
ਲੁਧਿਆਣਾ, 18 ਸਤੰਬਰ : ਨਗਰ ਨਿਗਮ ’ਚੋਂ ਸੇਵਾਮੁਕਤ ਹੋ ਚੁੱਕੇ ਇਕ ਅਧਿਕਾਰੀ ਦੀ ਬਕਾਇਆ ਰਕਮ ਨਾ ਅਦਾ ਕਰਨ ’ਤੇ ਬੁੱਧਵਾਰ ਨੂੰ ਅਦਾਲਤ ਨੇ ਨਿਗਮ ਦੀਆਂ ਦੋ ਗੱਡੀਆਂ ਅਟੈਚ ਕਰ ਦਿੱਤੀਆਂ ਹਨ। ਨਿਗਮ ਦੀਆਂ ਦੋ ਬਲੇਰੋ ਗੱਡੀਆਂ ਨੂੰ ਕੋਰਟ ਕਮਿਸ਼ਨਰ ਆਪਣੇ ਨਾਲ ਲੈ ਗਏ ਹਨ, ਜਿਸ ’ਚ ਇਕ ਐੱਸਈ ਤੇ ਇਕ ਐਕਸੀਅਨ ਦੀ ਗੱਡੀ ਸ਼ਾਮਲ ਹੈ। ਇਸ ਮਾਮਲੇ ਤੋਂ ਬਾਅਦ ਨਿਗਮ ਵਿਚ ਤਰਥੱਲੀ ਮਚੀ ਹੋਈ ਹੈ। ਨਿਗਮ ਦੀ ਲਾਅ ਬ੍ਰਾਂਚ ਵੱਲੋਂ ਅਦਾਲਤ ’ਚ ਅਰਜ਼ੀ ਦਾਖਲ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਨਿਗਮ ਨੇ ਜਗੀਰ ਸਿੰਘ ਨੂੰ ਜੂਨੀਅਰ ਇੰਜੀਨੀਅਰ ਦੇ ਤੌਰ ’ਤੇ ਤਾਇਨਾਤ ਕੀਤਾ ਸੀ, ਜੋ ਸਾਲ 2012 ਵਿਚ ਐਕਸੀਅਨ ਦੇ ਅਹੁਦਾ ਤੋਂ ਸੇਵਾਮੁਕਤ ਹੋਏ ਸਨ। ਸਰਕਾਰ ਨੇ ਜਦੋਂ ਉਨ੍ਹਾਂ ਨੂੰ ਐੱਸਡੀਓ ਤੋਂ ਐਕਸੀਅਨ ਦੇ ਅਹੁਦੇ ’ਤੇ ਤਰੱਕੀ ਦਿੱਤੀ, ਉਸ ਸਮੇਂ ਕੋਈ ਸੈਂਕਸ਼ਨ ਪੋਸਟ ਨਹੀਂ ਸੀ। ਇਸ ਕਰਕੇ ਤਰੱਕੀ ਹੋਣ ਦੇ ਬਾਵਜੂਦ ਉਹ ਐੱਸਡੀਓ ਦੇ ਅਹੁਦੇ ’ਤੇ ਕੰਮ ਕਰਦੇ ਰਹੇ। ਤਨਖਾਹ ਵੀ ਐੱਸਡੀਓ ਦੀ ਦਿੱਤੀ। ਜਿਵੇਂ ਹੀ ਪੋਸਟ ਸੈਂਕਸ਼ਨ ਹੋਈ ਉਨ੍ਹਾਂ ਨੂੰ ਐਕਸੀਅਨ ਦਾ ਅਹੁਦਾ ਦਿੱਤਾ ਗਿਆ। ਇਸ ਦੌਰਾਨ ਉਨ੍ਹਾਂ ਨੇ ਨਿਗਮ ਕੋਲ ਘੱਟ ਤਨਖਾਹ ਮਿਲਣ ਦਾ ਮਾਮਲਾ ਉਠਾਇਆ ਸੀ ਪਰ ਕੋਈ ਸੁਣਵਾਈ ਨਾ ਹੋਣ ’ਤੇ ਉਹ ਅਦਾਲਤ ਦੀ ਸ਼ਰਨ ’ਚ ਚਲੇ ਗਏ ਸਨ। ਦੂਜੇ ਪਾਸੇ, ਇਸ ਮਾਮਲੇ ’ਚ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਨੇ ਦੱਸਿਆ ਕਿ ਮਾਮਲਾ ਬਹੁਤ ਪੁਰਾਣਾ ਹੈ, ਇਸ ਲਈ ਜ਼ਿਆਦਾ ਜਾਣਕਾਰੀ ਨਹੀਂ ਹੈ ਪਰ ਅਦਾਲਤ ’ਚ ਅਸੀਂ ਆਪਣਾ ਪੱਖ ਰੱਖਿਆ ਹੈ।



