Punjab

ਪਟਿਆਲਾ ‘ਚ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ

ਪਟਿਆਲਾ, 29 ਦਸੰਬਰ : ਸੰਜੇ ਕਾਲੋਨੀ ਵਾਸੀ 17 ਸਾਲਾ ਨੌਜਵਾਨ ਦੀ ਗੋਲ਼ੀ ਮਾਰ ਕੇ ਹੱਤਿਆ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਬੀਰੂ ਵਾਸੀ ਸੰਜੇ ਕਲੋਨੀ ਵਜੋਂ ਹੋਈ ਹੈ ਜੋ ਕਿ ਦਸਵੀਂ ਜਮਾਤ ਦਾ ਵਿਦਿਆਰਥੀ ਸੀ ਤੇ ਸੈਲੂਨ ‘ਤੇ ਕੰਮ ਕਰਦਾ ਸੀ। ਦੋਸ਼ ਹੈ ਕਿ ਬੀਤੀ ਰਾਤ ਮੁਹੱਲੇ ਦੇ ਹੀ ਰਹਿਣ ਵਾਲੇ ਕੁਝ ਲੜਕੇ ਉਸ ਨੂੰ ਘਰੋਂ ਬੁਲਾ ਕੇ ਨਾਲ ਲੈ ਗਏ ਤੇ ਗੋਲ਼ੀ ਮਾਰ ਕੇ ਸਰਕਾਰੀ ਰਜਿੰਦਰਾ ਹਸਪਤਾਲ ਵਿੱਚ ਸੁੱਟ ਕੇ ਚਲੇ ਗਏ। ਰਜਿੰਦਰਾ ਹਸਪਤਾਲ ਤੋਂ ਥਾਣਾ ਸਬਜ਼ੀ ਮੰਡੀ ਪੁਲਿਸ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ ਗਈ ਜਿਸ ਤੋਂ ਬਾਅਦ ਪਰਿਵਾਰ ਵੀ ਮੌਕੇ ‘ਤੇ ਪੁੱਜਿਆ। ਮ੍ਰਿਤਕ ਦੇ ਪਿਤਾ ਪਾਲ ਨੇ ਦੱਸਿਆ ਕਿ ਉਨ੍ਹਾਂ ਦਾ ਲੜਕਾ ਦਸਵੀਂ ਜਮਾਤ ‘ਚ ਪੜ੍ਹਦਾ ਹੈ ਅਤੇ ਨਾਲ-ਨਾਲ ਕੰਮ ਵੀ ਕਰਦਾ ਹੈ। ਐਤਵਾਰ ਦੀ ਸ਼ਾਮ ਬੀਰੂ ਰੋਜ਼ਾਨਾ ਦੀ ਤਰ੍ਹਾਂ ਕੰਮ ਤੋਂ ਘਰ ਆਇਆ ਸੀ। ਇਸੇ ਦੌਰਾਨ ਹੀ ਮੁਹੱਲੇ ਵਿੱਚ ਰਹਿਣ ਵਾਲੇ ਕੁਝ ਲੜਕੇ ਬੀਰੂ ਨੂੰ ਬੁਲਾ ਕੇ ਆਪਣੇ ਨਾਲ ਲੈ ਗਏ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੀਰੂ ਨੂੰ ਲੈ ਕੇ ਜਾਣ ਵਾਲੇ ਲੜਕੇ ਨਸ਼ੇ ਦੇ ਆਦੀ ਹਨ ਅਤੇ ਉਨ੍ਹਾਂ ਨੇ ਹੀ ਬੀਰੋ ਨੂੰ ਪਹਿਲਾਂ ਗੋਲ਼ੀ ਮਾਰੀ ਤੇ ਫਿਰ ਹਸਪਤਾਲ ਛੱਡ ਕੇ ਭੱਜ ਗਏ। ਥਾਣਾ ਸਬਜ਼ੀ ਮੰਡੀ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਪਰਿਵਾਰ ਵੱਲੋਂ ਦਿੱਤੇ ਗਏ ਬਿਆਨਾਂ ਦੇ ਅਧਾਰ ਤੇ ਕਾਰਵਾਈ ਸ਼ੁਰੂ ਕੀਤੀ ਗਈ ਹੈ। ਕੁਝ ਸ਼ੱਕੀ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ, ਜਾਂਚ ਪੜਤਾਲ ਉਪਰੰਤ ਜਲਦ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਵੀ ਕਰ ਲਈ ਜਾਵੇਗੀ।

Related Articles

Leave a Reply

Your email address will not be published. Required fields are marked *

Back to top button