
ਜਸਵਿੰਦਰ ਸਿੰਘ ਸੰਧੂ
ਅੰਮ੍ਰਿਤਸਰ, 23 ਅਗਸਤ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ 24 ਅਗਸਤ ਨੂੰ ਸਮਾਗਮ ਕਰਵਾਏ ਜਾ ਰਹੇ ਹਨ। ਇਸ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਫੁੱਲਾਂ ਦੀ ਵਿਸ਼ੇਸ਼ ਸਜਾਵਟ ਦਾ ਕੰਮ ਸ਼ੁਰੂ ਹੋ ਗਿਆ ਹੈ। ਪਿਛਲੀ ਵਾਰ ਦੀ ਤਰ੍ਹਾਂ ਇਸ ਵਾਰ ਵੀ ਸੰਗਤਾਂ ਵੱਲੋਂ ਸੇਵਾ ਨਿਭਾਈ ਜਾ ਰਹੀ ਹੈ। ਇਸ ਫੁੱਲਾਂ ਦੀ ਸਜਾਵਟ ’ਚ ਦੇਸ਼੍ਯਵਿਦੇਸ਼ ਦੇ ਫੁੱਲ ਸਜਾਵਟ ਲਈ ਵਰਤੇ ਜਾਣਗੇ, ਜਿਨ੍ਹਾਂ ਨੂੰ ਵਿਸ਼ੇਸ਼ ਟਰੱਕਾਂ ਰਾਹੀਂ ਲਿਆਂਦਾ ਗਿਆ ਹੈ। ਕੋਲਕਾਤਾ, ਦਿੱਲੀ, ਮੁੰਬਈ ਤੋਂ ਵਿਸ਼ੇਸ਼ ਤੌਰ ‘ਤੇ 100 ਕਾਰੀਗਰ ਪੁੱਜ ਚੁੱਕੇ ਹਨ ਜੋ ਦਿਨ ਰਾਤ ਕੰਮ ਕਰ ਕੇ 250 ਦੇ ਕਰੀਬ ਸ਼ਰਧਾਲੂ ਨਾਲ 23 ਅਗਸਤ ਦੀ ਰਾਤ ਤੱਕ ਫੁੱਲਾਂ ਦੀ ਸਜਾਵਟ ਨੂੰ ਮੁਕੰਮਲ ਕਰਨਗੇ। ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਾ ਕੋਨਾ-ਕੋਨਾ ਫੁੱਲਾਂ ਨਾਲ ਸਜਾਇਆ ਜਾਵੇਗਾ। ਸਜਾਵਟ ਲਈ ਇਹ ਫੁੱਲ ਦੇਸ਼ ਦੇ ਕੋਲਕਾਤਾ, ਕੇਰਲਾ, ਪੂਨਾ, ਦਿੱਲੀ, ਮੁੰਬਈ, ਉੱਤਰ ਪ੍ਰਦੇਸ਼, ਹਿਮਾਚਲ ਆਦਿ ਸ਼ਹਿਰਾਂ ਤੋਂ ਇਲਾਵਾ ਮਲੇਸ਼ੀਆ, ਥਾਈਲੈਂਡ, ਸਿੰਗਾਪੁਰ, ਬੈਂਕਾਕ, ਹਾਲੈਂਡ, ਨਿਊਜ਼ੀਲੈਂਡ, ਕੀਨੀਆ, ਸਾਉਥ ਅਫਰੀਕਾ ਆਦਿ ਤੋਂ ਮੰਗਵਾਏ ਗਏ ਹਨ, ਉੱਥੋਂ ਇਹ ਫੁੱਲ ਭਾਰਤ ਮੰਗਵਾਏ ਗਏ ਹਨ। ਸਜਾਵਟ ’ਚ ਜਿੱਥੇ ਗੋਲੇ, ਝੂਮਰ, ਲੜੀਆਂ ਆਦਿ ਫੁੱਲਾਂ ਨਾਲ ਤਿਆਰ ਕੀਤੇ ਜਾਣਗੇ, ਉੱਥੇ ਖੰਡਾ ਤੇ ਇਕ ਓਂਕਾਰ ਨੂੰ ਵਿਸ਼ੇਸ਼ ਝਾਲਰ ਵਜੋਂ ਤਿਆਰ ਕੀਤਾ ਜਾ ਰਿਹਾ ਹੈ। ਫੁੱਲਾਂ ’ਚ ਸਭ ਤੋਂ ਵੱਧ ਤਦਾਦ ਗੇਂਦਾਂ ਤੇ ਪੱਤੀਆਂ ਦੀ ਹੈ, ਜਿਸ ਨੂੰ ਲੜੀਆਂ ਤੇ ਵਿਦੇਸ਼ੀ ਫੁੱਲਾਂ ਨਾਲ ਜੋੜ ਕੇ ਵਰਤਿਆ ਜਾਵੇਗਾ। ਪਹਿਲੇ ਗ੍ਰੰਥੀ ਬਾਬਾ ਬੁੱਢਾ ਜੀ ਨੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਚ ਕੀਤਾ ਸ਼ੁਸ਼ੋਭਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਦਾ ਮਹਾਨ ਕਾਰਜ ਪੰਜਵੇਂ ਗੁਰੂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਅੰਮ੍ਰਿਤਸਰ ਵਿਖੇ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਦੇ ਰਮਣੀਕ ਅਸਥਾਨ ’ਤੇ ਕੀਤਾ। ਗੁਰੂ ਸਾਹਿਬ ਨੇ ਉਸ ਸਮੇਂ ਦੇ ਮਹਾਨ ਵਿਦਵਾਨ ਭਾਈ ਗੁਰਦਾਸ ਜੀ ਪਾਸੋਂ ਗੁਰਬਾਣੀ ਲਿਖਣ ਦੀ ਸੇਵਾ ਲਈ ਸੀ। ਇਹ ਪਵਿੱਤਰ ਕਾਰਜ ਸੰਪੂਰਨ ਹੋਣ ਉਪਰੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬੀੜ ਨੂੰ ਭਾਦਰੋਂ ਸੁਦੀ 1 ਸੰਮਤ 1661 ਦੇ ਦਿਨ ਨਗਰ ਕੀਰਤਨ ਦੇ ਰੂਪ ’ਚ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਿਆ ਕੇ ਪ੍ਰਕਾਸ਼ ਕੀਤਾ ਗਿਆ। ਸਾਰੇ ਰਸਤੇ ਵਿਚ ਸਿੱਖ ਸੰਗਤਾਂ ਉਤਸ਼ਾਹ ਨਾਲ ਇਸ ਅਲੌਕਿਕ ਅਤੇ ਇਤਿਹਾਸਕ ਪਲਾ ਨੂੰ ਆਪਣੇ ਜੀਵਨ ਦਾ ਹਿੱਸਾ ਬਣਾਉਂਣ ਲਈ ਖੜ੍ਹੀਆਂ ਸਨ ਤੇ ਸ੍ਰੀ ਗੁਰੂ ਅਰਜਨ ਦੇਵ ਜੀ ਆਪ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਉੱਤੇ ਚੌਰ ਕਰ ਰਹੇ ਸਨ, ਸੰਗਤਾਂ ਵੀ ਪਿਛੇ ਚੱਲ ਰਹੀਆਂ ਸਨ। ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਵੱਜੋਂ ਸੇਵਾ ਮਿਲੀ ਤੇ ਬਾਬਾ ਬੁੱਢਾ ਸਾਹਿਬ ਜੀ ਨੇ ਹੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਪਾਵਨ ਸਰੂਪ ਨੂੰ ਸ਼ੁਸ਼ੋਭਿਤ ਕੀਤਾ ਤੇ ਪਹਿਲਾ ਹੁਕਮਨਾਮਾ ਲਿਆ। ਕੌਮੀ ਏਕਤਾ ਤੇ ਸਦਭਾਵਨਾ ਦਾ ਪ੍ਰਤੀਕ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਤੋਂ ਸ੍ਰੀ ਗੁਰੂ ਅਰਜਨ ਦੇਵ ਜੀ ਦੇ ਮਨ ਦੀ ਵਿਸ਼ਾਲਤਾ, ਹਰ ਧਰਮ ਦੇ ਲੋਕਾਂ ’ਚ ਪਰਸਪਰ ਪਿਆਰ ਰੱਖਣ ਦੇ ਉਪਰਾਲੇ, ਜਾਤ-ਪਾਤ, ਇਲਾਕਾਵਾਦ ਤੇ ਬੋਲੀ ਦੇ ਝਗੜਿਆਂ ਤੋਂ ਉੱਚਾ ਉੱਠਣ ਦਾ ਪ੍ਰਤੱਖ ਸਬੂਤ ਮਿਲਦਾ ਹੈ। ਵਿਸ਼ਵ ਦੇ ਸਭ ਧਰਮ-ਗ੍ਰੰਥਾਂ ਵਿਚੋਂ ਇਹੋ ਇਕੋ ਇਕ ਧਾਰਮਿਕ ਗ੍ਰੰਥ, ਸ੍ਰੀ ਗੁਰੂ ਗ੍ਰੰਥ ਸਾਹਿਬ ਹਨ, ਜਿਨ੍ਹਾਂ ਨੂੰ ਰਾਸ਼ਟਰੀ ਏਕਤਾ ਅਤੇ ਆਪਸੀ ਸਦਭਾਵਨਾ ਦਾ ਪ੍ਰਤੀਕ ਕਿਹਾ ਜਾ ਸਕਦਾ ਹੈ। ਬਾਣੀ ਦੀ ਚੋਣ ਕਰਦੇ ਸਮੇਂ ਗੁਰੂ ਸਾਹਿਬ ਨੇ ਰਚਨਾਕਾਰ ਦੀ ਜਾਤ-ਪਾਤ, ਰੰਗ, ਨਸਲ, ਧਰਮ, ਦੇਸ਼ ਆਦਿ ਕਿਸੇ ਵੀ ਕਿਸਮ ਦਾ ਵਿਚਾਰ ਨਹੀਂ ਰੱਖਿਆ, ਬਲਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ’ਚ ਸਮੁੱਚੇ ਭਾਰਤ ਦੀ ਅਧਿਆਤਮਕਤਾ ਨੂੰ ਵੀ ਸਤਿਕਾਰ ਦਿੱਤਾ ਗਿਆ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਠੋਸ ਤੇ ਦਲੀਲ ਭਰਪੂਰ ਸਿਧਾਂਤ ਪੇਸ਼ ਕੀਤੇ ਗਏ ਹਨ। ਪਾਵਨ ਸਰੂਪ ’ਚ ਗੁਰੂ ਸਾਹਿਬਾਨ, ਮਹਾਂਪੁਰਸ਼ਾਂ, ਭਗਤਾਂ ਤੇ ਭੱਟਾਂ ਵੱਲੋਂ ਉਚਾਰਨ ਕੀਤੀ ਬਾਣੀ ਨੂੰ ਦਰਜ ਕੀਤਾ ਸੀ, ਇੰਨ-ਬਿੰਨ ਉਸੇ ਰੂਪ ਵਿਚ ਮੌਜੂਦ ਹੈ। 1604 ਈਸਵੀ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਹਿਲਾ ਪ੍ਰਕਾਸ਼ ਕੀਤਾ ਗਿਆ, ਇਸ ਦਿਨ ਨੂੰ ਹਰ ਸਾਲ ਪੁਰਾਤਨ ਮਰਿਆਦਾ ਅਨੁਸਾਰ ਗੁਰਦੁਆਰਾ ਸ੍ਰੀ ਰਾਮਸਰ ਸਾਹਿਬ ਤੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੱਕ ਨਗਰ ਕੀਰਤਨ ਵਜੋਂ ਮਨਾਇਆ ਜਾਂਦਾ ਹੈ। ਇਸ ਮੌਕੇ ਦੇਸ਼ ਵਿਦੇਸ਼ ਤੋਂ ਸੰਗਤਾਂ ਦਰਸ਼ਨ ਕਰਨ ਲਈ ਪੁੱਜਦੀਆਂ ਹਨ।



