Punjab

ਪਟਿਆਲਾ ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਮੁਕਾਬਲਾ

ਲੱਕੀ ਪਟਿਆਲ ਗੈਂਗ ਦਾ ਗੁਰਗਾ ਗੋਲੀ ਲੱਗਣ ਨਾਲ ਜ਼ਖ਼ਮੀ

ਪਟਿਆਲਾ, 25 ਦਸੰਬਰ : ਪਟਿਆਲਾ ਪੁਲਿਸ ਨੇ ਗੈਂਗਸਟਰ ਲੱਕੀ ਪਟਿਆਲ ਗੈਂਗ ਦਾ ਇਕ ਗੁਰਗਾ ਪੁਲਿਸ ਮੁਕਾਬਲੇ ਵਿਚ ਜ਼ਖ਼ਮੀ ਹੋ ਗਿਆ ਤੇ ਦੂਸਰਾ ਫਰਾਰ ਹੋ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਐੱਸ ਐਸ ਪੀ ਵਰੁਣ ਸ਼ਰਮਾ ਨੇ ਦੱਸਿਆ ਕਿ ਪੁਲਿਸ ਮੁਕਾਬਲੇ ‘ਚ ਜ਼ਖ਼ਮੀ ਹੋਏ ਬਦਮਾਸ਼ ਦੀ ਪਛਾਣ ਮਨਪ੍ਰੀਤ ਉਰਫ ਮੰਨਾ ਵਾਸੀ ਕੋਟ ਈਸੇ ਖਾਂ ਮੋਗਾ ਵਜੋਂ ਹੋਈ ਹੋਈ ਹੈ। ਜਿਸ ਨੂੰ ਇਲਾਜ ਲਈ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਗਿਆ ਹੈ। ਫਰਾਰ ਹੋਏ ਇਸ ਦੇ ਦੂਸਰੇ ਸਾਥੀ ਦੀ ਪੁਲਿਸ ਟੀਮਾਂ ਵੱਲੋਂ ਭਾਲ ਕੀਤੀ ਜਾ ਰਹੀ ਹੈ ਤੇ ਉਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾਵੇਗਾ। ਐਸਐਸਪੀ ਵਰੁਣ ਸ਼ਰਮਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸੀਆਈਏ ਸਮਾਣਾ ਇੰਸਪੈਕਟਰ ਅੰਕੁਰਦੀਪ ਸਿੰਘ, ਸੀਆਈਏ ਪਟਿਆਲਾ ਇੰਚਾਰਜ ਪ੍ਰਦੀਪ ਬਾਜਵਾ ਅਤੇ ਸੀਆਈਏ ਰਾਜਪੁਰਾ ਦੀਆਂ ਟੀਮਾਂ ਨੂੰ ਗੈਂਗਸਟਰ ਲੱਕੀ ਪਟਿਆਲ ਦੇ ਸਾਥੀਆਂ ਦੇ ਬਾਰੇ ਸੂਚਨਾ ਮਿਲੀ ਸੀ। ਜਿਸ ਦੇ ਆਧਾਰ ਤੇ ਸੀਆਈਏ ਦੀਆਂ ਉਕਤ ਟੀਮਾਂ ਨੇ ਪਟਿਆਲਾ ਦੇ ਡਕਾਲਾ ਰੋਡ ਵਿਖੇ ਮੋਟਰਸਾਈਕਲ ‘ਤੇ ਜਾਂਦੇ ਦੋ ਵਿਅਕਤੀਆਂ ਦਾ ਪਿੱਛਾ ਕੀਤਾ ਤਾਂ ਮੋਟਰਸਾਈਕਲ ਸਵਾਰਾਂ ਵੱਲੋਂ ਪੁਲਿਸ ‘ਤੇ ਗੋਲੀ ਚਲਾਈ ਗਈ। ਪੁਲਿਸ ਨੇ ਡਿਫੈਂਸ ਵਿੱਚ ਜਵਾਬ ਦਿੰਦਿਆਂ ਹਮਲਾਵਰਾਂ ‘ਤੇ ਫਾਇਰਿੰਗ ਕੀਤੀ। ਇਸ ਫਾਇਰਿੰਗ ਦੌਰਾਨ ਇੱਕ ਗੋਲੀ ਮੋਟਰਸਾਈਕਲ ਸਵਾਰ ਵਿਅਕਤੀ ‘ਤੇ ਲੱਗੀ ਹੈ, ਜਦੋਂ ਕਿ ਉਸਦਾ ਸਾਥੀ ਮੋਟਰਸਾਈਕਲ ਸੁੱਟ ਕੇ ਫਰਾਰ ਹੋ ਗਿਆ। ਪੁਲਿਸ ਨੇ ਜ਼ਖਮੀ ਹੋਏ ਮਨਪ੍ਰੀਤ ਮੰਨਾ ਨੂੰ ਗ੍ਰਿਫ਼ਤਾਰ ਕਰਕੇ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਦਾਖਲ ਕਰਵਾਇਆ ਹੈ। ਐਸਐਸਪੀ ਅਨੁਸਾਰ ਲੱਕੀ ਪਟਿਆਲ ਗੈਂਗ ਦੇ ਇਨ੍ਹਾਂ ਗੁਰਗਿਆਂ ਵੱਲੋਂ ਰਾਜਪੁਰਾ ਵਿਖੇ ਇੱਕ ਢਾਬੇ ਦੇ ਮਾਲਕ ਅਤੇ ਸਮਾਣਾ ਦੇ ਇੱਕ ਐਨਆਰਆਈ ਦੇ ਘਰ ਦੇ ਬਾਹਰ ਫਾਇਰਿੰਗ ਕਰਕੇ ਫਿਰੌਤੀ ਦੀ ਮੰਗ ਕੀਤੀ ਸੀ। ਸੀਆਈਏ ਟੀਮਾਂ ਨੇ ਇਨ੍ਹਾਂ ਮਾਮਲਿਆਂ ਦੀਆਂ ਜਾਂਚ ਕਰਦੇ ਹੋਏ ਮੁਲਜ਼ਮਾਂ ਦੀ ਪੈੜ ਨੱਪਦੇ ਹੋਇਆ ਅੱਜ ਡਕਾਲਾ ਰੋਡ ‘ਤੇ ਇੱਕ ਨੂੰ ਗ੍ਰਿਫ਼ਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ ਹੈ।

Related Articles

Leave a Reply

Your email address will not be published. Required fields are marked *

Back to top button