
ਸ੍ਰੀ ਗੋਇੰਦਵਾਲ ਸਾਹਿਬ, 24 ਦਸੰਬਰ : ਝਗੜ ਕੇ ਪੇਕੇ ਘਰ ਆਈ ਪਤਨੀ ਨੂੰ ਲੈਣ ਆਏ ਪਤੀ ਨੇ ਉਥੇ ਕਥਿਤ ਤੌਰ ’ਤੇ ਹੋਈ ਬੇਇੱਜ਼ਤੀ ਨੂੰ ਨਾ ਸਹਾਰਦਿਆਂ ਜ਼ਹਿਰੀਲਾ ਪਦਾਰਥ ਨਿਗਲ ਲਿਆ ਜਿਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਦਾਖਲ ਕਰਵਾਇਆ ਗਿਆ। ਜਿਥੇ ਇਲਾਜ ਦੌਰਾਨ ਉਸ ਨੇ ਦਮ ਤੋੜ ਦਿੱਤਾ। ਦੂਜੇ ਪਾਸੇ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਿਸ ਨੇ ਲਾਸ਼ ਕਬਜੇ ਵਿਚ ਲੈ ਕੇ ਮ੍ਰਿਤਕ ਦੀ ਪਤਨੀ ਵਿਰੁੱਧ ਕੇਸ ਦਰਜ ਕਰ ਲਿਆ ਹੈ। ਮੱਸਾ ਸਿੰਘ ਪੱਤਰ ਦਾਰਾ ਸਿੰਘ ਵਾਸੀ ਵਾਸੀ ਅੱਲੋਵਾਲ ਜ਼ਿਲ੍ਹਾ ਫਿਰੋਜ਼ਪੁਰ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿਚ ਦੱਸਿਆ ਕਿ ਉਸਦੇ ਲੜਕੇ ਸੁਖਚੈਨ ਸਿੰਘ ਦਾ ਵਿਆਹ ਤਿੰਨ ਸਾਲ ਪਹਿਲਾਂ ਰਣਜੀਤ ਕੌਰ ਪੁੱਤਰੀ ਦਿਆਲ ਸਿੰਘ ਵਾਸੀ ਭੈਲ ਢਾਏ ਵਾਲਾ ਨਾਲ ਹੋਇਆ ਸੀ। ਉਨ੍ਹਾਂ ਦਾ ਆਪਸ ‘ਚ ਝਗੜਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਰਣਜੀਤ ਕੌਰ ਉਸਦੇ ਲੜਕੇ ਨਾਲ ਝਗੜਾ ਕਰ ਕੇ ਪੇਕੇ ਚਲੀ ਗਈ ਤਾਂ ਪਿੱਛੋਂ ਸੁਖਚੈਨ ਸਿੰਘ ਪਰੇਸ਼ਾਨ ਰਹਿਣ ਲੱਗਾ। 21 ਦਸੰਬਰ ਨੂੰ ਸੁਖਚੈਨ ਸਵੇਰੇ 6 ਵਜੇ ਆਪਣੀ ਪਤਨੀ ਲੈਣ ਲਈ ਉਸਦੇ ਪੇਕੇ ਪਿੰਡ ਭੈਲ ਢਾਏ ਵਾਲਾ ਗਿਆ, ਜਿਥੇ ਉਸਦੀ ਕਾਫੀ ਬੇਇੱਜ਼ਤੀ ਕੀਤੀ ਗਈ ਜਿਸ ਨੂੰ ਨਾ ਸਹਾਰਦੇ ਹੋਏ ਉਸਨੇ ਜ਼ਹਿਰੀਲੀ ਦਵਾਈ ਪੀ ਲਈ। ਸੁਖਚੈਨ ਸਿੰਘ ਨੂੰ ਆਰਫਕੇ ਦੇ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿਥੇ ਇਲਾਜ ਦੌਰਾਨ ਉਸਦੀ ਮੌਤ ਹੋ ਗਈ ਹੈ। ਮਾਮਲੇ ਦੀ ਜਾਂਚ ਕਰ ਰਹੇ ਏਐੱਸਆਈ ਪਰਗਟ ਸਿੰਘ ਨੇ ਦੱਸਿਆ ਕਿ ਰਣਜੀਤ ਕੌਰ ਨੂੰ ਕੇਸ ਵਿਚ ਨਾਮਜ਼ਦ ਕਰ ਲਿਆ ਗਿਆ ਹੈ ਤੇ ਉਸਦੀ ਗ੍ਰਿਫਤਾਰੀ ਲਈ ਕਾਰਵਾਈ ਕੀਤੀ ਜਾ ਰਹੀ ਹੈ। ਜਦੋਂਕਿ ਲਾਸ਼ ਪੋਸਟਮਾਰਟਮ ਉਪਰੰਤ ਵਾਰਸਾਂ ਹਵਾਲੇ ਕਰ ਦਿੱਤੀ ਗਈ ਹੈ।



