Punjab

ਪਾਸਟਰ ਬਜਿੰਦਰ ਸਿੰਘ ਕੋਲੋਂ ਬਰਾਮਦ ਹੋਇਆ ਮੋਬਾਇਲ, ਸਵਾਲਾਂ ਦੇ ਘੇਰੇ ’ਚ ਜੇਲ੍ਹ ਪ੍ਰਸ਼ਾਸਨ

ਮਾਨਸਾ, 25 ਜੂਨ : ਬਲਾਤਕਾਰ ਮਾਮਲੇ ’ਚ ਮਾਨਸਾ ਜ਼ਿਲ੍ਹਾ ਜੇਲ੍ਹ ‘ਚ ਕੈਦ ਕੱਟ ਰਹੇ ਬਜਿੰਦਰ ਸਿੰਘ ਪਾਸਟਰ ਕੋਲੋਂ ਮੋਬਾਇਲ ਬਰਾਮਦ ਹੋਇਆ ਹੈ। ਜੇਲ੍ਹ ’ਚੋਂ ਉਸ ਕੋਲੋਂ ਮੋਬਾਇਲ ਬਰਾਮਦ ਹੋਣ ਨੇ ਜੇਲ੍ਹ ਪ੍ਰਸ਼ਾਸਨ ’ਤੇ ਕਈ ਤਰ੍ਹਾਂ ਸਵਾਲ ਖੜ੍ਹੇ ਕਰ ਦਿੱਤੇ ਹਨ। ਹਾਲਾਂਕਿ ਇਹ ਉਸ ਦੀ ਬੈਰਕ ਦੀ ਲਈ ਗਈ ਤਲਾਸ਼ੀ ਦੌਰਾਨ ਮਿਲਿਆ ਹੈ ਪਰ ਫ਼ਿਰ ਕੈਦੀ ਕੋਲੋਂ ਮੋਬਾਇਲ ਮਿਲਣਾ ਜੇਲ੍ਹ ਪ੍ਰਸ਼ਾਸਨਕ ਅਧਿਕਾਰੀਆਂ ਨੂੰ ਸਵਾਲਾਂ ਦੇ ਕਟਹਿਰੇ ’ਚ ਖੜ੍ਹਾ ਕਰ ਰਿਹਾ ਹੈ। ਇੱਥੇ ਜ਼ਿਕਰਯੋਗ ਹੈ ਕਿ ਜਲੰਧਰ ਵਿੱਚ ਪੈਂਦੇ ‘ਦਿ ਚਰਚ ਆਫ਼ ਗਲੋਰੀ ਐਂਡ ਵਿਜ਼ਡਮ’ ਦੇ ਸੰਸਥਾਪਕ ਪਾਸਟਰ ਬਜਿੰਦਰ ਸਿੰਘ ਖ਼ਿਲਾਫ਼ ਜ਼ੀਰਕਪੁਰ ਦੀ ਰਹਿਣ ਵਾਲੀ ਪੀੜਤਾ ਦੀ ਸ਼ਿਕਾਇਤ ’ਤੇ ਬਜਿੰਦਰ ਸਿੰਘ ਸਣੇ 6 ਜਣਿਆਂ ’ਤੇ ਸਾਲ 2018 ‘ਚ ਜਬਰ ਜਨਾਹ ਦਾ ਮਾਮਲਾ ਦਰਜ ਕੀਤਾ ਗਿਆ ਸੀ। ਇਸ ਮਾਮਲੇ ਦੀ 28 ਮਾਰਚ ਨੂੰ ਹੋਈ ਸੁਣਵਾਈ ਦੌਰਾਨ ਕੋਰਟ ਨੇ ਬਜਿੰਦਰ ਸਿੰਘ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ, ਜਦੋਂਕਿ ਬਾਕੀ ਪੰਜ ਨੂੰ ਬਰੀ ਕਰ ਦਿੱਤਾ ਸੀ। ਸੁਣਵਾਈ ਦੇ ਬਾਅਦ ਪੁਲਿਸ ਨੇ ਬਜਿੰਦਰ ਸਿੰਘ ਨੂੰ ਮਾਨਸਾ ਜ਼ਿਲ੍ਹਾ ਜੇਲ੍ਹ ’ਚ ਬੰਦ ਕੀਤਾ ਹੋਇਆ ਹੈ। ਪਰ ਜੇਲ੍ਹ ਅਧਿਕਾਰੀਆਂ ਵੱਲੋਂ ਤਲਾਸ਼ੀ ਦੌਰਾਨ ਮੋਬਾਇਲ ਦੇ ਮਿਲਣ ਦੇ ਬਾਅਦ ਕਈ ਸਵਾਲ ਜੇਲ੍ਹ ਪ੍ਰਸ਼ਾਸਨ ’ਤੇ ਖੜ੍ਹੇ ਹੋ ਰਹੇ ਹਨ ਆਖਿਰ ਇਹ ਮੋਬਾਇਲ ਬਜਿੰਦਰ ਕੋਲ ਕਿਸ ਤਰ੍ਹਾਂ ਪਹੁੰਚਿਆ ਜਾਂ ਉਸ ਕੋਲ ਕਦੋਂ ਤੋਂ ਇਹ ਮੋਬਾਇਲ ਸੀ। ਜ਼ਿਲ੍ਹਾ ਜੇਲ੍ਹ ਮਾਨਸਾ ਦੇ ਸਹਾਇਕ ਸੁਪਰਡੈਂਟ ਅਨੂ ਮਲਿਕ ਨੇ ਥਾਣਾ ਸਦਰ ਮਾਨਸਾ ਪੁਲਿਸ ਨੂੰ ਦੱਸਿਆ ਹੈ ਕਿ ਏਆਈ ਜੀ ਜੇਲ੍ਹਾਂ ਪੰਜਾਬ ਚੰਡੀਗੜ੍ਹ ਰਾਜੀਵ ਕੁਮਾਰ ਅਰੋੜਾ ਵੱਲੋਂ 24 ਜੂਨ 2025 ਨੂੰ ਸਵੇਰੇ 9.35 ਵਜੇ ਬਲਾਕ ਨੰਬਰ. 4 ਦੇ ਸੈਲ ਨੰਬਰ. 1 ਦੀ ਆਪਣੀ ਅਤੇ ਜੇਲ੍ਹ ਸੁਪਰਡੈਂਟ ਦੀ ਮੌਜੂਦਗੀ ਵਿੱਚ ਤਲਾਸ਼ੀ ਕਰਵਾਈ ਗਈ। ਕੈਦੀ ਬਜਿੰਦਰ ਸਿੰਘ ਪਾਸਟਰ ਪੁੱਤਰ ਜਗਦੀਸ਼ ਵਾਸੀ ਚੰਡੀਗੜ੍ਹ ਦੀ ਤਲਾਸ਼ੀ ਦੌਰਾਨ ਉਸ ਦੇ ਕਾਲੇ ਰੰਗ ਦੇ ਬੈਗ ਵਿੱਚੋਂ ਇੱਕ ਮੋਬਾਇਲ ਸਨੇਕਸਨ ਜਿਸ ਦਾ ਈ ਆਈ ਐਮ ਨੰਬਰੀ 359696132652910 ਅਤੇ 359696132652928 ਸਮੇਤ ਜੀ ਓ ਕੰਪਨੀ ਦਾ ਸਿਮ ਅਤੇ 2500 ਰੁਪਏ ਕੈਸ਼ ਵਾਰਡਰ ਅਰਵਿੰਦ ਪਾਲ ਪੇਟੀ ਨੰਬਰ. 2690 ਵੱਲੋਂ ਏਆਈਜੀ ਜੇਲ੍ਹਾਂ ਅਤੇ ਸਮੂਹ ਗਾਰਦ ਦੀ ਮੌਜੂਦਗੀ ਵਿੱਚ ਬਰਾਮਦ ਕੀਤਾ ਗਿਆ। ਠੂਠਿਆਂਵਾਲੀ ਚੌਕੀ ਦੇ ਏਐਸਆਈ ਓਮ ਪ੍ਰਕਾਸ਼ ਨੇ ਦੱਸਿਆ ਕਿ ਇਸ ਮਾਮਲੇ ’ਚ ਮੁ. ਨੰਬਰ. 170 ਮਿਤੀ 24.6. 25 ਅ/ਧ 52 ਏ ਪ੍ਰੀਜਨ ਐਕਟ ਅਧੀਨ ਮਾਮਲਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button