁੱਕਰਵਾਰ ਨੂੰ ਗੋਨਿਆਣਾ ਮੰਡੀ ਮੁਕੰਮਲ ਤੌਰ ਤੇ ਬੰਦ ਰੱਖਣ ਦਾ ਸੱਦਾ ਦਿੱਤਾ ਗਿਆ। ਪੁਲਿਸ ਨੇ ਪ੍ਰੀਵਾਰ ਦੇ ਦਬਾਅ ਤਹਿਤ ਪੁਲਿਸ ਨੇ ਚਾਰ ਪੁਲਿਸ ਮੁਲਾਜ਼ਮਾਂ ਸਮੇਤ ਛੇ ਵਿਅਕਤੀਆਂ ਖਿਲਾਫ ਗੈਰ ਇਰਾਦਾ ਕਤਲ ਦੀ ਧਾਰਾ ਤਹਿਤ ਮੁਕੱਦਮਾ ਦਰਜ ਕਰ ਲਿਆ ਸੀ ਪਰ ਹੁਣ ਤੱਕ ਕੋਈ ਵੀ ਗ੍ਰਿਫਤਾਰੀ ਨਹੀਂ ਕੀਤੀ ਗਈ ਜੋ ਰੋਸ ਦਾ ਕਾਰਨ ਬਣੀ ਹੈ। ਅੱਜ ਕਿਸਾਨ, ਸਿਆਸੀ, ਕਾਰੋਬਾਰੀ, ਸਮਾਜਿਕ ,ਧਾਰਮਿਕ ਅਤੇ ਮਜਦੂਰ ਜਥੇਬੰਦੀਆਂ ਤੋਂ ਇਲਾਵਾ ਇਨਸਾਫਪਸੰਦ ਲੋਕਾਂ ਨੇ ਟਿਕਾਣਾ ਭਾਈ ਜਗਤਾ ਜੀ ਵਿਖੇ ਵੱਡਾ ਇਕੱਠ ਕੀਤਾ ਅਤੇ ਦੋਸ਼ੀਆਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਆਗੂਆਂ ਨੇ ਇਹ ਵੀ ਮੰਗ ਉਠਾਈ ਕਿ ਇਸ ਨੌਜਵਾਨ ਨੂੰ ਕਤਲ ਕਰਨ ਵਾਲਿਆਂ ਨੂੰ ਸਖਤ ਤੇ ਮਿਸਾਲੀ ਸਜ਼ਾਵਾਂ ਦਿਵਾਈਆਂ ਜਾਣ।  ਇਸ ਮੌਕੇ ਬੁਲਾਰਿਆਂ ਨੇ ਸੰਬੋਧਨ ਕਰਦਿਆਂ 30 ਮਈ ਨੂੰ ਗੋਨਿਆਣਾ ਸ਼ਹਿਰ ਦੀਆਂ ਸਾਰੀਆਂ ਦੁਕਾਨਾਂ ਬੰਦ ਕਰਨ ਦੀ ਅਪੀਲ ਕੀਤੀ। ਬੁਲਾਰਿਆਂ ਨੇ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ, ਡੀਜੀਪੀ ਪੰਜਾਬ, ਐਸਐਸਪੀ ਬਠਿੰਡਾ ਅਤੇ ਹੋਰ ਪੁਲਿਸ ਅਧਿਕਾਰੀਆਂ ਨੂੰ ਨਸ਼ਾਨ ਬਣਾਉਂਦਿਆਂ ਕਿਹਾ ਕਿ ਹੁਣ ਪੰਜਾਬ ਪੂਰੀ ਤਰਾਂ ਪੁਲਿਸ ਸਟੇਟ ਵਿੱਚ ਤਬਦੀਲ ਹੋ ਚੁੱਕਿਆ ਹੈ ਜਿਸ ਦੇ ਚੱਲਦਿਆਂ ਪੁਲਿਸ ਜਬਰ ਦੀਆਂ ਘਟਨਾਵਾਂ ਆਮ ਹਨ । ਬੁਲਾਰਿਆਂ ਨੇ ਇਸ ਮੌਕੇ ਸੀ ਆਈਏ ਸਟਾਫ 2 ਦੇ ਇੰਚਾਰਜ ਨੂੰ ਵੀ ਇਸ ਕੇਸ ਵਿੱਚ ਨਾਮਜ਼ਦ ਕਰਨ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਇੰਚਾਰਜ ਦੀ ਇਜਾਜ਼ਤ ਤੋਂ ਬਿਨਾਂ ਪੁਲਿਸ  ਕਿਸੇ ਵੀ ਵਿਅਕਤੀ ਨੂੰ ਅੰਦਰ ਦਾਖਲ ਨਹੀਂ ਹੋਣ ਦਿੰਦੀ ਤੇ ਨਾ ਹੀ ਤਸ਼ੱਦਦ ਕੀਤਾ ਜਾਂਦਾ ਹੈ। ਬੁਲਾਰਿਆਂ ਨੇ ਚਿਤਾਵਨੀ ਭਰੇ ਲਹਿਜ਼ੇ ’ਚ ਕਿਹਾ ਕਿ ਜੇਕਰ ਮੰਗਾਂ ਨਾਂ ਮੰਨੀਆਂ ਤਾਂ ਸੰਘਰਸ਼ ਦਾ ਦਾਇਰਾ ਮੋਕਲਾ ਕੀਤਾ ਜਾਏਗਾ ਜਿਸ ਦੇ ਸਿੱਟਿਆਂ ਪ੍ਰਤੀ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਜਿੰਮੇਵਾਰ ਹੋਵੇਗਾ। ਮ੍ਰਿਤਕ ਨਰਿੰਦਰ ਦੀਪ ਦੇ ਪਿਤਾ ਰਣਜੀਤ ਸਿੰਘ ਨੇ ਭਾਵੁਕ ਹੁੰਦਿਆਂ ਕਿਹਾ ਕਿ ਉਨ੍ਹਾਂ ਦੇ ਲੜਕੇ ਨੂੰ ਪੁਲਿਸ ਨੇ ਬਠਿੰਡਾ ਤੋਂ ਚੁੱਕ ਲਿਆ ਅਤੇ ਬੁੱਚੜਾਂ ਵਾਂਗ ਜਬਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ। ਉਨ੍ਹਾਂ ਕਿਹਾ ਕਿ ਪੁਲਿਸ ਦੀ ਦੀਦਾ ਦਲੇਰੀ ਦੇਖੋ ਪਹਿਲਾਂ ਇਸ ਕਤਲ ਨੂੰ ਹਾਦਸਾ ਬਨਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਜਦੋਂ ਮੌਤ ਦੀ ਵਜਾਹ ਸਾਹਮਣੇ ਆਉਣ ਤੇ ਮੁਕੱਦਮਾ ਤਾਂ ਦਰਜ ਕਰ ਲਿਆ ਪਰ ਹੁਣ ਇੱਕ ਸਾਜਿਸ਼ ਤਹਿਤ ਗ੍ਰਿਫਤਾਰੀਆਂ ਨਹੀਂ ਕੀਤੀ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪੁਲਿਸ ਨੂੰ ਸਿੱਧੇ ਤੌਰ ਤੇ ਕਤਲ ਦੀ ਧਾਰਾ ਲਾਉਣੀ ਚਾਹੀਦੀ ਸੀ ਜਦੋਂਕਿ ਛੋਟੀਆਂ ਧਾਰਾਵਾਂ ਲਾਕੇ ਅੱਖਾਂ ਪੂੰਝਣ ਦੀ ਕੋਸ਼ਿਸ਼ ਕੀਤੀ ਹੈ ਜੋਕਿ ਉਹਨਾਂ ਦੇ ਪ੍ਰੀਵਾਰ ਨਾਲ ਸਰਸਾਰ ਬੇਇਨਸਾਫੀ ਅਤੇ ਧੱਕਾ ਹੈ। ਉਨ੍ਹਾਂ ਇਸ ਮਾਮਲੇ ਦੀ ਜਾਂਚ ਕਿਸੇ ਜੱਜ ਤੋਂ ਕਰਵਾਉਣ ਦੀ ਮੰਗ ਕੀਤੀ ਤਾਂ ਜੋ ਅਸਲੀਅਤ ਅਤੇ ਸਚਾਈ ਸਾਹਮਣੇ ਲਿਆਂਦੀ ਜਾ ਸਕੇ। ਇਸ ਮੌਕੇ ਨਰਿੰਦਰ ਦੀਪ ਸਿੰਘ ਦੀ ਪਤਨੀ ਨੈਨਸੀ ਨੇ ਸਮੂਹ ਜਥੇਬੰਦੀਆਂ ਦਾ ਧੰਨਵਾਦ ਕਰਦਿਆਂ ਆਸ ਪ੍ਰਗਟ ਕੀਤੀ ਕਿ ਪੀੜਤ ਪ੍ਰੀਵਾਰ ਨੂੰ ਉਨ੍ਹਾਂ ਦਾ ਮੁਕੰਮਲ ਸਾਥ ਮਿਲੇਗਾ। ਉਨ੍ਹਾਂ ਕਿਹਾ ਕਿ ਪ੍ਰੀਵਾਰ ਤੇ ਪੁਲਿਸ ਵੱਲੋਂ ਦਬਾਅ ਬਣਾਇਆ ਜਾ ਰਿਹਾ ਹੈ ਪਰ ਉਹ ਝੁਕਣਗੇ ਨਹੀ ਤੇ ਨਿਆਂ ਲਈ ਹਰ ਕੁਰਬਾਨੀ ਨੂੰ ਤਿਆਰ ਹਨ । ਇਸ ਮੌਕੇ ਗੁਰਦੀਪ ਸਿੰਘ ਬੁਰਜ ਮਹਿਮਾ, ਐਡਵੋਕੇਟ ਸੰਦੀਪ ਪਾਠਕ ਪ੍ਰਧਾਨ ਹਿੰਦੂ ਮਹਾਂ ਗਠਬੰਧਨ, ਕਿਸਾਨ ਆਗੂ ਬਲਕਰਨ ਸਿੰਘ , ਅਮੀ ਲਾਲ , ਮਜ਼ਦੂਰ ਆਗੂ ਸੁਖਪਾਲ ਸਿੰਘ ਖਿਆਲੀ ਵਾਲਾ ਤੇ ਪ੍ਰਕਾਸ਼ ਸਿੰਘ ਨੰਦਗੜ੍ਹ, ਬਲਵੀਰ ਸਿੰਘ ਗੰਗਾ, ਕਿਸਾਨ ਆਗੂ ਗੁਰਪ੍ਰੀਤ ਸਿੰਘ ਦਾਨ ਸਿੰਘ ਵਾਲਾ ਪੰਜਾਬ ਸਟੂਡੈਂਟ ਯੂਨੀਅਨ ਤੋਂ ਹਰਵੀਰ ਕੌਰ, ਬਲਕਾਰ ਸਿੰਘ ਬਰਾੜ ਪ੍ਰਧਾਨ ਜਿਲਾ ਅਕਾਲੀ ਦਲ ਬਾਦਲ,ਆਂਗਣਵਾੜੀ ਆਗੂ ਗੁਰਮੀਤ ਕੌਰ, ਅਤੇ  ਅਧਿਆਪਕ ਆਗੂ ਗੁਰਪ੍ਰੀਤ ਸਿੰਘ ਆਦਿ ਆਗੂਆਂ ਨੇ ਇਨਸਾਫ ਦੀ ਇਸ ਲੜਾਈ ਵਿੱਚ ਪੀੜਤ ਪ੍ਰੀਵਾਰ ਨੂੰ ਪੂਰਨ ਸਹਿਯੋਗ ਦਾ ਭਰੋਸਾ ਦਿਵਾਇਆ ਹੈ।

Related Articles

Leave a Reply

Your email address will not be published. Required fields are marked *

Back to top button