International

ਪੁਣਛ ’ਚ ਪਾਕਿ ਦੀ ਘਿਨਾਉਣੀ ਹਰਕਤ ! ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ; ਗੋਲੀਬਾਰੀ ’ਚ 10 ਪਾਕਿ ਫ਼ੌਜੀ ਜ਼ਖ਼ਮੀ

ਪੁਣਛ ’ਚ ਪਾਕਿ ਦੀ ਘਿਨਾਉਣੀ ਹਰਕਤ ! ਕੰਟਰੋਲ ਰੇਖਾ 'ਤੇ ਘੁਸਪੈਠ ਦੀ ਕੋਸ਼ਿਸ਼ ਨਾਕਾਮ; ਗੋਲੀਬਾਰੀ ’ਚ 10 ਪਾਕਿ ਫ਼ੌਜੀ ਜ਼ਖ਼ਮੀ

ਪੁਣਛ, 2 ਅਪ੍ਰੈਲ-ਭਾਰਤੀ ਫ਼ੌਜ ਨੇ ਮੰਗਲਵਾਰ ਨੂੰ ਪੁਣਛ ਜ਼ਿਲ੍ਹੇ ਵਿਚ ਕੰਟਰੋਲ ਰੇਖਾ ‘ਤੇ ਘੁਸਪੈਠ ਦੀ ਇਕ ਵੱਡੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ। ਇਸ ਦੌਰਾਨ, ਕੰਟਰੋਲ ਰੇਖਾ ‘ਤੇ ਬਾਰੂਦੀ ਸੁਰੰਗਾਂ ਦੇ ਧਮਾਕੇ ਤੋਂ ਬਾਅਦ ਭਾਰਤੀ ਅਤੇ ਪਾਕਿਸਤਾਨੀ ਸੈਨਿਕਾਂ ਵਿਚਕਾਰ ਭਾਰੀ ਗੋਲੀਬਾਰੀ ਹੋਈ। ਇਸ ਗੋਲੀਬਾਰੀ ਵਿਚ ਸਰਹੱਦ ਪਾਰ ਭਾਰੀ ਨੁਕਸਾਨ ਹੋਣ ਅਤੇ ਪਾਕਿਸਤਾਨੀ ਫ਼ੌਜ ਦੇ ਅੱਠ ਤੋਂ ਦਸ ਜਵਾਨਾਂ ਦੇ ਜ਼ਖ਼ਮੀ ਹੋਣ ਦੀ ਵੀ ਖ਼ਬਰ ਹੈ। ਕੰਟਰੋਲ ਰੇਖਾ ‘ਤੇ ਮਾਹੌਲ ਤਣਾਅਪੂਰਨ ਬਣਿਆ ਹੋਇਆ ਹੈ। ਸੀਨੀਅਰ ਫੌਜ ਅਧਿਕਾਰੀ ਸਥਿਤੀ ‘ਤੇ ਨੇੜਿਓਂ ਨਜ਼ਰ ਰੱਖ ਰਹੇ ਹਨ।
ਅੱਤਵਾਦੀਆਂ ਦੀ ਘੁਸਪੈਠ ਦੀ ਯੋਜਨਾ ਨਾਕਾਮ

ਜਾਣਕਾਰੀ ਅਨੁਸਾਰ, ਦੁਪਹਿਰ 12 ਵਜੇ ਦੇ ਕਰੀਬ, ਕ੍ਰਿਸ਼ਨਾ ਵੈਲੀ ਸੈਕਟਰ ਵਿਚ ਭਾਰਤੀ ਫ਼ੌਜ ਦੀ ਫਾਰਵਰਡ ਪੋਸਟ ਦੇ ਨੇੜੇ ਜੰਗਲੀ ਖੇਤਰ ਵਿਚ ਸ਼ੱਕੀ ਹਾਲਾਤ ਵਿਚ ਇਕ ਤੋਂ ਬਾਅਦ ਇਕ ਤਿੰਨ ਬਾਰੂਦੀ ਸੁਰੰਗਾਂ ਅਚਾਨਕ ਫਟ ਗਈਆਂ। ਇਸ ਦੇ ਨਾਲ ਹੀ ਪਾਕਿਸਤਾਨ ਵਾਲੇ ਪਾਸਿਓਂ ਵੀ ਗੋਲੀਬਾਰੀ ਸ਼ੁਰੂ ਹੋ ਗਈ। ਇਹ ਖ਼ਦਸ਼ਾ ਹੈ ਕਿ ਅੱਤਵਾਦੀਆਂ ਦਾ ਇਕ ਸਮੂਹ ਕੰਟਰੋਲ ਰੇਖਾ ਦੇ ਪਾਰ ਤੋਂ ਭਾਰਤੀ ਖੇਤਰ ਵਿਚ ਘੁਸਪੈਠ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ, ਪਰ ਉਸੇ ਸਮੇਂ, ਭਾਰਤੀ ਫ਼ੌਜ ਦੁਆਰਾ ਘੁਸਪੈਠ ਨੂੰ ਰੋਕਣ ਲਈ ਵਿਛਾਈਆਂ ਗਈਆਂ ਬਾਰੂਦੀ ਸੁਰੰਗਾਂ ਦੇ ਧਮਾਕੇ ਕਾਰਨ, ਅੱਤਵਾਦੀਆਂ ਦੇ ਮਨਸੂਬੇ ਨਾਕਾਮ ਹੋ ਗਏ ਅਤੇ ਉਨ੍ਹਾਂ ਨੂੰ ਪਿੱਛੇ ਭੱਜਣ ਲਈ ਮਜਬੂਰ ਹੋਣਾ ਪਿਆ। ਗੋਲੀਬਾਰੀ ਦੋ ਘੰਟੇ ਜਾਰੀ ਰਹੀ। ਅੱਤਵਾਦੀਆਂ ਨੂੰ ਭਾਰਤੀ ਫ਼ੌਜ ਤੋਂ ਬਚਾਉਣ ਲਈ, ਪਾਕਿਸਤਾਨੀ ਫ਼ੌਜ ਨੇ ਗੋਲੀਬਾਰੀ ਕਰ ਕੇ ਉਨ੍ਹਾਂ ਨੂੰ ਕਵਰ ਫਾਇਰ ਵੀ ਦਿੱਤਾ। ਕੰਟਰੋਲ ਰੇਖਾ ‘ਤੇ ਘੁਸਪੈਠ ਦੇ ਡਰੋਂ, ਭਾਰਤੀ ਫੌਜ ਨੇ ਵੀ ਗੋਲੀਬਾਰੀ ਨਾਲ ਜਵਾਬੀ ਕਾਰਵਾਈ ਕੀਤੀ।

ਦੋ ਘੰਟੇ ਤੱਕ ਲਗਾਤਾਰ ਗੋਲੀਬਾਰੀ

ਦੋਵਾਂ ਪਾਸਿਆਂ ਤੋਂ ਲਗਪਗ ਦੋ ਘੰਟੇ ਤੱਕ ਲਗਾਤਾਰ ਗੋਲੀਬਾਰੀ ਹੁੰਦੀ ਰਹੀ। ਸਥਾਨਕ ਲੋਕਾਂ ਅਨੁਸਾਰ ਗੋਲੀਬਾਰੀ ਤੋਂ ਬਾਅਦ ਘਟਨਾ ਵਾਲੀ ਥਾਂ ‘ਤੇ ਜੰਗਲੀ ਖੇਤਰ ਵਿਚ ਅੱਗ ਲੱਗ ਗਈ ਅਤੇ ਉੱਥੋਂ ਉੱਠਦਾ ਧੂੰਆਂ ਦੂਰੋਂ ਦਿਖਾਈ ਦੇ ਰਿਹਾ ਸੀ। 10 ਪਾਕਿਸਤਾਨੀ ਸੈਨਿਕਾਂ ਦੇ ਜ਼ਖ਼ਮੀ ਹੋਣ ਦੀ ਖ਼ਬਰ ਹੈ। ਸੂਤਰਾਂ ਅਨੁਸਾਰ ਗੋਲੀਬੋਰੀ ਵਿਚ ਸਰਹੱਦ ਪਾਰ ਭਾਰੀ ਨੁਕਸਾਨ ਹੋਇਆ ਹੈ ਤੇ ਦਸ ਪਾਕਿਸਤਾਨੀ ਸੈਨਿਕ ਜ਼ਖ਼ਮੀ ਹੋਏ ਹਨ। ਭਾਰਤੀ ਫੌਜ ਨੂੰ ਕੋਈ ਨੁਕਸਾਨ ਨਹੀਂ ਹੋਇਆ ਹੈ। ਹਾਲਾਂਕਿ, ਕੰਟਰੋਲ ਰੇਖਾ ‘ਤੇ ਗੋਲੀਬਾਰੀ ਬਾਰੇ ਫ਼ੌਜ ਵੱਲੋਂ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਦੋ ਮਹੀਨੇ ਪਹਿਲਾਂ ਵੀ ਇਸੇ ਇਲਾਕੇ ਵਿਚ ਪਾਕਿਸਤਾਨ ਵੱਲੋਂ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਚੌਕਸ ਭਾਰਤੀ ਫ਼ੌਜ ਨੇ ਜਵਾਬੀ ਕਾਰਵਾਈ ਕਰਦਿਆਂ ਤਿੰਨ ਘੁਸਪੈਠੀਆਂ ਨੂੰ ਮਾਰ ਦਿੱਤਾ। ਇਸ ਦੌਰਾਨ ਕਠੂਆ ਵਿਚ ਘਿਰੇ ਅੱਤਵਾਦੀਆਂ ਨੂੰ ਖ਼ਤਮ ਕਰਨ ਲਈ ਕਾਰਵਾਈ ਲਗਾਤਾਰ ਜਾਰੀ ਰਹੀ, ਦਿਨ ਭਰ ਗੋਲੀਬਾਰੀ ਹੁੰਦੀ ਰਹੀ।

Related Articles

Leave a Reply

Your email address will not be published. Required fields are marked *

Back to top button