Punjab

ਨੌਜਵਾਨ ਗੁਰਦੀਪ ਖਾਨ ਦੀ ਮੌਤ ਮਾਮਲੇ ’ਚ ਹਾਈਵੇ ‘ਤੇ ਰੋਸ ਪ੍ਰਦਰਸ਼ਨ

ਰਾਮਪੁਰਾ ਫੂਲ, 11 ਜੁਲਾਈ : ਪਿੰਡ ਜੇਠੂਕੇ ਦੇ ਨੌਜਵਾਨ ਗੁਰਦੀਪ ਖਾਨ (ਉਮਰ 28 ਸਾਲ), ਪੁੱਤਰ ਜਸਵਿੰਦਰ ਖਾਨ ਵੱਲੋਂ 2 ਜੁਲਾਈ ਨੂੰ ਆਪਣੇ ਸਹੁਰੇ ਪਰਿਵਾਰ ਤੋਂ ਤੰਗ ਆ ਕੇ ਆਪਣੇ ਸਹੁਰੇ ਘਰ ਬਰਨਾਲਾ ਵਿਖੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਗਈ ਸੀ ਅਤੇ ਉਸ ਦੀ ਮੌਤ 7 ਜੁਲਾਈ ਨੂੰ ਹੋ ਗਈ। ਉਕਤ ਜਾਣਕਾਰੀ ਦਿੰਦਿਆਂ ਪਿੰਡ ਦੇ ਕਿਸਾਨ ਆਗੂ ਨਿੱਕਾ ਸਿੰਘ ਜੇਠੂਕੇ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ 8 ਜੁਲਾਈ ਨੂੰ ਬਰਨਾਲਾ ਥਾਣਾ ਸਿਟੀ (1) ਵਿਚ ਗੁਰਦੀਪ ਦੇ ਪਿਤਾ ਦੇ ਬਿਆਨਾਂ ‘ਤੇ ਐੱਫਆਈਆਰ ਤਹਿਤ ਉਸ ਦੀ ਪਤਨੀ ਫਰਜਾਨਾ, ਸੱਸ, ਸਾਲਾ ਅਤੇ ਸਾਲੇਹਾਰ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੁਲਿਸ ਵੱਲੋਂ ਕੇਵਲ ਫਰਜਾਨਾ ਨੂੰ ਹੀ ਗ੍ਰਿਫਤਾਰ ਕੀਤਾ ਗਿਆ ਹੈ ਜਦਕਿ ਬਾਕੀ ਤਿੰਨ ਅਜੇ ਵੀ ਗ੍ਰਿਫਤ ਤੋਂ ਬਾਹਰ ਹਨ। ਪੁਲਿਸ ਦੀ ਢਿੱਲੀ ਕਾਰਵਾਈ ਤੋਂ ਨਾਰਾਜ਼ ਪਰਿਵਾਰ ਅਤੇ ਪਿੰਡ ਦੇ ਲੋਕਾਂ ਨੇ ਬੀਕੇਯੂ ਡਕੌਂਦਾ (ਧਨੇਰ), ਬੀਕੇਯੂ ਉਗਰਾਹਾਂ ਅਤੇ ਗ੍ਰਾਮ ਪੰਚਾਇਤ ਦੀ ਅਗਵਾਈ ਹੇਠ ਅੱਜ ਉਨ੍ਹਾਂ ਵੱਲੋਂ ਨੌਜਵਾਨ ਦੀ ਮ੍ਰਿਤਕ ਦੇਹ ਸਮੇਤ ਨੈਸ਼ਨਲ ਹਾਈਵੇ ਨੰਬਰ 7 ਨੂੰ ਜਾਮ ਕਰਨ ਲਈ ਰੁਖ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਦੌਰਾਨ ਬਰਨਾਲਾ ਅਤੇ ਬਠਿੰਡਾ ਜ਼ਿਲ੍ਹੇ ਦੇ ਡੀਐਸਪੀ ਅਤੇ ਬਰਨਾਲਾ ਸਿਟੀ (1) ਦੇ ਐਸਐਚਓ ਲਖਵਿੰਦਰ ਸਿੰਘ ਮੌਕੇ ‘ਤੇ ਪਹੁੰਚ ਗਏ, ਜਿਨ੍ਹਾਂ ਵੱਲੋਂ 12 ਜੁਲਾਈ ਤਕ ਸਾਰੇ ਕਥਿਤ ਦੋਸ਼ੀਆਂ ਦੀ ਗ੍ਰਿਫਤਾਰੀ ਦਾ ਭਰੋਸਾ ਦਿਵਾਇਆ ਗਿਆ। ਇਸ ਤੋਂ ਬਾਅਦ ਪਰਿਵਾਰ ਅਤੇ ਪਿੰਡ ਵਾਸੀ ਇਕ ਵਾਰ ਪਿੰਡ ਵਾਪਸ ਆ ਗਏ ਪਰ ਉਨ੍ਹਾਂ ਵੱਲੋਂ ਚਿਤਾਵਨੀ ਦਿੱਤੀ ਗਈ ਕਿ ਜੇਕਰ 12 ਤਾਰੀਖ ਤਕ ਸਾਰੇ ਮੁਲਜਮਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾਂਦਾ ਤਾਂ ਤਿੱਖਾ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਬੀਕੇਯੂ ਡਕੌਂਦਾ (ਧਨੇਰ) ਦੇ ਜ਼ਿਲ੍ਹਾ ਆਗੂ ਬਲਵਿੰਦਰ ਸਿੰਘ ਫੌਜੀ, ਬੀਕੇਯੂ ਉਗਰਾਹਾਂ ਦੇ ਬਲਾਕ ਆਗੂ ਨਿੱਕਾ ਸਿੰਘ, ਗ੍ਰਾਮ ਪੰਚਾਇਤ ਵੱਲੋਂ ਸਰਪੰਚ ਹਰਪ੍ਰੀਤ ਸਿੰਘ ਮੰਨੂ, ਬਲਦੇਵ ਸਿੰਘ ਕਾਲਾ, ਰਣਜੀਤ ਸਿੰਘ, ਸੁਖਮਿੰਦਰ ਸਿੰਘ, ਰਾਜਪਾਲ ਸਿੰਘ ਸਮੇਤ ਸਾਰੇ ਪੰਚ, ਸਾਬਕਾ ਸਰਪੰਚ ਸੁਖਦੇਵ ਸਿੰਘ, ਸੁਰਜੀਤ ਸਿੰਘ, ਲਾਭ ਸਿੰਘ, ਹਰਬੰਸ ਸਿੰਘ, ਬਲਵਿੰਦਰ ਸਿੰਘ ਆਦਿ ਹਾਜ਼ਰ ਸਨ।

Related Articles

Leave a Reply

Your email address will not be published. Required fields are marked *

Back to top button