ਪਾਕਿਸਤਾਨ ਦੇ ਨਿਸ਼ਾਨੇ ‘ਤੇ ਸੀ ਗੋਲਡਨ ਟੈਂਪਲ
15ਵੀਂ ਇਨਫੈਂਟਰੀ ਡਿਵੀਜ਼ਨ ਦੇ ਜੀਓਸੀ (General Officer Commanding) ਮੇਜਰ ਜਨਰਲ ਕਾਰਤਿਕ ਸੀ ਸ਼ੇਸ਼ਾਦਰੀ ਨੇ ਕਿਹਾ ਕਿ ਭਾਰਤੀ ਫੌਜ (Indian Army) ਨੂੰ ਪਾਕਿਸਤਾਨ ਵੱਲੋਂ ਇੱਥੋਂ ਦੇ ਫੌਜੀ ਟਿਕਾਣਿਆਂ ਦੇ ਨਾਲ-ਨਾਲ ਨਾਗਰਿਕਾਂ ਤੇ ਵੱਕਾਰੀ ਸਥਾਨਾਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਚਾਲ ਨੂੰ ਭਾਂਪ ਲਿਆ ਸੀ, ਜਿਸ ਵਿਚ ਸ੍ਰੀ ਹਰਿਮੰਦਰ ਸਾਹਿਬ ਵਰਗੇ ਧਾਰਮਿਕ ਸਥਾਨ ਵੀ ਸ਼ਾਮਲ ਸਨ, ਜੋ ਖੁਫੀਆ ਜਾਣਕਾਰੀ ਦੇ ਅਨੁਸਾਰ ਮੁੱਖ ਟਾਰਗੈੱਟ ਸਨ।ਮੇਜਰ ਜਨਰਲ ਸ਼ੇਸ਼ਦਰੀ ਨੇ ਕਿਹਾ ਕਿ ਸਾਨੂੰ ਪਤਾ ਸੀ ਕਿ ਪਾਕਿਸਤਾਨੀ ਫੌਜ ਕੋਲ ਕੋਈ ਜਾਇਜ਼ ਟਾਰਗੇਟ ਨਹੀਂ ਸੀ, ਸਾਨੂੰ ਅੰਦਾਜ਼ਾ ਸੀ ਕਿ ਉਹ ਭਾਰਤੀ ਫੌਜੀ ਅਦਾਰਿਆਂ, ਨਾਗਰਿਕ ਟਿਕਾਣਿਆਂ ਸਮੇਤ ਧਾਰਮਿਕ ਸਥਾਨਾਂ ਨੂੰ ਨਿਸ਼ਾਨਾ ਬਣਾਉਣਗੇ। ਇਨ੍ਹਾਂ ਵਿੱਚੋਂ ਗੋਲਡਨ ਟੈਂਪਲ ਸਭ ਤੋਂ ਪ੍ਰਮੁੱਖ ਜਾਪਦਾ ਸੀ। ਅਸੀਂ ਸ੍ਰੀ ਹਰਿਮੰਦਰ ਸਾਹਿਬ ਦੀ ਸੁਰੱਖਿਆ ਲਈ ਵਾਧੂ ਏਅਰ ਡਿਫੈਂਸ ਸਿਸਟਮ ਲਗਾਇਆ ਸੀ।
ਪਾਕਿ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਡਰੋਨ ਤੇ ਮਿਜ਼ਾਈਲਾਂ ਨਾਲ ਬਣਾਇਆ ਸੀ ਨਿਸ਼ਾਨਾ
ਉਨ੍ਹਾਂ ਕਿਹਾ ਕਿ ਪਾਕਿਸਤਾਨ ਨੇ ਸ੍ਰੀ ਹਰਿਮੰਦਰ ਸਾਹਿਬ ਨੂੰ ਨਿਸ਼ਾਨਾ ਬਣਾਉਂਦੇ ਹੋਏ ਡਰੋਨ ਅਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਸਮੇਤ ਹਵਾਈ ਹਥਿਆਰਾਂ ਦੀ ਵਰਤੋਂ ਕਰ ਕੇ ਹਵਾਈ ਹਮਲਾ ਕੀਤਾ, ਜਿਸ ਨੂੰ ਫੌਜ ਦੇ ਜਵਾਨਾਂ ਨੇ “ਨਾਕਾਮ” ਕਰ ਦਿੱਤਾ, ਜੋ ਅਜਿਹੀਆਂ ਸਥਿਤੀਆਂ ਤੇ ਹਮਲਿਆਂ ਲਈ ਤਿਆਰ ਸਨ। ਸ਼ੇਸ਼ਾਦਰੀ ਨੇ ਕਿਹਾ ਕਿ 8 ਮਈ ਦੀ ਸਵੇਰ, ਬਿਲਕੁਲ ਹਨੇਰੇ ‘ਚ ਪਾਕਿਸਤਾਨ ਨੇ ਮਨੁੱਖ ਰਹਿਤ ਹਵਾਈ ਹਥਿਆਰਾਂ, ਮੁੱਖ ਤੌਰ ‘ਤੇ ਡਰੋਨ ਤੇ ਲੰਬੀ ਦੂਰੀ ਦੀਆਂ ਮਿਜ਼ਾਈਲਾਂ ਨਾਲ ਵੱਡੇ ਪੱਧਰ ‘ਤੇ ਹਵਾਈ ਹਮਲਾ ਕੀਤਾ। ਅਸੀਂ ਪੂਰੀ ਤਰ੍ਹਾਂ ਤਿਆਰ ਸੀ ਕਿਉਂਕਿ ਸਾਨੂੰ ਪਹਿਲਾਂ ਹੀ ਇਸਦਾ ਅੰਦਾਜ਼ਾ ਸੀ। ਸਾਡੇ ਬਹਾਦਰ ਤੇ ਚੌਕਸ ਫ਼ੌਜ ਦੇ ਏਅਰ ਡਿਫੈਂਸ ਗਨਰਜ਼ ਨੇ ਪਾਕਿਸਤਾਨੀ ਫੌਜ ਦੇ ਨਾਪਾਕ ਇਰਾਦਿਆਂ ਨੂੰ ਨਾਕਾਮ ਕਰ ਦਿੱਤਾ ਤੇ ਹਰਿਮੰਦਰ ਸਾਹਿਬ ‘ਤੇ ਨਿਸ਼ਾਨਾ ਬਣਾਏ ਗਏ ਸਾਰੇ ਡਰੋਨ ਤੇ ਮਿਜ਼ਾਈਲਾਂ ਨੂੰ ਡੇਗ ਦਿੱਤਾ ਅਤੇ ਪਵਿੱਤਰ ਸ੍ਰੀ ਹਰਿਮੰਦਰ ਸਾਹਿਬ ‘ਤੇ ਇਕ ਝਰੀਟ ਵੀ ਨਹੀਂ ਲੱਗਣ ਦਿੱਤੀ। ਇਹ ਜ਼ਿਕਰਯੋਗ ਹੈ ਕਿ ਭਾਰਤ-ਪਾਕਿਸਤਾਨ ਤਣਾਅ ਦੌਰਾਨ ਪਹਿਲੀ ਵਾਰ ਮੌਕ ਡ੍ਰਿਲ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੀਆਂ ਲਾਈਟਾਂ ਬੰਦ ਕੀਤੀਆਂ ਗਈਆਂ ਸਨ।