
ਲੁਧਿਆਣਾ, 7 ਜਨਵਰੀ– ਲੁਧਿਆਣਾ ’ਚ ਵਗਦੇ ਹੋਏ ਬੁੱਢਾ ਦਰਿਆ ਦੇ ਦੂਸ਼ਿਤ ਪਾਣੀ ਨੂੰ ਪੰਜਾਬ ਤੋਂ ਰਾਜਸਥਾਨ ਤੱਕ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਦੇਣ ਲਈ ਜ਼ਿੰਮੇਵਾਰ ਠਹਿਰਾਇਆ ਜਾ ਰਿਹਾ ਹੈ। ਹਾਲਾਂਕਿ ਸਾਬਕਾ ਸਰਕਾਰਾਂ ਵੱਲੋਂ ਬੁੱਢਾ ਦਰਿਆ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਜੱਦੋ–ਜਹਿਦ ਕੀਤੀ ਜਾਂਦੀ ਰਹੀ ਹੈ। ਬਾਵਜੂਦ ਇਸ ਦੇ ਪ੍ਰਸ਼ਾਸਨ ਤੇ ਸਰਕਾਰਾਂ ਬੁੱਢਾ ਦਰਿਆ ਦੇ ਪ੍ਰਦੂਸ਼ਣ ਦੇ ਅਸਲ ਕਾਰਨਾਂ ਦੀ ਸਮੀਖਿਆ ਕਰਨ ’ਚ ਅਸਮਰੱਥ ਤੇ ਅਸਫਲ ਸਾਬਤ ਰਹੇ ਹਨ, ਜਿਸ ਕਾਰਨ ਬੁੱਢਾ ਦਰਿਆ ਤੇ ਪ੍ਰਦੂਸ਼ਣ ਅੱਜ ਵੀ ਜਿਓਂ ਦਾ ਤਿਓਂ ਬਣਿਆ ਹੋਇਆ ਹੈ। ਦੱਸਣਾ ਬਣਦਾ ਹੈ ਕਿ ਉਕਤ ਸਮੱਸਿਆ ਦੇ ਨਿਵਾਰਨ ਲਈ ਪਦਮਸ਼੍ਰੀ ਸੰਤ ਬਾਬਾ ਬਲਬੀਰ ਸਿੰਘ ਸੀਚੇਵਾਲ ਮੈਂਬਰ ਰਾਜ ਸਭਾ ਵੱਲੋਂ ਆਪਣੇ ਜਨਮ ਦਿਹਾੜੇ 2 ਫਰਵਰੀ 2024 ਨੂੰ ਲੁਧਿਆਣਾ ਫੇਰੀ ਦੌਰਾਨ ਬੁੱਢਾ ਦਰਿਆ ਨੂੰ ਸਾਫ ਕਰਨ ਦਾ ਪ੍ਰਣ ਲਿਆ ਗਿਆ ਸੀ, ਜਿਨ੍ਹਾਂ ਵੱਲੋਂ ਬੁੱਢਾ ਦਰਿਆ ਦੇ ਪ੍ਰਦੂਸ਼ਣ ਦੇ ਕਾਰਨਾਂ ਦੀ ਸਮੀਖਿਆ ਕਰਦੇ ਹੋਏ ਬੁੱਢਾ ਦਰਿਆ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ, ਜਿਸ ਦੇ ਪਹਿਲੇ ਪੜਾਅ ’ਚ ਸੰਤ ਸੀਚੇਵਾਲ ਟੀਮ ਵੱਲੋਂ ਬੁੱਢਾ ਦਰਿਆ ਕੰਢੇ ਰਸਤੇ ਬਣਾ ਬੂਟੇ ਲਾਉਣ ਦਾ ਕਾਰਜ ਆਰੰਭਿਆ ਗਿਆ, ਜਿਸ ਦੇ ਮੁਕੰਮਲ ਹੋਣ ਤੋਂ ਬਾਅਦ ਦੂਸਰੇ ਪੜਾਅ ’ਚ ਬੁੱਢਾ ਦਰਿਆ ’ਚ ਡੇਅਰੀਆਂ ਤੇ ਪਸ਼ੂਆਂ ਦਾ ਮਲ-ਮੂਤਰ ਰੋਕਣ ਲਈ ਸਖਤ ਕਦਮ ਚੁੱਕੇ ਤੇ ਡੇਅਰੀਆਂ ਤੇ ਪਸ਼ੂਆਂ ਦੇ ਗੋਬਰ ਤੇ ਮੂਤਰ ਚੁੱਕਣ ਲਈ ਵੈਕਿਊਮ ਤੇ ਟਰਾਲੀਆਂ ਦੀ ਕਾਰ ਸੇਵਾ ਸ਼ੁਰੂ ਕੀਤੀ ਤਾਂ ਜੋ ਪਸ਼ੂਆਂ ਦੇ ਮਲ-ਮੂਤਰ ਨੂੰ ਬੁੱਢਾ ਦਰਿਆ ’ਚ ਡਿਸਪੋਜਲ ਹੋਣ ਤੋਂ ਰੋਕਿਆ ਜਾ ਸਕੇ। ਇਸ ਦੇ ਨਾਲ ਸ਼ਹਿਰ ਦਾ ਅਨਟ੍ਰੀਟਡ ਪਾਣੀ ਦੇ ਡਿਸਪੋਜਲ ਹੋਣ ਤੋਂ ਰੋਕਣ ਲਈ ਅਦਾਲਤੀ ਵਿਵਾਦ ਦੇ ਚੱਲਦੇ ਗਊਘਾਟ ਸਥਿਤ ਰੁਕੇ ਹੋਏ ਪੰਪਿੰਗ ਸਟੇਸ਼ਨ ਦਾ ਕੰਮ ਦਾ ਬਦਲਵਾਂ ਹੱਲ ਕਰਦੇ ਹੋਏ ਗੰਧਲੇ ਪਾਣੀ ਨੂੰ ਐੱਸਟੀਪੀ ਤੱਕ ਪਹੁੰਚਾਉਣ ਲਈ ਆਰਜ਼ੀ ਪੰਪਿੰਗ ਸਟੇਸ਼ਨ ਦਾ ਨਿਰਮਾਣ ਕੁਝ ਦਿਨਾਂ ’ਚ ਮੁਕੰਮਲ ਕਰ ਲਿਆ ਗਿਆ ਤੇ ਇਸ ਦੌਰਾਨ ਸੰਤ ਸੀਚੇਵਾਲ ਵੱਲੋਂ ਸਬੰਧਤ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਬੁੱਢਾ ਦਰਿਆ ਨੂੰ ਦੂਸ਼ਿਤ ਕਰਨ ਵਾਲੇ ਗੈਰ-ਕਾਨੂੰਨੀ ਪ੍ਰਦੂਸ਼ਕ ਫੈਕਟਰੀਆਂ ’ਤੇ ਸਖਤ ਕਾਰਵਾਈ ਕਰਨ ਦੇ ਨਿਰਦੇਸ਼ ਦਿੱਤੇ ਗਏ, ਜਿਸ ਤੋਂ ਬਾਅਦ ਸਬੰਧਤ ਵਿਭਾਗਾਂ ਵੱਲੋਂ ਵੱਡੀ ਗਿਣਤੀ ’ਚ ਪ੍ਰਦੂਸ਼ਕ ਫੈਕਟਰੀਆਂ ’ਤੇ ਕਾਰਵਾਈ ਕੀਤੀ ਜਾ ਰਹੀ ਹੈ। ਦੱਸ ਦਈਏ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੀ ਟੀਮ ਵੱਲੋਂ ਉਲੀਕੀ ਬੁੱਢਾ ਦਰਿਆ ਸਫਾਈ ਮੁਹਿੰਮ ਕਾਰਨ ਬੁੱਢਾ ਦਰਿਆ ਦੀ ਨੁਹਾਰ ਤੇਜ਼ੀ ਨਾਲ ਬਦਲ ਰਹੀ ਹੈ।



