
ਮੋਗਾ, 11 ਅਕਤੂਬਰ : ਪਰਿਵਾਰ ਦੀ ਗ਼ਰੀਬੀ ਦੂਰ ਕਰਨ ਰੂਸ ਗਏ ਪਿੰਡ ਚੱਕ ਕਨੀਆਂ ਕਲਾਂ ਦੇ ਨੌਜਵਾਨ ਨੂੰ ਜਬਰੀ ਰੂਸੀ ਫ਼ੌਜ ’ਚ ਭੇਜ ਦਿੱਤਾ ਗਿਆ। ਉੱਥੇ ਜੰਗ ਦੌਰਾਨ ਜ਼ਖਮੀ ਹੋਣ ਤੋਂ ਬਾਅਦ ਉਹ ਰੂਸ ਦੇ ਹਸਪਤਾਲ ’ਚ ਦਾਖ਼ਲ ਹੈ। ਨੌਜਵਾਨ ਦਾ ਪਰਿਵਾਰ ਚਿੰਤਾ ’ਚ ਹੈ ਤੇ ਉਸਨੇ ਵਿਦੇਸ਼ ਮੰਤਰਾਲੇ ਨੂੰ ਨੌਜਵਾਨ ਦੀ ਵਤਨ ਵਾਪਸੀ ਦੀ ਅਪੀਲ ਕੀਤੀ ਹੈ। ਵਿਧਾਨ ਸਭਾ ਹਲਕਾ ਧਰਮਕੋਟ ’ਚ ਪੈਂਦੇ ਪਿੰਡ ਚੱਕ ਕਨੀਆਂ ਕਲਾਂ ਦੇ ਨੌਜਵਾਨ ਬੂਟਾ ਦੀ ਭੈਣ ਨੇ ਭਰਾ ਨਾਲ ਵੀਡੀਓ ਕਾਲ ਕਰ ਕੇ ਗੱਲ ਕੀਤੀ ਤੇ ਹਾਲਾਤ ਜਾਣਨ ਮਗਰੋਂ ਉਸਨੂੰ ਵਾਪਸ ਲਿਆਉਣ ਦੀ ਮੰਗ ਕੀਤੀ। ਬੂਟਾ ਸਿੰਘ ਦੇ ਪਰਿਵਾਰ ਨਾਲ ਸਾਬਕਾ ਵਿਧਾਇਕ ਤੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਾਕਾ ਸੁਖਜੀਤ ਸਿੰਘ ਲੋਹਗੜ੍ਹ ਨੇ ਮੁਲਾਕਾਤ ਕਰ ਕੇ ਸਹਿਯੋਗ ਕਰਨ ਦਾ ਭਰੋਸਾ ਦਿੱਤਾ। ਬੂਟਾ ਸਿੰਘ ਦੀ ਭੈਣ ਕਰਮਜੀਤ ਕੌਰ ਨੇ ਕਿਹਾ ਕਿ ਉਹ ਦੋ ਭੈਣਾਂ ਹਨ। ਉਨ੍ਹਾਂ ਦਾ ਇਕਲੌਤਾ ਭਰਾ ਘਰ ਦੇ ਹਾਲਾਤ ਠੀਕ ਕਰਨ ਲਈ 24 ਅਕਤੂਬਰ 2024 ਨੂੰ ਰੂਸ ਗਿਆ ਸੀ। ਉਨ੍ਹਾਂ ਉੱਥੇ ਅੱਠ ਮਹੀਨੇ ਵਧੀਆ ਕੰਮ ਕੀਤਾ। ਫਿਰ ਕੰਮਕਾਜ ਨਾ ਮਿਲਣ ’ਤੇ ਇਕ ਔਰਤ ਨਾਲ ਤਾਲਮੇਲ ਕੀਤਾ। ਉਸ ਔਰਤ ਨੇ ਬੰਕਰ ਬਣਾਉਣ ਤੇ ਸਾਮਾਨ ਢੋਣ ਦਾ ਕੰਮ ਦਿਵਾਉਣ ਦੀ ਗੱਲ ਕਹੀ। ਉੱਥੋਂ ਉਸਦੇ ਭਰਾ ਨੂੰ ਜਬਰੀ ਰੂਸੀ ਫ਼ੌਜ ’ਚ ਭੇਜ ਦਿੱਤਾ ਗਿਆ। ਉੱਥੇ ਉਹ ਜ਼ਖਮੀ ਹੋ ਗਿਆ। ਉਸਦੀ ਹਾਲਤ ਗੰਭੀਰ ਹੈ। ਉਸਦੀ ਇਕ ਸਰਜਰੀ ਹੋ ਗਈ ਹੈ ਤੇ ਦੂਜੀ ਹੋਣੀ ਹੈ। ਕਰਮਜੀਤ ਕੌਰ ਨੇ ਕਿਹਾ ਕਿ ਉਹ ਖ਼ੁਦ ਦਿੱਲੀ ਗਈ ਸੀ। ਉੱਥੇ ਵਿਦੇਸ਼ ਮੰਤਰਾਲੇ ਨੇ ਉਨ੍ਹਾਂ ਨੂੰ ਸਹਿਯੋਗ ਕਰਨ ਦਾ ਪੂਰਾ ਭਰੋਸਾ ਦਿੱਤਾ ਹੈ। ਕਰਮਜੀਤ ਕੌਰ ਨੇ ਕਿਹਾ ਕਿ ਉਸਦੇ ਭਰਾ ਦੀ ਹਾਲਤ ਜ਼ਿਆਦਾ ਖਰਾਬ ਹੈ। ਹਾਲਾਂਕਿ ਉਹ ਉਨ੍ਹਾਂ ਨੂੰ ਦਿਲਾਸਾ ਦੇ ਰਹੇ ਹਨ ਕਿ ਉਹ ਠੀਕ ਹੈ।
ਬੂਟਾ ਸਿੰਘ ਦੇ ਪਿਤਾ ਰਾਮ ਸਿੰਘ ਨੇ ਰੋਂਦੇ ਹੋਏ ਕਿਹਾ ਕਿ ਪਰਿਵਾਰ ਦੀ ਗ਼ਰੀਬੀ ਦੂਰ ਕਰਨ ਲਈ ਉਨ੍ਹਾਂ ਨੇ ਪੁੱਤਰ ਨੂੰ ਵਿਦੇਸ਼ ਭੇਜਿਆ ਸੀ। ਹੁਣ ਬੇਟੇ ਨਾਲ ਅਜਿਹੀ ਘਟਨਾ ਹੋਣ ਨਾਲ ਪਰਿਵਾਰ ਸਦਮੇ ’ਚ ਹੈ। ਕੁਝ ਦਿਨ ਪਹਿਲਾਂ ਬੂਟਾ ਸਿੰਘ ਨੇ ਉਨ੍ਹਾਂ ਨਾਲ ਗੱਲ ਕੀਤੀ ਸੀ ਤੇ ਕੁਝ ਪੈਸੇ ਵੀ ਘਰ ਭੇਜੇ ਸਨ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀਆਂ ਦੋ ਬੇਟੀਆਂ ਹਨ ਤੇ ਇਕ ਹੀ ਬੇਟਾ ਹੈ। ਉਹ ਹੁਣ ਬਿਮਾਰ ਰਹਿੰਦੇ ਹਨ। ਬੁਢਾਪੇ ’ਚ ਪੂਰਾ ਪਰਿਵਾਰ ਚਿੰਤਾ ’ਚ ਹੈ।
ਅੱਠ ਦਿਨਾਂ ’ਚ ਵੀਜ਼ਾ ਦਿਵਾ ਕੇ ਭੇਜ ਦਿੱਤਾ ਸੀ ਰੂਸ
ਬੂਟਾ ਸਿੰਘ ਦੀ ਭੈਣ ਕਰਮਜੀਤ ਕੌਰ ਨੇ ਕਿਹਾ ਕਿ ਉਨ੍ਹਾਂ ਦਾ ਭਰਾ ਇਕ ਸਾਲ ਪਹਿਲਾਂ ਦਿੱਲੀ ਦੇ ਇਕ ਏਜੰਟ ਨੂੰ ਯੂਟਿਊਬ ਰਾਹੀਂ ਮਿਲਿਆ ਸੀ। ਉਸਨੇ ਸਾਢੇ ਤਿੰਨ ਲੱਖ ਰੁਪਏ ਲੈ ਕੇ ਉਸਦਾ ਅੱਠ ਦਿਨਾਂ ’ਚ ਵੀਜ਼ਾ ਦਿਵਾ ਕੇ ਰੂਸ ਭੇਜ ਦਿੱਤਾ। ਇਕ ਸਾਲ ਬਾਅਦ ਅਚਾਨਕ ਉਸਦਾ ਇਕ ਵੀਡੀਓ ਮਿਲਿਆ, ਜਿਸ ’ਚ ਉਸਦੇ ਭਰਾ ਸਮੇਤ ਹੋਰ ਕੁਝ ਲੋਕ ਆਪਣੀ ਜਾਨ ਬਚਾਉਣ ਦੀ ਮੰਗ ਕਰਦੇ ਨਜ਼ਰ ਆ ਰਹੇ ਸਨ। ਉਨ੍ਹਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੇ ਭਰਾ ਨੂੰ ਛੇਤੀ ਤੋਂ ਛੇਤੀ ਭਾਰਤ ਲਿਆਂਦਾ ਜਾਏ। ਕਰਮਜੀਤ ਨੇ ਕਿਹਾ ਕਿ 15 ਨੌਜਵਾਨ ਰੂਸ ਗਏ ਸਨ ਜਿਨ੍ਹਾਂ ’ਚੋਂ 14 ਹਾਲੇ ਗਾਇਬ ਹਨ।



