
ਫ਼ਿਰੋਜ਼ਪੁਰ, 12 ਜਨਵਰੀ (ਬਾਲ ਕਿਸ਼ਨ)– ਜ਼ਿਲ੍ਹਾ ਕਚਹਿਰੀਆਂ ਮੱਲਾਂਵਾਲਾ ਵਿਖੇ ਨੌਟਰੀ ਪਾਵਰ ਦੀ ਗੈਰ ਕਾਨੂੰਨੀ ਵਰਤੋਂ ਕਰਕੇ ਜਾਅਲੀ ਲਿਖਤਾਂ ਤਿਆਰ ਕਰਕੇ ਆਮ ਲੋਕਾਂ ਨਾਲ ਸ਼ਰੇਆਮ ਫਰਾਡ ਕਰਨ ਦੇ ਦੋਸ਼ ਵਿਚ ਥਾਣਾ ਕੈਂਟ ਫਿਰੋਜ਼ਪੁਰ ਪੁਲਿਸ ਨੇ 3 ਵਿਅਕਤੀਆਂ ਖਿਲਾਫ 318 (4), 336 (2), 336 (3), 338, 339, 340 (2), 61 (2) ਬੀਐੱਐੱਸ ਤਹਿਤ ਮਾਮਲਾ ਦਰਜ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਹਾਇਕ ਥਾਣੇਦਾਰ ਸਲਵਿੰਦਰ ਸਿੰਘ ਨੇ ਦੱਸਿਆ ਕਿ ਦਰਖਾਸਤ/ਯੂਆਈਡੀ ਨੰਬਰ 1456 ਪੀਸੀ ਰਾਹੀਂ ਸਤਨਾਮ ਪਾਲ ਕੰਬੋਜ਼ ਵਕੀਲ ਅਤੇ ਨੌਟਰੀ ਪਬਲਿਕ ਜ਼ਿਲ੍ਹਾ ਕਚਹਿਰੀਆਂ ਫਿਰੋਜ਼ਪੁਰ ਨੇ ਦੱਸਿਆ ਕਿ ਦੋਸ਼ੀਅਨ ਲਖਵਿੰਦਰ ਸਿੰਘ ਪੁੱਤਰ ਦਿਆਲ ਸਿੰਘ ਵਾਸੀ ਆਸਿਫ ਵਾਲਾ, ਦਲਜੀਤ ਸਿੰਘ ਪੁੱਤਰ ਸਵਰਨਜੀਤ ਸਿੰਘ ਵਾਸੀ ਮੱਲਾਂਵਾਲਾ, ਅਤੇ ਬਲਵਿੰਦਰ ਸਿੰਘ ਉਰਫ ਬਿੱਲੂ ਪੁੱਤਰ ਸੋਹਣ ਸਿੰਘ ਵਾਸੀ ਸ਼ਾਂਤੀ ਨਗਰ ਸਿਟੀ ਫਿਰੋਜ਼ਪੁਰ ਨੇ ਮੱਲਾਂਵਾਲਾ ਤਹਿਸਲ ਜ਼ੀਰਾ ਜ਼ਿਲ੍ਹਾ ਫਿਰੋਜ਼ਪੁਰ ਵਿਖੇ ਬਤੌਰ ਟਾਈਪਿਸਟ ਅਤੇ ਅਰਜ਼ੀ ਨਵੀਸ ਦੁਕਾਨਾਂ ਖੋਲ੍ਹੀਆਂ ਹੋਈਆਂ ਹਨ ਅਤੇ ਨਿਰਮਲ ਸਿੰਘ ਜਿਸ ਨੇ ਜ਼ਿਲ੍ਹਾ ਤਰਨਤਾਰਨ ਵਿਖੇ ਬਤੌਰ ਟਾਈਪਿਸਟ ਅਤੇ ਅਰਜ਼ੀ ਨਵੀਸ ਦੁਕਾਨ ਖੋਲ੍ਹੀ ਹੋਈ ਹੈ। ਜਿਨ੍ਹਾਂ ਨੇ ਫੋਟੋ ਸਟੇਟ ਵਾਲੇ ਕਾਗਜ਼ਾਂ ’ਤੇ ਉਸ ਦੀ ਨੌਟਰੀ ਪਬਲਿਕ ਦੀ ਜਾਅਲੀ ਮੋਹਰ ਬਣਵਾ ਕੇ ਉਸ ਦੇ ਦਸਤਖਤ ਆਪ ਜਾਂ ਕਿਸੇ ਹੋਰ ਤੋਂ ਕਰਵਾ ਅਤੇ ਬਾਅਦ ਵਿਚ ਉਨ੍ਹਾਂ ਉਪਰ ਹਰ ਕਿਸਮ ਦੀਆਂ ਲਿਖਤਾਂ ਲਿਖ ਕੇ ਉਸ ਦੀ ਨੌਟਰੀ ਪਾਵਰ ਦੀ ਗੈਰ ਕਾਨੂੰਨੀ ਵਰਤੋਂ ਕਰਦੇ ਹੋਏ ਜਾਅਲੀ ਲਿਖਤਾਂ ਤਿਆਰ ਕਰਕੇ ਉਸ ਨਾਲ ਅਤੇ ਆਮ ਲੋਕਾਂ ਨਾਲ ਸ਼ਰੇਆਮ ਫਰਾਡ ਕਰਦੇ ਹੋਏ ਉਨ੍ਹਾਂ ਕੋਲੋਂ ਪਿਛਲੇ 9 ਸਾਲਾਂ ਤੋਂ ਮੋਟੀ ਰਕਮ ਵਸੂਲ ਕਰ ਰਹੇ ਹਨ। ਜਾਂਚਕਰਤਾ ਸਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਬਾਅਦ ਪੜਤਾਲ ਉਕਤ ਦੋਸ਼ੀਅਨ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।



