
ਅੰਮ੍ਰਿਤਸਰ, 19 ਮਾਰਚ- ਅੱਠ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤੇ ਗਏ ਤਸਕਰ ਧਰਮਿੰਦਰ ਨੇ ਬੁੱਧਵਾਰ ਦੁਪਹਿਰ ਉਸ ਦੀ ਕਾਰਬਾਈਨ ਖੋਹ ਕੇ ਹੈੱਡ ਕਾਂਸਟੇਬਲ ਨੂੰ ਗੋਲੀ ਮਾਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਪਹਿਲਾਂ ਹਵਾ ਵਿੱਚ ਗੋਲੀ ਚਲਾਈ ਅਤੇ ਫਿਰ ਗੋਲ਼ੀ ਚਲਾ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਪੁਲਿਸ ਇੱਥੇ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਬਰਾਮਦ ਕਰਨ ਆਈ ਸੀ। ਮੰਗਲਵਾਰ ਨੂੰ ਪੁਲਸ ਨੇ ਪਿੰਡ ਹਰਸ਼ਾ ਛੀਨਾ ਦੇ ਰਹਿਣ ਵਾਲੇ ਧਰਮਿੰਦਰ ਉਰਫ ਸੋਨੂੰ ਨੂੰ ਅੱਠ ਕਿੱਲੋ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਹੈ। ਪੁੱਛਗਿੱਛ ਦੌਰਾਨ ਮੁਲਜ਼ਮ ਨੇ ਪੁਲਿਸ ਕੋਲ ਮੰਨਿਆ ਕਿ ਉਸ ਨੇ ਹੈਰੋਇਨ ਅਤੇ ਹਥਿਆਰਾਂ ਦੀ ਵੱਡੀ ਖੇਪ ਵੇਰਕਾ ਬਾਈਪਾਸ ਨੇੜੇ ਝਾੜੀਆਂ ਵਿੱਚ ਛੁਪਾ ਕੇ ਰੱਖੀ ਸੀ। ਬੁੱਧਵਾਰ ਨੂੰ ਪੁਲਿਸ ਧਰਮਿੰਦਰ ਦੇ ਨਾਲ ਇਸ ਖੇਪ ਨੂੰ ਬਰਾਮਦ ਕਰਨ ਲਈ ਵੇਰਕਾ ਬਾਈਪਾਸ ਪਹੁੰਚੀ। ਜਿਵੇਂ ਹੀ ਨਸ਼ਾ ਤਸਕਰ ਨੂੰ ਪੁਲਿਸ ਦੀ ਗੱਡੀ ‘ਚੋਂ ਬਾਹਰ ਆ ਕੇ ਖੇਪ ਲੁਕਾਉਣ ਵਾਲੀ ਜਗ੍ਹਾ ਦਿਖਾਉਣ ਲਈ ਕਿਹਾ ਗਿਆ ਤਾਂ ਮੁਜਲਮ ਨੇ ਤੇਜ਼ੀ ਨਾਲ ਉਥੇ ਖੜ੍ਹੇ ਹੈੱਡ ਕਾਂਸਟੇਬਲ ਵਿਜੇ ਕੁਮਾਰ ਦੀ ਸਰਵਿਸ ਕਾਰਬਾਈਨ ਖੋਹ ਲਈ। ਕੁਝ ਹੀ ਦੇਰ ਵਿੱਚ ਮੁਲਜ਼ਮ ਨੇ ਕਾਰਬਾਈਨ ਆਪਣੇ ਹੱਥ ਵਿੱਚ ਲੈ ਕੇ ਪੁਲਿਸ ਪਾਰਟੀ ਵੱਲ ਨਿਸ਼ਾਨਾ ਸਾਧ ਲਿਆ। ਇਸ ਦੌਰਾਨ ਕਾਰਵਾਈ ਕਰਦੇ ਹੋਏ ਮਜੀਠਾ ਰੋਡ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਰਣਜੀਤ ਸਿੰਘ ਨੇ ਆਪਣੀ ਸਰਵਿਸ ਪਿਸਤੌਲ ਕੱਢ ਕੇ ਕਾਰਬਾਈਨ ਨੂੰ ਜ਼ਮੀਨ ‘ਤੇ ਸੁੱਟਣ ਦੀ ਚਿਤਾਵਨੀ ਦਿੰਦੇ ਹੋਏ ਪਹਿਲਾਂ ਹਵਾ ‘ਚ ਫਾਇਰ ਕੀਤਾ। ਪਰ ਜਦੋਂ ਮੁਲਜ਼ਮ ਨੇ ਗੋਲ਼ੀ ਚਲਾਉਣੀ ਸ਼ੁਰੂ ਕਰ ਦਿੱਤੀ ਤਾਂ ਇੰਸਪੈਕਟਰ ਨੇ ਉਸ ਦੀ ਲੱਤ ’ਤੇ ਗੋਲ਼ੀ ਮਾਰ ਕੇ ਉਸ ਨੂੰ ਜ਼ਖ਼ਮੀ ਕਰ ਦਿੱਤਾ। ਉਸ ਨੂੰ ਜ਼ਖ਼ਮੀ ਹਾਲਤ ‘ਚ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ।



