
ਜਸਵਿੰਦਰ ਸਿੰਘ ਸੰਧੂ/ਬਾਲ ਕਿਸ਼ਨ
ਫਿਰੋਜ਼ਪੁਰ, 23 ਜੁਲਾਈ : ਭਾਰਤ-ਪਾਕਿਸਤਾਨ ਸਰਹੱਦ ’ਤੇ ਸੁਰੱਖਿਆ ਦੀਆਂ ਨਜ਼ਰਾਂ ਨੂੰ ਚਕਮਾ ਦੇਣ ਦੀ ਅਸਫਲ ਕੋਸ਼ਿਸ਼ ਕਰਦੇ ਹੋਏ ਇਕ ਪਾਕਿਸਤਾਨੀ ਨਾਗਰਿਕ ਨੂੰ ਬਾਰਡਰ ਸਿਕਿਓਰਿਟੀ ਫੋਰਸ ਬੀਐੱਸਐੱਫ ਦੀ 155ਵੀਂ ਬਟਾਲੀਅਨ ਦੇ ਜਵਾਨਾਂ ਨੇ ਫੜ ਲਿਆ। ਇਹ ਘਟਨਾ ਥਾਣਾ ਸਦਰ ਫਿਰੋਜ਼ਪੁਰ ਦੇ ਅਧੀਨ ਆਉਂਦੇ ਸਰਹੱਦੀ ਖੇਤਰ ’ਚ ਵਾਪਰੀ, ਜਿੱਥੇ ਬੀਐੱਸਐੱਫ ਦੀ ਤਿੱਖੀ ਨਿਗਰਾਨੀ ਨੇ ਘੁਸਪੈਠੀਏ ਦੀਆਂ ਸਾਰੀਆਂ ਸੰਭਾਵਨਾਵਾਂ ਨੂੰ ਨਕਾਰਾ ਕਰ ਦਿੱਤਾ। ਫੜੇ ਗਏ ਵਿਅਕਤੀ ਦੀ ਪਛਾਣ ਮੁਜਾਮਿਲ ਹੁਸੈਨ ਪੁੱਤਰ ਮੁਹੰਮਦ ਹੁਸੈਨ ਵਾਸੀ ਪਿੰਡ ਮਚਾਨੂ ਹੁਸੈਨਾਬਾਦ, ਜ਼ਿਲ੍ਹਾ ਕਾਹਨੇਵਾਲ (ਪਾਕਿਸਤਾਨ) ਵਜੋਂ ਹੋਈ ਹੈ। ਉਸ ਦੇ ਕਬਜ਼ੇ ’ਚੋਂ 20 ਰੁਪਏ ਦੀ ਪਾਕਿਸਤਾਨੀ ਕਰੰਸੀ ਬਰਾਮਦ ਕੀਤੀ ਗਈ। ਇਸ ਮਾਮਲੇ ’ਚ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਿਸ ਨੇ ਬੀਐੱਸਐੱਫ ਦੇ ਅਧਿਕਾਰੀ ਦੇ ਬਿਆਨ ਦੇ ਆਧਾਰ ’ਤੇ ਪਾਸਪੋਰਟ ਐਕਟ ਦੀਆਂ ਧਾਰਾਵਾਂ ਅਧੀਨ ਮੁਜਾਮਿਲ ਹੁਸੈਨ ਵਿਰੁੱਧ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀਐੱਸਐੱਫ ਦੀ ਏ-ਕੰਪਨੀ, 155ਵੀਂ ਬਟਾਲੀਅਨ, ਬੀਓਪੀ ਬਾਰੇਕੇ ਫਿਰੋਜ਼ਪੁਰ ਦੇ ਕੰਪਨੀ ਕਮਾਂਡਰ ਨੇ ਆਪਣੇ ਬਿਆਨ ’ਚ ਦੱਸਿਆ ਕਿ ਮੁਜਾਮਿਲ ਹੁਸੈਨ ਨੂੰ ਸਰਹੱਦੀ ਚੌਕੀ (ਬੀਓਪੀ) ਦੀ ਬੁਰਜੀ ਨੰਬਰ 190/4 ਤੋਂ ਭਾਰਤੀ ਸਰਹੱਦ ਵਿਚ ਗੈਰ-ਕਾਨੂੰਨੀ ਤਰੀਕੇ ਨਾਲ ਦਾਖਲ ਹੁੰਦਿਆਂ ਫੜਿਆ ਗਿਆ। ਇਹ ਘਟਨਾ ਸੋਮਵਾਰ ਸ਼ਾਮ ਨੂੰ ਵਾਪਰੀ, ਜਦੋਂ ਬੀਐੱਸਐੱਫ ਦੇ ਜਵਾਨ ਸਰਹੱਦ ’ਤੇ ਆਮ ਨਿਗਰਾਨੀ ਕਰ ਰਹੇ ਸਨ। ਜਵਾਨਾਂ ਨੇ ਮੁਜਾਮਿਲ ਨੂੰ ਸ਼ੱਕੀ ਹਰਕਤਾਂ ਕਰਦਿਆਂ ਦੇਖਿਆ ਅਤੇ ਤੁਰੰਤ ਕਾਰਵਾਈ ਕਰਦਿਆਂ ਉਸ ਨੂੰ ਕਾਬੂ ਕਰ ਲਿਆ।



