ਪਾਕਿ ਵੱਲੋਂ ਬਣਾਏ ਸਟੱਡਾਂ ਕਾਰਨ ਰਾਵੀ ਦਰਿਆ ਦਾ ਰੁਖ ਭਾਰਤ ਵੱਲ
ਪਾਣੀ ਦੇ ਤੇਜ਼ ਵਹਾਅ ਕਾਰਨ ਕੰਡਿਆਲੀ ਤਾਰ ਤੇ ਪੋਸਟ ਵੀ ਪ੍ਰਭਾਵਿਤ
ਡੇਰਾ ਬਾਬਾ ਨਾਨਕ, 14 ਅਗਸਤ : ਪਾਕਿਸਤਾਨ ਵੱਲੋਂ ਪਿਛਲੇ ਸਮਿਆਂ ਤੋਂ ਆਪਣੇ ਪਾਸੇ ਰਾਵੀ ਦਰਿਆ ਦੇ ਕਿਨਾਰੇ ਉੱਚੇ ਸਟੱਡ ਬਣਾਉਣ ਕਾਰਨ ਪਾਣੀ ਦਾ ਰੁਖ ਭਾਰਤੀ ਖੇਤਰ ਵੱਲ ਹੋਣ ਕਰਕੇ ਬਰਸਾਤੀ ਮੌਸਮਾਂ ਵਿਚ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਭਾਰਤੀ ਕਿਸਾਨਾਂ ਦੀਆਂ ਜ਼ਮੀਨਾਂ ਤੋਂ ਇਲਾਵਾ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਬੀਐੱਸਐੱਫ ਦੀਆਂ ਪੋਸਟਾਂ ਪ੍ਰਭਾਵਿਤ ਹੋਈਆਂ ਹਨ। ਇਸ ਸਬੰਧੀ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਕਰੀਬ ਇਕ ਸਾਲ ਤੋਂ ਰਾਵੀ ਦਰਿਆ ਦੇ ਕਿਨਾਰਿਆਂ ’ਤੇ ਪਏ ਕਟਾਅ ਦਾ ਨਿਰਮਾਣ ਕਰਵਾਉਣ ਲਈ 7 ਕਰੋੜ ਰੁਪਏ ਦੇ ਨਿਰਮਾਣ ਦਾ ਐਸਟੀਮੇਟ ਲਗਾ ਕੇ ਸਰਕਾਰ ਨੂੰ ਭੇਜਿਆ ਗਿਆ ਹੈ। ਜਾਣਕਾਰੀ ਅਨੁਸਾਰ ਭਾਰਤ-ਪਾਕਿ ਕੌਮਾਂਤਰੀ ਸਰਹੱਦ ਦੇ ਨਾਲ ਲੱਗਦੇ ਜ਼ਿਲ੍ਹਾ ਪਠਾਨਕੋਟ, ਗੁਰਦਾਸਪੁਰ ਤੇ ਅੰਮ੍ਰਿਤਸਰ ’ਚ 153 ਕਿਲੋਮੀਟਰ ’ਚ ਰਾਵੀ ਦਰਿਆ ਵਗਦਾ ਹੈ ਅਤੇ ਉੱਜ ਦਰਿਆ ਦਾ ਸੰਗਮ ਰਾਵੀ ਦਰਿਆ ਨਾਲ ਮਕੌੜਾ ਪੱਤਣ ਤੋਂ ਸ਼ੁਰੂ ਹੁੰਦਾ ਹੈ ਅਤੇ ਰਾਵੀ ਦਰਿਆ ਚੁਗਾਵਾਂ ਦੇ ਪਿੰਡ ਲੋਧੀ ਗੁੱਜਰ ਤੋਂ ਪਾਕਿਸਤਾਨ ’ਚ ਪ੍ਰਵੇਸ਼ ਕਰਦਾ ਹੈ। ਜ਼ਿਲ੍ਹਾ ਗੁਰਦਾਸਪੁਰ ਵਿਚ ਭਾਰਤ-ਪਾਕਿ ਸਰਹੱਦ ਨਾਲ ਵਗਦਾ ਰਾਵੀ ਦਰਿਆ ਕਰੀਬ 15 ਕਿਲੋਮੀਟਰ ਦੇ ਖੇਤਰ ਜਿਵੇਂ ਮਕੌੜਾ, ਆਂਦੀਆਂ, ਚੰਦੂ ਵਡਾਲਾ, ਰੋਸਾ, ਮੋਮਨਪੁਰ, ਸਲਾਚ, ਕਾਮਲਪੁਰ, ਚੰਦੂ ਵਡਾਲਾ, ਰੋਸਾ, ਮੇਤਲਾ, ਨੰਗਲੀ ਘਾਟ, ਘਣੀਆ-ਕੇ-ਬੇਟ, ਘੋਨੇਵਾਲ, ਗੁਰਚੱਕ, ਚੰਡੀਗੜ੍ਹ ਆਦਿ ਸਰਹੱਦੀ ਪਿੰਡਾਂ ਵਿਚ ਕਿਸਾਨਾਂ ਦੀਆਂ ਜ਼ਮੀਨਾਂ ਅਤੇ ਕੰਡਿਆਲੀ ਤਾਰ ਤੋਂ ਇਲਾਵਾ ਬੀਓਪੀ ਦੀ ਪੋਸਟ ਨੂੰ ਰਾਵੀ ਦਰਿਆ ਦੇ ਤੇਜ਼ ਵਹਾਅ ਪਾਣੀ ਵੱਲੋਂ ਪ੍ਰਭਾਵਿਤ ਕੀਤਾ ਗਿਆ ਹੈ।