Punjab

ਪਾਬੰਦੀਸ਼ੁਦਾ ਗੋਲ਼ੀਆਂ ਤੇ ਹੈਰੋਇਨ ਸਮੇਤ ਪੰਜ ਕਾਬੂ

ਮੋਗਾ, 13 ਅਗਸਤ : ਪੁਲਿਸ ਵੱਲੋਂ ਗਸ਼ਤ ਦੌਰਾਨ ਵੱਖ ਵੱਖ ਥਾਂਵਾ ਤੋਂ ਪੰਜ ਵਿਅਕਤੀਆਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ ਪਾਬੰਦੀ ਸ਼ੂਦਾ ਗੋਲ਼ੀਆਂ ਅਤੇ ਹੈਰੋਇਨ ਬਰਾਮਦ ਕਰਕੇ ਉਨ੍ਹਾਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਥਾਣਾ ਨਿਹਾਲ ਸਿੰਘ ਵਾਲਾ ਪੁਲਿਸ ਦੇ ਐੱਸਆਈ ਰਣਜੀਤ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਸ਼ੱਕੀ ਪੁਰਸ਼ਾਂ ਦੀ ਤਲਾਸ਼ ’ਚ ਗਸ਼ਤ ਕਰ ਰਹੇ ਸੀ। ਜਦ ਉਨ੍ਹਾਂ ਦੀ ਪੁਲਿਸ ਪਾਰਟੀ ਪਿੰਡ ਬੁਰਜ ਹਮੀਰਾ ਦੇ ਕੋਲ ਪੁੱਜੀ ਤਾਂ ਉੱਥੇ ਬਲਜੋਤ ਸਿੰਘ ਉਰਫ ਜੋਤ ਅਤੇ ਕਾਕਾ ਪ੍ਰੀਤ ਸਿੰਘ ਉਰਫ ਅਕਾਸ਼ ਵਾਸੀ ਪਿੰਡ ਬੁਰਜ ਹਮੀਰਾ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਉਨ੍ਹਾਂ ਪਾਸੋਂ 5 ਗ੍ਰਾਮ ਹੈਰੋਇਨ ਅਤੇ 25 ਗੋਲ਼ੀਆਂ ਬਰਾਮਦ ਕੀਤੀਆਂ ਹਨ। ਥਾਣਾ ਕੋਟ ਈਸੇ ਖਾਂ ਪੁਲਿਸ ਦੇ ਐੱਸਆਈ ਬਲਵਿੰਦਰ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਮੁਖਬਰ ਖਾਸ ਦੀ ਇਤਲਾਹ ਤੇ ਪਿੰਡ ਜਨੇਰ ਦੀ ਦਾਣਾ ਮੰਡੀ ਵਿਖੇ ਇਕ ਵਿਅਕਤੀ ਰਿੰਕਾ ਸਿੰਘ ਵਾਸੀ ਪਿੰਡ ਜਨੇਰ ਨੂੰ ਗ੍ਰਿਫਤਾਰ ਕਰਕੇ ਉਸ ਪਾਸੋਂ 45 ਖੁੱਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਹਨ। ਥਾਣਾ ਅਜੀਤਵਾਲ ਪੁਲਿਸ ਦੀ ਸਹਾਇਕ ਥਾਣੇਦਾਰ ਵੀਰਪਾਲ ਕੌਰ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸੀ ਤਾਂ ਅਜੀਤਵਾਲ ਵਿਖੇ ਦੋ ਵਿਅਕਤੀ ਪ੍ਰਭਦੀਪ ਸਿੰਘ ਉਰਫ ਗੁਰੀ ਅਤੇ ਜਗਪ੍ਰੀਤ ਸਿੰਘ ਉਰਫ ਜੱਗਾ ਵਾਸੀ ਪਿੰਡ ਚੂਹੜਚੱਕ ਜ਼ਿਲ੍ਹਾ ਮੋਗਾ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਪਾਸੋਂ 40 ਗੋਲੀਆਂ ਬਰਾਮਦ ਕੀਤੀਆਂ ਹਨ। ਪੁਲਿਸ ਵੱਲੋਂ ਵੱਖ-ਵੱਖ ਥਾਵਾਂ ਤੋਂ ਨਸ਼ੀਲੇ ਪਦਾਰਥਾਂ ਸਮੇਤ ਕਾਬੂ ਕੀਤੇ ਕਥਿਤ ਅਰੋਪੀਆਂ ਖਿਲਾਫ਼ ਵੱਖ ਵੱਖ ਥਾਣਿਆਂ ਵਿਚ ਮਾਮਲਾ ਦਰਜ ਕਰ ਲਿਆ ਹੈ।

Related Articles

Leave a Reply

Your email address will not be published. Required fields are marked *

Back to top button