Punjab

ਅਸ਼ਵਨੀ ਸ਼ਰਮਾ, ਸੁਖਬੀਰ, ਪ੍ਰਗਟ ਤੇ ਖਹਿਰਾ ਦੇ ਘਰਾਂ ਦੇ ਬਾਹਰ ਆਪ ਦਾ ਪ੍ਰਦਰਸ਼ਨ

ਇਸ ਮਾਮਲੇ 'ਚ ਜਤਾਇਆ ਇਤਰਾਜ਼

ਜਸਵਿੰਦਰ ਸਿੰਘ ਸੰਧੂ

ਚੰਡੀਗੜ੍ਹ, 11 ਜਨਵਰੀ : ਆਮ ਆਦਮੀ ਪਾਰਟੀ ਨੇ ਸ਼ਨਿਚਰਵਾਰ ਨੂੰ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਭਾਜਪਾ, ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵਿਰੁੱਧ ਰਾਜ ਪੱਧਰੀ ਵਿਰੋਧ ਪ੍ਰਦਰਸ਼ਨ ਕੀਤੇ। ‘ਆਪ’ ਆਗੂਆਂ ਅਤੇ ਵਰਕਰਾਂ ਨੇ ਭਾਜਪਾ ਦੇ ਕਾਰਜਕਾਰੀ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ, ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਅਤੇ ਸੁਖਪਾਲ ਖਹਿਰਾ ਦੇ ਘਰਾਂ ਦੇ ਬਾਹਰ ਵਿਰੋਧ ਪ੍ਰਦਰਸ਼ਨ ਅਤੇ ਧਰਨੇ ਦਿੱਤੇ। ਇਹ ਵਿਰੋਧ ਪ੍ਰਦਰਸ਼ਨ ਉਕਤ ਆਗੂਆਂ ਵੱਲੋਂ ਇੰਟਰਨੈੱਟ ਮੀਡੀਆ ’ਤੇ ਜਾਅਲੀ ਵੀਡੀਓ ਸਾਂਝੀ ਕਰਨ ਦੇ ਖਿਲਾਫ ਸੀ, ਜਿਸ ਨੂੰ ਜਨਤਾ ਨੂੰ ਗੁਮਰਾਹ ਕਰਨ ਅਤੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਲਈ ਸੰਪਾਦਿਤ ਕੀਤਾ ਗਿਆ ਸੀ। ਮਹੱਤਵਪੂਰਨ ਗੱਲ ਇਹ ਹੈ ਕਿ ਫੋਰੈਂਸਿਕ ਜਾਂਚ ਨੇ ਵੀ ਪੁਸ਼ਟੀ ਕੀਤੀ ਹੈ ਕਿ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਦੇ ਇੰਟਰਨੈੱਟ ਮੀਡੀਆ ਖਾਤੇ ਤੋਂ ਪ੍ਰਸਾਰਿਤ ਵੀਡੀਓ ’ਚ ਜਾਣਬੁੱਝ ਕੇ ਹੇਰ-ਫੇਰ ਕੀਤਾ ਗਿਆ ਹੈ। ਫੋਰੈਂਸਿਕ ਰਿਪੋਰਟ ਤੋਂ ਬਾਅਦ ਜਲੰਧਰ ਵਿੱਚ ਮਿਸ਼ਰਾ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ। ਇਸ ਦੌਰਾਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਵਿਜੇਂਦਰ ਗੁਪਤਾ ਨੇ ਪੰਜਾਬ ਦੇ ਡੀਜੀਪੀ ਸਮੇਤ ਤਿੰਨ ਉੱਚ ਅਧਿਕਾਰੀਆਂ ਨੂੰ ਨੋਟਿਸ ਜਾਰੀ ਕੀਤੇ ਹਨ ਜਿਸ ਵਿੱਚ ਦਿੱਲੀ ਦੇ ਕਾਨੂੰਨ ਮੰਤਰੀ ਕਪਿਲ ਮਿਸ਼ਰਾ ਵਿਰੁੱਧ ਸਦਨ ਤੋਂ ਵੀਡੀਓ ਕਲਿੱਪ ਨੂੰ ਲੈ ਕੇ ਪੰਜਾਬ ਵਿੱਚ ਦਰਜ ਐੱਫਆਈਆਰ ਦੇ ਸਬੰਧ ਵਿੱਚ 48 ਘੰਟਿਆਂ ਦੇ ਅੰਦਰ ਜਵਾਬ ਮੰਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਸ਼ਨੀਵਾਰ ਨੂੰ ਪਠਾਨਕੋਟ ਵਿੱਚ ਅਸ਼ਵਨੀ ਸ਼ਰਮਾ, ਜਲੰਧਰ ਵਿੱਚ ਪ੍ਰਗਟ ਸਿੰਘ, ਲੰਬੀ ਵਿੱਚ ਸੁਖਬੀਰ ਬਾਦਲ ਅਤੇ ਭੁਲੱਥ ਵਿੱਚ ਸੁਖਪਾਲ ਖਹਿਰਾ ਦੇ ਘਰਾਂ ਦੇ ਬਾਹਰ ਕੀਤੇ ਗਏ ਵਿਰੋਧ ਪ੍ਰਦਰਸ਼ਨਾਂ ਦੌਰਾਨ ‘ਆਪ’ ਆਗੂਆਂ ਨੇ ਕਿਹਾ ਕਿ ਇਨ੍ਹਾਂ ਪਾਰਟੀਆਂ ਦਾ ਰਾਜਨੀਤਿਕ ਲਾਭ ਲਈ ਧਰਮ ਤੇ ਜਾਤੀ ਦੀ ਵਰਤੋਂ ਕਰਨ ਦਾ ਲੰਮਾ ਇਤਿਹਾਸ ਹੈ। ਸੱਤਾ ਦੀ ਭੁੱਖ ਵਿੱਚ ਉਨ੍ਹਾਂ ਨੇ ਧਰਮ, ਜਾਤ ਜਾਂ ਸਾਡੇ ਸਤਿਕਾਰਯੋਗ ਗੁਰੂਆਂ ਨੂੰ ਵੀ ਨਹੀਂ ਛੱਡਿਆ। ਉਹ ਇੱਕ ਵਾਰ ਫਿਰ ਆਪਣੇ ਫਾਇਦੇ ਲਈ ਵੰਡਣ ਵਾਲੀ ਰਾਜਨੀਤੀ ਦੀ ਕੋਸ਼ਿਸ਼ ਕਰ ਰਹੇ ਹਨ। ‘ਆਪ’ ਨੇ ਸਪੱਸ਼ਟ ਕੀਤਾ ਕਿ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਜਾਂ ਮਨਘੜਤ ਸਮੱਗਰੀ ਰਾਹੀਂ ਜਨਤਾ ਨੂੰ ਗੁਮਰਾਹ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਪਾਰਟੀ ਨੇ ਜਾਅਲੀ ਵੀਡੀਓ ਬਣਾਉਣ ਅਤੇ ਪ੍ਰਸਾਰਿਤ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਦੀ ਮੰਗ ਕੀਤੀ। ਆਮ ਆਦਮੀ ਪਾਰਟੀ ਦੇ ਸੀਨੀਅਰ ਨੇਤਾ ਅਤੇ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਲਿਖਿਆ ਕਿ ਜੋ ਆਗੂ ਛੋਟੇ ਸਿਆਸੀ ਲਾਭ ਲਈ ਜਾਅਲੀ ਵੀਡੀਓ ਪ੍ਰਸਾਰਿਤ ਕਰਦੇ ਹਨ ਅਤੇ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਤੋਂ ਝਿਜਕਦੇ ਨਹੀਂ , ਉਹ ਸਲਾਖਾਂ ਪਿੱਛੇ ਹੋਣ ਦੇ ਹੱਕਦਾਰ ਹਨ। ਉਨ੍ਹਾਂ ਕਿਹਾ ਕਿ ਅਜਿਹੇ ਆਗੂਆਂ ਵਿਰੁੱਧ ਜਨਤਕ ਗੁੱਸਾ ਪੂਰੀ ਤਰ੍ਹਾਂ ਜਾਇਜ਼ ਹੈ, ਜਿਨ੍ਹਾਂ ਨੇ ਦਿੱਲੀ ਵਿਧਾਨ ਸਭਾ ਵਿੱਚ ਜਾਣਬੁੱਝ ਕੇ ਆਤਿਸ਼ੀ ਦੀ ਵੀਡੀਓ ਨੂੰ ਸੰਪਾਦਿਤ ਕੀਤਾ ਅਤੇ ਗੁਰੂ ਸਾਹਿਬਾਨ ਨੂੰ ਬਦਨਾਮ ਕਰਨ ਲਈ ਜ਼ਬਰਦਸਤੀ ਹਵਾਲੇ ਸ਼ਾਮਲ ਕੀਤੇ। ਉਨ੍ਹਾਂ ਕਿਹਾ ਕਿ ਅਕਾਲੀ ਦਲ ਦੇ ਨੇਤਾ ਸੁਖਬੀਰ ਬਾਦਲ, ਕਾਂਗਰਸ ਦੇ ਸੁਖਪਾਲ ਖਹਿਰਾ ਅਤੇ ਪ੍ਰਗਟ ਸਿੰਘ ਅਤੇ ਭਾਜਪਾ ਨੇਤਾ ਅਸ਼ਵਨੀ ਸ਼ਰਮਾ ਨੇ ਗੁਰੂ ਸਾਹਿਬਾਨ ਦਾ ਅਪਮਾਨ ਕਰਨ ਵਾਲੀ ਅਪਮਾਨਜਨਕ ਵੀਡੀਓ ਨੂੰ ਵਾਇਰਲ ਕੀਤਾ। ਜਲੰਧਰ ਵਿੱਚ ਪ੍ਰਗਟ ਸਿੰਘ ਦੇ ਘਰ ਦੇ ਬਾਹਰ ਵਿਰੋਧ ਪ੍ਰਦਰਸ਼ਨ ਨੂੰ ਸੰਬੋਧਨ ਕਰਦੇ ਹੋਏ ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਵਿਰੋਧੀ ਪਾਰਟੀਆਂ ਦੀ ਸਖ਼ਤ ਆਲੋਚਨਾ ਕਰਦੇ ਹੋਏ ਕਿਹਾ ਕਿ ਵਿਕਾਸ ਅਤੇ ਲੋਕ ਭਲਾਈ ਦੇ ਮੁੱਦਿਆਂ ’ਤੇ ਧਿਆਨ ਕੇਂਦਰਿਤ ਕਰਨ ਦੀ ਬਜਾਏ ਉਹ ਗਲਤ ਵੀਡੀਓ ਰਾਹੀਂ ਝੂਠ ਫੈਲਾਉਣ ਦਾ ਸਹਾਰਾ ਲੈ ਰਹੇ ਹਨ। ਉਨ੍ਹਾਂ ਕਿਹਾ ਕਿ ਜਦੋਂ ਵਿਰੋਧੀ ਧਿਰ ਕੰਮ ਅਤੇ ਵਿਕਾਸ ਦੇ ਮੁੱਦੇ ’ਤੇ ਮਾਨ ਸਰਕਾਰ ਨੂੰ ਘੇਰਨ ਵਿੱਚ ਅਸਫਲ ਰਹੀ ਹੈ ਤਾਂ ਉਨ੍ਹਾਂ ਨੇ ਜਾਣਬੁੱਝ ਕੇ ‘ਆਪ’ ਨੇਤਾ ਆਤਿਸ਼ੀ ਦੀ ਜਾਅਲੀ ਵੀਡੀਓ ਪ੍ਰਸਾਰਿਤ ਕਰ ਕੇ ਜਨਤਾ ਨੂੰ ਗੁਮਰਾਹ ਕਰਨ ਦਾ ਸਹਾਰਾ ਲਿਆ ਹੈ।

Related Articles

Leave a Reply

Your email address will not be published. Required fields are marked *

Back to top button