ਦੱਸਣਯੋਗ ਹੈ ਕਿ ਪਿਛਲੇ ਸਾਲਾਂ ਦੌਰਾਨ ਰਾਵੀ ਦਰਿਆ ਵਿਚ ਉੱਜ ਦਾ ਪਾਣੀ ਛੱਡਣ ਕਾਰਨ ਕੰਡਿਆਲੀ ਤਾਰ, ਬੀਐੱਸਐੱਫ ਦੀਆਂ ਬੀਓਪੀ, ਓਪੀ ਟਾਵਰ ਅਤੇ ਸ਼ੈਲਟਰ ਵੱਡੇ ਪੱਧਰ ’ਤੇ ਨੁਕਸਾਨੇ ਗਏ ਸਨ। ਇਸ ਸਬੰਧੀ ਸਰਹੱਦੀ ਪਿੰਡ ਰੋਸੇ ਦੇ ਸਾਬਕਾ ਸਰਪੰਚ ਤੇ ਬਾਰਡਰ ਸੰਘਰਸ਼ ਕਮੇਟੀ ਦੇ ਆਗੂ ਪ੍ਰਭਸ਼ਰਨ ਸਿੰਘ ਰੋਸ਼ੇ, ਹਰਦਿਆਲ ਸਿੰਘ, ਜਸਬੀਰ ਸਿੰਘ, ਅਮਰ ਸਿੰਘ, ਜਗੀਰ ਸਿੰਘ, ਸੁਖਵੰਤ ਸਿੰਘ, ਪਰਮਜੀਤ ਸਿੰਘ, ਹਰਮੀਤ ਸਿੰਘ, ਰਸ਼ਪਾਲ ਸਿੰਘ, ਭੁਪਿੰਦਰ ਸਿੰਘ, ਜਤਿੰਦਰ ਸਿੰਘ, ਕੁੰਨਣ ਸਿੰਘ ਨੇ ਦੱਸਿਆ ਹਰ ਸਾਲ ਰਾਵੀ ਦੇ ਤੇਜ਼ ਵਹਾਅ ਕਾਰਨ ਉਨ੍ਹਾਂ ਦੀਆਂ ਜ਼ਮੀਨਾਂ ਦਰਿਆ ਬੁਰਦ ਹੋ ਰਹੀਆਂ ਹਨ ਜਿਸ ਕਾਰਨ ਕਿਸਾਨਾਂ ਦਾ ਰਕਬਾ ਦਿਨੋਂ-ਦਿਨ ਘਟਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਾਲੇ ਪਾਸਿਓਂ ਪਾਣੀ ਦੀ ਢਲਾਣ ਭਾਰਤੀ ਖੇਤਰ ਵੱਲ ਹੋਣ ਕਾਰਨ ਰਾਵੀ ਦਰਿਆ ਦੇ ਤੇਜ਼ ਵਹਾਅ ਕਾਰਨ ਪਿੰਡ ਰੋਸੇ ਦੇ ਗੁਰਦੁਆਰਾ ਪਰਮੰਸ ਠਾਕੁਰ ਦੀ ਕੰਡਿਆਲੀ ਤਾਰ ਤੋਂ ਪਾਰ ਰਾਵੀ ਕੰਢੇ ਪੈਂਦੀ ਜ਼ਮੀਨ ਵਿੱਚੋਂ ਪੰਜ ਏਕੜ ਜ਼ਮੀਨ ਦਰਿਆ ਬੁਰਦ ਹੋ ਚੁੱਕੀ ਹੈ। ਇਸ ਤੋਂ ਇਲਾਵਾ ਪਿੰਡ ਰੋਸੇ ਦੇ ਰਤਨ ਸਿੰਘ, ਅਮਰਜੀਤ ਸਿੰਘ, ਬਾਵਾ ਸਿੰਘ, ਜਰਨੈਲ ਸਿੰਘ, ਮਰਹੂਮ ਸ਼ਿੰਗਾਰਾ ਸਿੰਘ ਅਤੇ ਹਰਭਜਨ ਸਿੰਘ ਦੀ ਸਾਰੀ ਜ਼ਮੀਨ ਰਾਵੀ ਦਰਿਆ ਦੀ ਲਪੇਟ ਵਿਚ ਆ ਚੁੱਕੀ ਹੈ। ਉਨ੍ਹਾਂ ਕਿਹਾ ਕਿ ਪਿਛਲੇ ਸਾਲਾਂ ’ਚ 125 ਏਕੜ ਤੋਂ ਵੱਧ ਜ਼ਮੀਨ ਦਰਿਆ ਦੀ ਭੇਟ ਚੜ੍ਹ ਚੁੱਕੀ ਹੈ। ਇਸ ਤੋਂ ਇਲਾਵਾ ਪਿਛਲੇ ਸਮੇਂ ਦੌਰਾਨ ਰਾਵੀ ਦਰਿਆ ਦੇ ਤੇਜ਼ ਵਹਾਅ ਪਾਣੀ ਕਾਰਨ ਸਰਹੱਦ ’ਤੇ ਲੱਗੀ ਕੰਡਿਆਲੀ ਤਾਰ ਅਤੇ ਬੀਐੱਸਐੱਫ ਦੀਆਂ ਪੋਸਟਾਂ ਨੂੰ ਵੀ ਢਾਹ ਲੱਗੀ ਸੀ ਅਤੇ ਹੁਣ ਵੀ ਲੱਗ ਰਹੀ ਹੈ।



