
ਲੁਧਿਆਣਾ, 28 ਜੁਲਾਈ : ਵਰਲਡ ਪੰਜਾਬੀ ਆਰਗੇਨਾਈਜੇਸ਼ਨ (ਡਬਲਿਊਪੀਓ) ਦੇ ਲੁਧਿਆਣਾ ਚੈਪਟਰ ਵੱਲੋਂ ਲੁਧਿਆਣਾ ਚੈਪਟਰ ਦੀ ਸ਼ੁਰੂਆਤ ਪੁਰਸਕਾਰ ਵੰਡ ਤੇ ਸੱਭਿਆਚਾਰਕ ਸਮਾਗਮ ਕਰਵਾਇਆ। ਇਹ ਸਮਾਗਮ ਡਾ. ਵਿਕਰਮਜੀਤ ਸਿੰਘ ਸਾਹਨੀ ਐੱਮਪੀ (ਰਾਜ ਸਭਾ) ਤੇ ਡਬਲਿਊਪੀਓ ਦੇ ਅੰਤਰਰਾਸ਼ਟਰੀ ਪ੍ਰਧਾਨ ਤੇ ਡਬਲਿਊਪੀਓ ਲੁਧਿਆਣਾ ਚੈਪਟਰ ਦੇ ਪ੍ਰਧਾਨ ਗੁਰਮੀਤ ਸਿੰਘ ਕੁਲਾਰ ਦੀ ਗਤੀਸ਼ੀਲ ਅਗਵਾਈ ਹੇਠ ਕਰਵਾਇਆ ਗਿਆ।ਸਮਾਗਮ ਵਿੱਚ ਪ੍ਰਮੁੱਖ ਪਤਵੰਤੇ, ਕਲਾਕਾਰ ਤੇ ਭਾਈਚਾਰੇ ਦੇ ਮੈਂਬਰ ਪੰਜਾਬ ਦੇ ਲੁਧਿਆਣਾ ਚੈਪਟਰ ਦੀ ਸਥਾਪਨਾ ਦਾ ਜਸ਼ਨ ਮਨਾਉਣ ਤੇ ਇਸ ਦੇ ਵਿਕਾਸ ਤੇ ਸੱਭਿਆਚਾਰਕ ਸੰਭਾਲ ’ਚ ਯੋਗਦਾਨ ਪਾਉਣ ਵਾਲਿਆਂ ਦਾ ਸਨਮਾਨ ਕਰਨ ਲਈ ਇਕੱਠੇ ਹੋਏ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ, ਰੁਜ਼ਗਾਰ ਉਤਪਤੀ ਤੇ ਹੁਨਰ ਵਿਕਾਸ ਮੰਤਰੀ ਅਮਨ ਅਰੋੜਾ, ਉਦਯੋਗ ਤੇ ਵਣਜ ਮੰਤਰੀ ਸੰਜੀਵ ਅਰੋੜਾ ਅਤੇ ਕਿਰਤ ਮੰਤਰੀ ਤਰੁਣਪ੍ਰੀਤ ਸਿੰਘ ਸੋਂਦ ਨੂੰ ਉਨ੍ਹਾਂ ਦੀ ਮਿਸਾਲੀ ਜਨਤਕ ਸੇਵਾ ਅਤੇ ਰਾਜ ਦੇ ਵਿਕਾਸ ਵਿੱਚ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ। ਸਾਰਿਆਂ ਨੇ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਦੇ ਵਿਸ਼ਵਵਿਆਪੀ ਪ੍ਰਭਾਵ ਅਤੇ ਸਰਹੱਦਾਂ ਤੋਂ ਪਾਰ ਪੰਜਾਬੀ ਨੂੰ ਉਤਸ਼ਾਹਿਤ ਕਰਨ ਦੇ ਇਸ ਦੇ ਯਤਨਾਂ ਦੀ ਸ਼ਲਾਘਾ ਕੀਤੀ। ਡਾ. ਸਾਹਨੀ ਨੇ ਕਿਹਾ ਕਿ ਸਾਡੇ ਸਤਿਕਾਰਯੋਗ ਮੰਤਰੀਆਂ ਦਾ ਸਨਮਾਨ ਸਿਰਫ਼ ਸਨਮਾਨ ਦਾ ਪ੍ਰਤੀਕ ਨਹੀਂ ਹੈ, ਸਗੋਂ ਪੰਜਾਬ ਤੇ ਪੰਜਾਬੀ ਭਾਈਚਾਰੇ ਦੀ ਭਲਾਈ ਪ੍ਰਤੀ ਉਨ੍ਹਾਂ ਦੀ ਵਚਨਬੱਧਤਾ ਦਾ ਜਸ਼ਨ ਹੈ। ਵਰਲਡ ਪੰਜਾਬੀ ਆਰਗੇਨਾਈਜੇਸ਼ਨ ਇੱਕ ਗਲੋਬਲ ਪਲੇਟਫਾਰਮ ਹੈ ਜੋ ਦੁਨੀਆ ਭਰ ਦੇ ਪੰਜਾਬੀਆਂ ਨੂੰ ਪੰਜਾਬ ਦੀ ਅਮੀਰ ਭਾਸ਼ਾ, ਸੱਭਿਆਚਾਰ ਅਤੇ ਵਿਰਾਸਤ ਨੂੰ ਸੰਭਾਲਣ ਅਤੇ ਉਤਸ਼ਾਹਿਤ ਕਰਨ ਦੇ ਸਾਂਝੇ ਟੀਚੇ ਨਾਲ ਜੋੜਦਾ ਹੈ।ਡਾ. ਸਾਹਨੀ ਨੇ ਇਹ ਵੀ ਕਿਹਾ ਕਿ ਵਰਲਡ ਪੰਜਾਬੀ ਆਰਗੇਨਾਈਜੇਸ਼ਨ ਹਮੇਸ਼ਾ ਸਰਹੱਦਾਂ ਪਾਰ ਪੰਜਾਬੀਆਂ ਵਿੱਚ ਏਕਤਾ ਨੂੰ ਉਤਸ਼ਾਹਿਤ ਕਰਨ ਵਿੱਚ ਮੋਹਰੀ ਰਿਹਾ ਹੈ, ਭਾਵੇਂ ਸੱਭਿਆਚਾਰਕ ਅਤੇ ਸਮਾਜਿਕ ਪਹਿਲਕਦਮੀਆਂ ਰਾਹੀਂ ਹੋਵੇ ਜਾਂ ਪੰਜਾਬੀ ਭਾਸ਼ਾ ਅਤੇ ਕਲਾਵਾਂ ਦੇ ਪ੍ਰਚਾਰ ਰਾਹੀਂ। ਸਾਡਾ ਮਿਸ਼ਨ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀਆਂ ਕਦਰਾਂ-ਕੀਮਤਾਂ ਤੇ ਅਧਾਰਤ ਪੰਜਾਬੀ ਪੁਨਰਜਾਗਰਣ ਦੀ ਸ਼ੁਰੂਆਤ ਕਰਨਾ ਹੈ।ਇਸ ਮੌਕੇ ਪੰਜਾਬ ਦੀਆਂ ਲੋਕ ਪਰੰਪਰਾਵਾਂ ਅਤੇ ਜੀਵੰਤਤਾ ਨੂੰ ਉਜਾਗਰ ਕਰਦੇ ਮਨਮੋਹਕ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤੇ ਗਏ। ਮੰਚ ਸੰਚਾਲਕ ਦੀ ਜਿੰਮੇਵਾਰੀ ਮਸ਼ਹੂਰ ਮੰਚ ਸੰਚਾਲਕਾ ਬਲਜੀਤ ਕੌਰ ਜੋਹਲ ਨੇ ਬਾਖੂਬੀ ਨਿਭਾਈ ਉਹਨਾਂ ਨੇ ਆਪਣੀ ਸ਼ੇਅਰੋ ਸ਼ਾਇਰੀ ਦੇ ਨਾਲ ਸਮਾਂ ਬੰਨ੍ਹ ਕੇ ਰੱਖਿਆ। ਖ਼ਬਰ ਦਾ ਬਾਕਸ- ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਦਿੱਤਾ ਹੋਕਾ ਪੰਜਾਬੀ ਮਾਂ ਬੋਲੀ ਤੇ ਪੰਜਾਬੀ ਸੱਭਿਆਚਾਰ ਨੂੰ ਸੰਭਾਲਣ ਦਾ ਹੌਕਾ ਦਿੰਦਿਆਂ ਕੈਬਨਿਟ ਮੰਤਰੀ ਚੀਮਾ, ਅਰੋੜਾ, ਸੌਂਦ ਤੇ ਸੰਜੀਵ ਅਰੋੜਾ ਨੇ ਕਿਹਾ ਕਿ ਸਾਨੂੰ ਸਾਰੀਆਂ ਬੋਲੀਆਂ ਸਿੱਖਣੀਆਂ ਚਾਹੀਦੀਆਂ ਹਨ ,ਪਰ ਸਾਨੂੰ ਕਦੇ ਵੀ ਆਪਣੀ ਮਾਂ ਬੋਲੀ ਨੂੰ ਬੋਲਣਾ ਅਤੇ ਉਸ ਦਾ ਸਤਿਕਾਰ ਕਰਨਾ ਨਹੀਂ ਛੱਡਣਾ ਚਾਹੀਦਾ। ਉਹਨਾਂ ਕਿਹਾ ਕਿ ਜੇਕਰ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਤਾਂ ਉਸ ਤੋਂ ਉਸਦੀ ਮਾਂ ਬੋਲੀ ਤੇ ਸੱਭਿਆਚਾਰ ਖੋਹ ਲਵੋ ਤਾਂ ਉਹ ਕੌਮ ਆਪਣੇ ਆਪ ਹੀ ਖਤਮ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਬੜੀ ਚਿੰਤਾ ਦਾ ਵਿਸ਼ਾ ਹੈ ਕਿ ਪੰਜਾਬੀ ਆਪਣੇ ਘਰਾਂ ਵਿੱਚ ਬੱਚਿਆਂ ਨਾਲ ਪੰਜਾਬੀ ਵਿੱਚ ਗੱਲ ਕਰਨ ਦੀ ਬਜਾਏ ਹਿੰਦੀ ਵਿੱਚ ਗੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਸਾਨੂੰ ਆਪਣੇ ਬੱਚਿਆਂ ਨੂੰ ਪੰਜਾਬੀ ਮਾਂ ਬੋਲੀ ਅਤੇ ਪੰਜਾਬੀ ਸੱਭਿਆਚਾਰ ਤੋਂ ਜਾਣੂ ਕਰਵਾਉਣਾ ਚਾਹੀਦਾ ਹੈ। ਫਿਲਮ ਅਦਾਕਾਰਾ ਤੇ ਮਸ਼ਹੂਰ ਮੰਚ ਸੰਚਾਲਕਾ ਸਤਿੰਦਰ ਸੱਤੀ ਨੇ ਆਪਣੀ ਸ਼ੇਅਰੋ ਸ਼ਾਇਰੀ ਦੇ ਨਾਲ ਜਿੱਥੇ ਮਾਹੌਲ ਵਿੱਚ ਵੱਖਰੀ ਹੀ ਰਵਾਨਗੀ ਭਰ ਦਿੱਤੀ, ਉਥੇ ਹੀ ਉਸ ਨੇ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਚੜ੍ਹਦੀ ਕਲਾ ਲਈ ਸਾਰਿਆਂ ਨੂੰ ਸਮੂਹਿਕ ਯਤਨ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀਆਂ ਨੇ ਆਪਣੀ ਲਿਆਕਤ ਨਾਲ ਪੂਰੇ ਵਿਸ਼ਵ ’ਚ ਝੰਡੇ ਗੱਡੇ ਹਨ,ਇਸ ਲਈ ਸਾਨੂੰ ਇਨ੍ਹਾਂ ਦੀ ਲਿਆਕਤ ਨੂੰ ਸੰਭਾਲਣ ਲਈ ਵੀ ਸਿਰ ਤੋੜ ਯਤਨ ਕਰਨੇ ਚਾਹੀਦੇ ਹਨ ਅਤੇ ਪੰਜਾਬੀ ਸੱਭਿਆਚਾਰ ਤੇ ਪੰਜਾਬੀ ਨੂੰ ਬਚਾਉਣ ਲਈ ਸਾਨੂੰ ਸਾਰਿਆਂ ਨੂੰ ਅੱਗੇ ਆਉਣਾ ਚਾਹੀਦਾ ਹੈ।



