
ਤਰਨਤਾਰਨ, 24 ਦਸੰਬਰ : ਸੀਆਈਏ ਸਟਾਫ ਤਰਨਤਾਰਨ ਦੀ ਪੁਲਿਸ ਨੇ ਸੂਚਨਾ ਦੇ ਅਧਾਰ ’ਤੇ ਬਾਈਕ ਸਵਾਰ ਦੋ ਨੌਜਵਾਨਾਂ ਨੂੰ ਗਲੌਕ ਪਿਸਟਲ ਅਤੇ ਹੈਰੋਇਨ ਬਰਾਮਦ ਕਰਕੇ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਉਕਤ ਦੋਵੇਂ ਜਣੇ ਪਾਕਿਸਤਾਨੀ ਸਮੱਗਲਰਾਂ ਰਾਂਹੀ ਅਸਲਾ ਤੇ ਹੈਰੋਇਨ ਸਰਹੱਦ ਪਾਰੋਂ ਮੰਗਵਾਉਂਦੇ ਸਨ। ਦੋਵਾਂ ਕੋਲੋਂ ਡਰੱਗ ਮਨੀ ਵੀ ਬਰਾਮਦ ਕੀਤੀ ਗਈ ਹੈ। ਐੱਸਐੱਸਪੀ ਸੁਰੇਂਦਰ ਲਾਂਬਾ ਨੇ ਦੱਸਿਆ ਕਿ ਸੀਆਈਏ ਸਟਾਫ ਤਰਨਤਾਰਨ ਦੇ ਹੱਥ ਸੂਚਨਾ ਲੱਗੀ ਸੀ ਕਿ ਰਾਹੁਲ ਪੁੱਤਰ ਲੱਡੂ ਵਾਸੀ ਚਮਰੰਗ ਰੋਡ ਅੰਮ੍ਰਿਤਸਰ ਅਤੇ ਯੁਵਰਾਜਬੀਰ ਸਿੰਘ ਪੁੱਤਰ ਰਣਜੀਤ ਸਿੰਘ ਵਾਸੀ ਸੁਲਤਾਨਵਿੰਡ ਰੋਡ ਅੰਮ੍ਰਿਤਸਰ ਪਾਕਿਸਤਾਨੀ ਸਮੱਗਲਰਾਂ ਨਾਲ ਰਾਬਤਾ ਕਰਕੇ ਸਰਹੱਦ ਪਾਰੋਂ ਅਸਲਾ ਅਤੇ ਹੈਰੋਇਨ ਮੰਗਵਾਉਂਦੇ ਹਨ। ਉਨ੍ਹਾਂ ਦੱਸਿਆ ਕਿ ਦੋਵਾਂ ਦੇ ਤਰਨਤਾਰਨ ਜ਼ਿਲ੍ਹੇ ’ਚ ਸਰਹੱਦੀ ਇਲਾਕੇ ਵਿਚ ਹੋਣ ਦੀ ਸੂਚਨਾ ਵੀ ਹੱਥ ਲੱਗੀ ਸੀ। ਇਸ ’ਤੇ ਕਾਰਵਾਈ ਕਰਦਿਆਂ ਸੀਆਈਏ ਸਟਾਫ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਦੀ ਨਿਗਰਾਨੀ ਹੇਠ ਏਐੱਸਆਈ ਕਰਤਾਰ ਸਿੰਘ ਪੁਲਿਸ ਪਾਰਟੀ ਸਮੇਤ ਨੇ ਮਾੜੀਮੇਘਾ ਪਿੰਡ ਦੇ ਟੀ ਪਵਾਇੰਟ ਕੋਲ ਨਾਕੇਬੰਦੀ ਕਰ ਲਈ ਅਤੇ ਮੋਟਰਸਾਈਕਲ ’ਤੇ ਸਵਾਰ ਉਕਤ ਦੋਵਾਂ ਜਣਿਆਂ ਨੂੰ ਕਾਬੂ ਕਰ ਲਿਆ। ਜਿਨ੍ਹਾਂ ਦੀ ਤਲਾਸ਼ੀ ਦੌਰਾਨ 50 ਗ੍ਰਾਮ ਹੈਰੋਇਨ, ਇਕ ਗਲੌਕ ਪਿਸਟਲ, ਦੋ ਕਾਰਤੂਸ, ਦੋ ਮੋਬਾਈਲ ਫੋਨ ਅਤੇ 4500 ਰੁਪਏ ਦੀ ਡਰੱਗ ਮਨੀ ਬਰਾਮਦ ਹੋਈ। ਉਨ੍ਹਾਂ ਦੱਸਿਆ ਕਿ ਦੋਵਾਂ ਵਿਰੁੱਧ ਥਾਣਾ ਖਾਲੜਾ ’ਚ ਐੱਨਡੀਪੀਐੱਸ ਅਤੇ ਅਸਲਾ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਅਤੇ ਅਗਲੀ ਜਾਂਚ ਜਾਰੀ ਹੈ।



