Punjab

ਪੁਲਿਸ ਨੇ ਡਿਬਰੂਗੜ੍ਹ ਜੇਲ੍ਹ ਤੋਂ ਲਿਆਂਦੇ ਸੱਤ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਅਜਨਾਲਾ ਥਾਣੇ ’ਤੇ ਹਮਲੇ ਦੇ ਮਾਮਲੇ ’ਚ ਮੁਲਜ਼ਮ ਕੀਤਾ ਕਾਬੂ

ਅੰਮ੍ਰਿਤਸਰ, 23 ਮਾਰਚ-ਅਜਨਾਲਾ ਪੁਲਿਸ ਥਾਣੇ ’ਤੇ ਹੋਏ ਹਮਲੇ ਦੇ ਸਬੰਧ ਵਿਚ ਅੰਮ੍ਰਿਤਸਰ (ਦਿਹਾਤੀ) ਪੁਲਿਸ ਨੇ ਸ਼ਨਿਚਰਵਾਰ ਨੂੰ ਕੋਟਕਪੂਰਾ ਦੇ ਪਿੰਡ ਪੰਜਗਰਾਈਆਂ ਦੇ ਰਹਿਣ ਵਾਲੇ ਅਮਨਦੀਪ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਨੇ ਇਹ ਗ੍ਰਿਫ਼ਤਾਰੀ ਡਿਬਰੂਗੜ੍ਹ ਜੇਲ੍ਹ ਤੋਂ ਗ੍ਰਿਫ਼ਤਾਰ ਕੀਤੇ ਸੱਤ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਕੀਤੀ। ਇੰਸਪੈਕਟਰ ਕਰਮਪਾਲ ਸਿੰਘ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤਾ ਗਿਆ ਮੁਲਜ਼ਮ ਅਮਨਦੀਪ ਸਿੰਘ ਘਟਨਾ ਵਾਲੇ ਦਿਨ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਖਾਲਿਸਤਾਨ ਸਮੱਰਥਕ ਅੰਮ੍ਰਿਤਪਾਲ ਸਿੰਘ ਨਾਲ ਇਸ ਘਟਨਾ ਵਿਚ ਸ਼ਾਮਲ ਸੀ। ਪਤਾ ਲੱਗਾ ਹੈ ਕਿ ਮੁਲਜ਼ਮਾਂ ਤੋਂ ਪੁੱਛਗਿੱਛ ਤੋਂ ਬਾਅਦ ਪੁਲਿਸ ਤਿੰਨ ਹੋਰ ਮੁਲਜ਼ਮਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਨੇ ਘਟਨਾ ਵਾਲੇ ਦਿਨ ਅਜਨਾਲਾ ਪੁਲਿਸ ਸਟੇਸ਼ਨ ’ਤੇ ਹਮਲਾ ਕੀਤਾ ਅਤੇ ਪੱਥਰਬਾਜ਼ੀ ਕੀਤੀ ਅਤੇ ਐੱਸਪੀ ਜੁਗਰਾਜ ਸਿੰਘ ਸਮੇਤ ਕਈ ਪੁਲਿਸ ਮੁਲਾਜ਼ਮਾਂ ਨੂੰ ਜ਼ਖਮੀ ਕਰ ਦਿੱਤਾ। ਪੁਲਿਸ ਨੇ ਸ਼ਨਿਚਰਵਾਰ ਸ਼ਾਮ ਨੂੰ ਅਮਨਦੀਪ ਸਿੰਘ ਨੂੰ ਅਜਨਾਲਾ ਅਦਾਲਤ ਵਿਚ ਪੇਸ਼ ਕੀਤਾ। ਅਦਾਲਤ ਨੇ ਮੁਲਜ਼ਮ ਨੂੰ 25 ਮਾਰਚ ਤੱਕ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਹੈ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹਰਜੀਤ ਸਿੰਘ, ਗੁਰਦੀਪ ਸਿੰਘ, ਕੁਲਵੰਤ ਸਿੰਘ, ਗੁਰਮੀਤ ਸਿੰਘ, ਭਗਵੰਤ ਸਿੰਘ, ਦਿਲਜੀਤ ਸਿੰਘ ਅਤੇ ਬਸੰਤ ਸਿੰਘ ਨੂੰ 100 ਤੋਂ ਵੱਧ ਮੌਕਾ-ਏ-ਵਾਰਦਾਤ ਦੇ ਵੀਡੀਓਜ਼ ਦਿਖਾਏ ਗਏ ਸਨ। ਇਹ ਵੀਡੀਓਜ਼ ਪੁਲਿਸ ਨੇ ਇੰਟਰਨੈੱਟ ਮੀਡੀਆ ਤੋਂ ਪ੍ਰਾਪਤ ਕੀਤੇ ਸਨ ਅਤੇ ਕੁਝ ਮੌਕੇ ’ਤੇ ਮੌਜੂਦ ਲੋਕਾਂ ਤੋਂ ਲਏ ਗਏ ਸਨ। ਉਕਤ ਵੀਡੀਓਜ਼ ਵਿਚ ਭੀੜ ਨੂੰ ਭੜਕਾਉਣ, ਨਾਅਰੇ ਲਗਾਉਣ, ਪੱਥਰ ਸੁੱਟਣ ਅਤੇ ਹਥਿਆਰ ਲੈ ਕੇ ਜਾਣ ਵਾਲੇ ਦੋਸ਼ੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਪਤਾ ਲੱਗਾ ਹੈ ਕਿ ਆਉਣ ਵਾਲੇ ਦਿਨਾਂ ਵਿਚ ਪੁਲਿਸ ਅਜਨਾਲਾ ਥਾਣੇ ’ਤੇ ਹਮਲੇ ਦੇ ਮਾਮਲੇ ਵਿਚ ਦੋ ਦਰਜਨ ਤੋਂ ਵੱਧ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਜਾ ਰਹੀ ਹੈ।ਜ਼ਿਕਰਯੋਗ ਹੈ ਕਿ ਇਸ ਮਾਮਲੇ ਵਿਚ ਖਾਲਿਸਤਾਨ ਸਮੱਰਥਕ ਅੰਮ੍ਰਿਤਪਾਲ ਸਿੰਘ, ਉਸ ਦੇ ਸਾਥੀ ਪਪਲਪ੍ਰੀਤ ਸਿੰਘ ਅਤੇ ਵਰਿੰਦਰ ਸਿੰਘ ਜੌਹਲ ਅਜੇ ਵੀ ਡਿਬਰੂਗੜ੍ਹ ਜੇਲ੍ਹ ਵਿਚ ਬੰਦ ਹਨ।

Related Articles

Leave a Reply

Your email address will not be published. Required fields are marked *

Back to top button