
ਮੋਗਾ, 15 ਜੁਲਾਈ : ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੀ ਅਗਵਾਈ ਹੇਠ ਸੋਮਵਾਰ ਕਿਸਾਨਾਂ, ਮਜ਼ਦੂਰਾਂ, ਬੀਬੀਆਂ ਵੱਲੋਂ ਮੀਂਹ ਦੀ ਪ੍ਰਵਾਹ ਨਾ ਕਰਦਿਆਂ ਮੀਂਹ ਪੈਂਦੇ ਵਿਚ ਹੀ ਪਾਵਰਕਾਮ ਦੇ ਐਕਸੀਅਨ ਦਫ਼ਤਰ ਅੱਗੇ ਵਿਸ਼ਾਲ ਧਰਨਾ ਦਿੱਤਾ। ਇਸ ਧਰਨੇ ਵਿਚ ਭਰਾਤਰੀ ਜੱਥੇਬੰਦੀਆਂ ਦੇ ਵਰਕਰ ਵੀ ਸ਼ਾਮਲ ਹੋਏ। ਐਕਸੀਅਨ ਪਾਵਰਕਾਮ ਨੂੰ ਜਥੇਬੰਦੀ ਵੱਲੋਂ 8 ਸੂਤਰੀ ਮੰਗ ਪੱਤਰ ਦੇ ਕੇ ਬਿਜਲੀ ਦਾ ਨਿੱਜੀਕਰਨ ਦਾ ਫੈਸਲਾ ਰੱਦ ਕਰਨ ਤੇ ਸਮਾਰਟ ਮੀਟਰ ਲਾਉਣ ਦਾ ਫੈਸਲਾ ਰੱਦ ਕਰਨ ਦੀ ਜ਼ੋਰਦਾਰ ਮੰਗ ਕੀਤੀ। ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਸਤਨਾਮ ਸਿੰਘ ਪੰਨੂ, ਜ਼ਿਲ੍ਹਾ ਆਗੂ ਹਰਮੰਦਰ ਸਿੰਘ ਡੇਮਰੂ, ਦਰਸ਼ਨ ਸਿੰਘ ਮੋਗਾ, ਇੰਦਰਮੋਹਨ ਸਿੰਘ ਪੱਤੋਂ, ਗੁਰਮੇਲ ਸਿੰਘ ਲੋਹਗੜ੍ਹ ਨੇ ਕਿਹਾ ਕਿ ਬਿਜਲੀ ਸਿਪਲਾਈ ਦਾ ਨਿੱਜੀਕਰਨ ਹੋਣ ਨਾਲ ਬਿਜਲੀ ਪੂਰੀ ਤਰ੍ਹਾਂ ਨਿੱਜੀ ਕੰਪਨੀਆਂ ਦੇ ਹੱਥਾਂ ਵਿਚ ਚਲੀ ਜਾਵੇਗੀ ਤੇ ਖਪਤਕਾਰਾਂ ਦੀ ਪਹੁੰਚ ਤੋਂ ਬਾਹਰ ਹੋ ਜਾਵੇਗੀ, ਬਿਜਲੀ ਐਕਟ 1948 ਅਨੁਸਾਰ ਪੰਚਾਇਤਾਂ ਵੱਲੋਂ ਮਤੇ ਪਾ ਕੇ ਦਿੱਤੀਆਂ ਮੁਫ਼ਤ ਜ਼ਮੀਨਾਂ ਉਤੇ ਉਸਰਿਆ ਬਿਜਲੀ ਬੋਰਡ ਦਾ ਅਧਾਰਾਂ ਬਿਜਲੀ ਐਕਟ 2003 ਨਿਗਮੀਕਰਨ ਰਾਹੀਂ ਪਾਵਰਕੌਮ ਤੇ ਟਰਾਸਕੋ ਨਾਮ ਦੀਆਂ ਕੰਪਨੀਆਂ ਦੇ ਹਵਾਲੇ ਕਰ ਦਿੱਤਾ ਗਿਆ ਹੈ। ਇਸ ਨਾਲ 1 ਲੱਖ 20 ਹਜ਼ਾਰ ਮੁਲਾਜ਼ਮਾਂ ਵਿਚੋਂ 85 ਹਜ਼ਾਰ ਅਸਾਮੀਆਂ ਖਤਮ ਕਰ ਦਿੱਤੀਆਂ ਗਈਆਂ ਹਨ। ਹੁਣ ਬਿਜਲੀ ਸਪਲਾਈ ਨੂੰ ਨਿੱਜੀ ਹੱਥਾਂ ਵਿਚ ਦੇਣ ਲਈ ਕੇਂਦਰ ਸਰਕਾਰ ਵੱਲੋਂ ਬਿਜਲੀ ਸੋਧ ਬਿੱਲ 2025 ਲਿਆਉਣ ਦੀ ਤਿਆਰੀ ਕੀਤੀ ਜਾ ਰਹੀ ਹੈ। ਕਿਸਾਨ ਆਗੂਆਂ ਨੇ ਸਮੂਹ ਸਮਾਜ ਨੂੰ ਬਿਜਲੀ ਦਾ ਨਿੱਜੀਕਰਨ ਰੋਕਣ ਲਈ ਸੰਘਰਸ਼ ਦੇ ਮੈਦਾਨ ਵਿਚ ਆਉਣ ਦਾ ਸੱਦਾ ਦਿੱਤਾ ਤੇ ਐਲਾਨ ਕੀਤਾ ਕਿ ਸਮਾਰਟ ਮੀਟਰ ਖਪਤਕਾਰਾਂ ਦੇ ਘਰਾਂ ਵਿਚ ਨਹੀਂ ਲੱਗਣ ਦਿੱਤੇ ਜਾਣਗੇ। ਕਿਸਾਨ ਆਗੂ ਰਣਜੀਤ ਸਿੰਘ ਬੁੱਟਰ, ਸੁਖਦੇਵ ਸਿੰਘ ਤਲਵੰਡੀ ਭੰਗੇਰੀਆ, ਗੁਰਮੇਲ ਸਿੰਘ ਤਲਵੰਡੀ ਮੱਲੀਆਂ, ਅਵਤਾਰ ਸਿੰਘ ਧਰਮ ਸਿੰਘ ਵਾਲਾ ਨੇ ਪੰਚਾਇਤਾ ਵੱਲੋਂ ਬਿਜਲੀ ਬੋਰਡ ਲਈ ਦਿੱਤੀਆਂ ਮੁਫ਼ਤ ਜ਼ਮੀਨਾਂ ਤੇ ਕਿਸਾਨਾਂ ਦੇ ਖੇਤਾਂ ਵਿਚ ਬਿਨਾਂ ਕੋਈ ਕਿਰਾਇਆ ਲਿਆ ਲੰਘਾਈਆਂ ਬਿਜਲੀ ਲਾਈਨਾਂ ਉਸਰੇ ਢਾਂਚੇ ਨੂੰ ਆਪਣੇ ਕਬਜ਼ੇ ਵਿਚ ਲੈਣ ਦਾ ਦਾਅਵਾ ਕਰਦਿਆਂ ਜ਼ੋਰਦਾਰ ਮੰਗ ਕੀਤੀ ਕਿ ਖੇਤੀ ਮੋਟਰਾਂ ਦਾ ਲੋਡ ਵਧਾਉਣ ਲਈ ਵੀ ਡੀਐੱਸ ਸਕੀਮ 12 ਸੋ ਰੁਪਏ ਪ੍ਰਤੀ ਹੋਸ ਪਾਵਰ ਸ਼ੁਰੂ ਕੀਤੀ ਜਾਵੇ, ਖਪਤਕਾਰਾਂ ਨੂੰ ਬਿਜਲੀ ਐਕਟ 2003 ਰਾਹੀਂ ਪਾਏ ਸਾਰੇ ਜੁਰਮਾਨੇ ਤੇ ਕੀਤੇ ਪਰਚੇ ਰੱਦ ਕੀਤੇ ਜਾਣ, ਟ੍ਰਾਂਸਫਾਰਮਰ ਸੜਨ ਦੀ ਸੂਰਤ ਵਿਚ ਪਾਵਰਕੌਮ ਵੱਲੋਂ ਕਾਨੂੰਨ ਮੁਤਾਬਕ ਟ੍ਰਾਂਸਫਾਰਮਰ ਲਿਆਉਣ ਤੇ ਲਿਜਾਣ ਦੀ ਸਰਕਾਰੀ ਗੱਡੀ ਮੁੱਹਈਆ ਕਰਵਾਈ ਜਾਵੇ, ਬਿਜਲੀ ਐਕਟ 2003 ਰੱਦ ਕਰਕੇ ਬਿਜਲੀ ਬੋਰਡ ਨੂੰ ਪਹਿਲੇ ਸਰੂਪ ਵਿੱਚ ਬਹਾਲ ਕੀਤਾ ਜਾਵੇ, ਖ਼ਤਮ ਕੀਤੀਆਂ 85 ਹਜ਼ਾਰ ਅਸਾਮੀਆਂ ਬਹਾਲ ਕਰਕੇ ਨਵੀਂ ਭਰਤੀ ਸ਼ੁਰੂ ਕੀਤੀ ਜਾਵੇ, ਖਪਤਕਾਰਾਂ ਨੂੰ ਬਿਜਲੀ ਸਪਲਾਈ 1 ਤੋਂ ਡੇਢ ਰੁਪਏ ਯੂਨਿਟ ਤੱਕ ਦਿੱਤੀ ਜਾਵੇ, ਬਿਜਲੀ ਚੋਰੀ ਆਪਣੇ ਆਪ ਖ਼ਤਮ ਹੋ ਜਾਵੇਗੀ। ਇਸ ਮੌਕੇ ਜ਼ਿਲ੍ਹਾ ਆਗੂ ਸੋਹਣ ਸਿੰਘ ਰਾਮੂਵਾਲਾ, ਨਛੱਤਰ ਸਿੰਘ ਹੇਰਾਂ, ਜਰਨੈਲ ਸਿੰਘ ਮੋਗਾ, ਹਰਨੇਕ ਸਿੰਘ ਡੇਮਰੂ ਖ਼ੁਰਦ, ਹਰਬੰਸ ਸਿੰਘ ਸਾਹ ਵਾਲਾ, ਬਲਵਿੰਦਰ ਸਿੰਘ ਕੋਕਰੀ, ਗੁਰਮੀਤ ਕੌਰ ਬੁੱਧ ਸਿੰਘ ਵਾਲਾ, ਗੁਰਬਚਨ ਕੌਰ ਡਾਲਾ, ਸਤਵੀਰ ਕੌਰ ਲੰਗੇਆਣਾ, ਭਗਵੰਤ ਕੌਰ ਆਦਿ ਵੱਡੀ ਗਿਣਤੀ ਵਿਚ ਕਿਸਾਨ ਮਜ਼ਦੂਰ ਹਾਜ਼ਰ ਸਨ।



