
ਭਿੱਖੀਵਿੰਡ, 10 ਸਤੰਬਰ : ਪਿੰਡ ਬਾਸਰਕੇ ਵਿਖੇ ਮੰਗਲਵਾਰ ਦੀ ਦੁਪਹਿਰ ਹੋਈ ਗੋਲੀਬਾਰੀ, ਜਿਸ ਵਿਚ ਤਿੰਨ ਵਿਅਕਤੀ ਜਖਮੀ ਹੋ ਗਏ ਸਨ। ਉਸ ਸਬੰਧੀ ਥਾਣਾ ਖਾਲੜਾ ਦੀ ਪੁਲਿਸ ਨੇ ਦੋ ਵਿਅਕਤੀਆਂ ਵਿਰੁੱਧ ਕੇਸ ਦਰਜ ਕਰਕੇ ਇਕ ਨੂੰ ਗ੍ਰਿਫਤਾਰ ਵੀ ਕਰ ਲਿਆ ਹੈ। ਜਿਸ ਕੋਲੋਂ 32 ਬੋਰ ਦਾ ਪਿਸਟਲ ਮਿਲਿਆ ਹੈ। ਜਦੋਂਕਿ ਇਸ ਗੋਲੀਬਾਰੀ ਦੌਰਾਨ ਜਖਮੀ ਹੋਏ ਵਿਅਕਤੀਆਂ ਦਾ ਭਿੱਖੀਵਿੰਡ ਦੇ ਨਿੱਜੀ ਹਸਪਤਾਲ ਵਿਚ ਇਲਾਜ ਚੱਲ ਰਿਹਾ ਹੈ। ਰਣਜੋਧ ਸਿੰਘ ਜੋਤਾ ਪੁੱਤਰ ਸਰਬਜੀਤ ਸਿੰਘ ਵਾਸੀ ਬਾਸਰਕੇ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਦੱਸਿਆ ਕਿ ਉਸਨੇ ਘਰੇਲੂ ਵਰਤੋਂ ਵਾਸਤੇ ਨਛੱਤਰ ਸਿੰਘ ਤੋਂ 7 ਲੱਖ ਰੁਪਏ ਲਏ ਸਨ। ਜਿਸ ਵਿੱਚੋਂ 3 ਲੱਖ ਰੁਪਏ ਨਛੱਤਰ ਸਿੰਘ ਨੂੰ ਵਾਪਸ ਕਰ ਦਿੱਤੇ ਸੀ। ਬਾਕੀ ਰਹਿੰਦੇ ਪੈਸੇ ਲੈਣ ਵਾਸਤੇ ਨਛੱਤਰ ਸਿੰਘ ਅਤੇ ਦਰਸ਼ਨ ਸਿੰਘ ਪੁੱਤਰ ਜਗੀਰ ਸਿੰਘ ਮੰਗਲਵਾਰ ਦੁਪਹਿਰ ਕਰੀਬ ਢਾਈ ਵਜੇ ਉਸਦੇ ਘਰ ਆਏ ਅਤੇ ਪੈਸਿਆਂ ਦੀ ਮੰਗ ਕਰਨ ਲੱਗੇ।ਉਸਦੇ ਪਿਤਾ ਸਰਬਜੀਤ ਸਿੰਘ ਨੇ ਪੈਸੇ ਵਾਪਸ ਕਰਨ ਲਈ ਕੁਝ ਹੋਰ ਸਮੇਂ ਦੀ ਮੰਗ ਕੀਤੀ ਤਾਂ ਝਗੜਾ ਸ਼ੁਰੂ ਹੋ ਗਿਆ। ਮਾਮਲਾ ਇਨ੍ਹਾਂ ਵਧ ਗਿਆ ਕਿ ਨਛੱਤਰ ਸਿੰਘ ਨੇ ਆਪਣੇ ਪਿਸਟਲ ਨਾਲ ਉਸਦੇ ਪਿਤਾ ਸਰਬਜੀਤ ਸਿੰਘ ਦੀ ਛਾਤੀ ਵਿਚ ਗੋਲੀ ਮਾਰ ਦਿੱਤੀ। ਜਦੋਂਕਿ ਇਕ ਹੋਰ ਗੋਲੀ ਉਸਦੇ ਭਰਾ ਲਵਪ੍ਰੀਤ ਸਿੰਘ ਦੀ ਲੱਤ ਵਿਚ ਵੱਜੀ। ਥਾਣਾ ਖਾਲੜਾ ਦੇ ਮੁਖੀ ਇੰਸਪੈਕਟਰ ਰਣਜੀਤ ਸਿੰਘ ਨੇ ਦੱਸਿਆ ਕਿ ਰਣਜੋਧ ਸਿੰਘ ਜੋਤਾ ਦੇ ਬਿਆਨਾਂ ’ਤੇ ਨਛੱਤਰ ਸਿੰਘ ਤੇ ਦਰਸ਼ਨ ਸਿੰਘ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ। ਜਦੋਂਕਿ ਨਛੱਤਰ ਸਿੰਘ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 32 ਬੋਰ ਦਾ ਪਿਸਟਲ, ਚਾਰ ਕਾਰਤੂਸ ਅਤੇ ਦੋ ਖੋਲ ਵੀ ਬਰਾਮਦ ਕਰ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੀ ਜਾਂਚ ਲਈ ਏਐੱਸਆਈ ਸ਼ਿੰਗਾਰਾ ਸਿੰਘ ਦੀ ਡਿਊਟੀ ਲਗਾਈ ਗਈ ਹੈ।



