
ਜਲੰਧਰ, 5 ਅਗਸਤ : ਇਕ ਔਰਤ ਦਾ ਗ੍ਰੰਥੀ ਦੇ ਘਰ ਕਿਸੇ ਨੂੰ ਸੱਦਾ ਦੇਣ ਲਈ ਆਉਣਾ ਉਸ ਸਮੇਂ ਬਹੁਤ ਭਿਆਨਕ ਸਾਬਤ ਹੋਇਆ ਜਦੋਂ ਉਸ ਘਰ ’ਚ ਮੌਜੂਦ ਇਕ ਪਿੱਟਬੁਲ ਕੁੱਤੇ ਨੇ ਉਸ ’ਤੇ ਹਮਲਾ ਕਰ ਦਿੱਤਾ। ਇਹ ਘਟਨਾ 27 ਜੁਲਾਈ ਨੂੰ ਸ਼ਾਮ 6 ਵਜੇ ਦੇ ਕਰੀਬ ਵਾਪਰੀ। ਪਿੰਡ ਲੁਹਾਰਾ ਮਾਨਕਰਾਈ ਦੀ ਬਲਵਿੰਦਰ ਕੌਰ ਗ੍ਰੰਥੀ ਗੁਰਮੀਤ ਸਿੰਘ ਦੇ ਘਰ ਇਕ ਪ੍ਰੋਗਰਾਮ ਲਈ ਸੱਦਾ ਦੇਣ ਗਈ ਸੀ। ਜਿਵੇਂ ਹੀ ਗੁਰਮੀਤ ਸਿੰਘ ਨੇ ਦਰਵਾਜ਼ਾ ਖੋਲ੍ਹਿਆ, ਉਸਦੇ ਪਿੱਟਬੁਲ ਕੁੱਤੇ ਨੇ ਬਲਵਿੰਦਰ ਕੌਰ ’ਤੇ ਹਮਲਾ ਕਰ ਦਿੱਤਾ ਤੇ ਉਸਨੂੰ ਬੁਰੀ ਤਰ੍ਹਾਂ ਵੱਢ ਲਿਆ। ਬਲਵਿੰਦਰ ਕੌਰ ਗੰਭੀਰ ਜ਼ਖਮੀ ਹੋ ਗਈ ਤੇ ਉਸਨੂੰ ਤੁਰੰਤ ਹਸਪਤਾਲ ’ਚ ਦਾਖਲ ਕਰਵਾਇਆ ਗਿਆ। ਪੀੜਤਾ ਅਨੁਸਾਰ ਕੁੱਤੇ ਦਾ ਵਿਵਹਾਰ ਪਹਿਲਾਂ ਹੀ ਹਮਲਾਵਰ ਸੀ ਤੇ ਮਾਲਕ ਨੇ ਉਸ ਲਈ ਕੋਈ ਸੁਰੱਖਿਆ ਪ੍ਰਬੰਧ ਨਹੀਂ ਕੀਤੇ ਸਨ। ਘਟਨਾ ਤੋਂ ਬਾਅਦ ਅੱਜ ਬਲਵਿੰਦਰ ਕੌਰ ਪੁਲਿਸ ਸਟੇਸ਼ਨ ’ਚ ਪੇਸ਼ ਹੋਈ ਤੇ ਆਪਣਾ ਬਿਆਨ ਦਰਜ ਕੀਤਾ, ਜਿਸ ਦੇ ਆਧਾਰ ’ਤੇ ਗੁਰਮੀਤ ਸਿੰਘ ਵਿਰੁੱਧ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਤੇ ਜ਼ਖਮੀ ਔਰਤ ਦੇ ਡਾਕਟਰੀ ਦਸਤਾਵੇਜ਼ ਵੀ ਜ਼ਬਤ ਕਰ ਲਏ ਹਨ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਸੁਲਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਦੀ ਭਾਲ ਕੀਤੀ ਜਾ ਰਹੀ ਹੈ। ਕੁੱਤਿਆਂ ਦੀ 23 ਨਸਲਾਂ ਨੂੰ ਦੱਸਿਆ ਗਿਆ ਹੈ ਖਤਰਨਾਕ ਦੇਸ਼ ’ਚ ਕਿਸੇ ਵੀ ਕੁੱਤਿਆਂ ਦੀ ਨਸਲ ’ਤੇ ਕੋਈ ਰਸਮੀ ਪਾਬੰਦੀ ਨਹੀਂ ਹੈ ਪਰ ਲੋਕਾਂ ਦੀ ਸੁਰੱਖਿਆ ਲਈ, ਕੇਂਦਰ ਸਰਕਾਰ ਨੇ ਪ੍ਰਸਤਾਵ ਦਿੱਤਾ ਹੈ ਕਿ ਸੂਬਾ ਤੇ ਨਗਰ ਨਿਗਮਾਂ ਨੂੰ 23 ਨਸਲਾਂ ਦੇ ਕੁੱਤਿਆਂ ’ਤੇ ਪਾਬੰਦੀ ਲਗਾਉਣੀ ਚਾਹੀਦੀ ਹੈ। ਇਨ੍ਹਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਪਿਟਬੁੱਲ ਟੈਰੀਅਰ, ਤੋਸਾ ਇਨੂ, ਅਮਰੀਕਨ ਸਟੈਫੋਰਡਸ਼ਾਇਰ ਟੈਰੀਅਰ, ਫਿਲਾ ਬ੍ਰਾਸੀਲੀਰੋ, ਡੋਗੋ ਅਰਜਨਟੀਨੋ, ਅਮਰੀਕਨ ਬੁੱਲਡਾਗ, ਅਰਬੋਏਲ ਕਾਂਗਲ, ਸੈਂਟਰਲ ਏਸ਼ੀਅਨ ਸ਼ੈਫਰਡ ਕੁੱਤਾ, ਕਾਕੇਸ਼ੀਅਨ ਸ਼ੈਫਰਡ ਕੁੱਤਾ, ਦੱਖਣੀ ਰੂਸੀ ਸ਼ੈਫਰਡ ਕੁੱਤਾ, ਟਾਰੰਜਕ, ਸਰਪਲੈਨਿਨੈਕ, ਜਾਪਾਨੀ ਟੋਸਾਸ, ਅਕੀਤਾ, ਮਾਸਟਿਫ, ਟੈਰੀਅਰਸ, ਰੋਡੇਸ਼ੀਅਨ ਰਿਜਬੈਕ, ਵੁਲਫ ਡੌਗ, ਕੈਨਾਰੀਓ, ਅਕਬਾਸ਼ ਡੌਗ, ਮਾਸਕੋ ਗਾਰਡ ਡੌਗ, ਕੇਨ ਕੋਰਸੋ, ਬੈਂਡੋਗ ਨਸਲ, ਇਨ੍ਹਾਂ ਨਸਲਾਂ ਨੂੰ ਖ਼ਤਰਨਾਕ ਮੰਨਿਆ ਜਾਂਦਾ ਹੈ। ਇਸ ਦੇ ਬਾਵਜੂਦ, ਲੋਕ ਹਮਲਾਵਰ ਨਸਲਾਂ ਦੇ ਕੁੱਤੇ ਘਰ ’ਚ ਰੱਖਦੇ ਹਨ।



