ਨੌਜਵਾਨਾਂ ਨੂੰ ‘ਆਈਸ’ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਨੇ ਨਸ਼ਾ ਤਸਕਰ, ਸੂਬੇ ‘ਚ ਨਸ਼ੇ ਦੀ ਸਥਿਤੀ ਬਣਦੀ ਜਾ ਰਹੀ ਹੈ ਚਿੰਤਾਜਨਕ

ਜਸਵਿੰਦਰ ਸਿੰਘ ਸੰਧੂ
ਚੰਡੀਗੜ੍ਹ, 21 ਜੁਲਾਈ : ਸੂਬੇ ’ਚ ਆਈਸ (ਕ੍ਰਿਸਟਲ ਮੈਥਾਮਫੇਟਾਮਿਨ) ਦੀ ਜ਼ਬਤੀ ਚਿੰਤਾਜਨਕ ਬਣਦੀ ਜਾ ਰਹੀ ਹੈ। ਪੁਲਿਸ ਅਧਿਕਾਰੀਆਂ ਅਨੁਸਾਰ ਡਰੱਗ ਤਸਕਰ ਹੁਣ ਨੌਜਵਾਨਾਂ ਨੂੰ ਚਿੱਟਾ (ਹੈਰੋਇਨ) ਤੋਂ ਸਸਤੀ, ਜ਼ਿਆਦਾ ਪ੍ਰਭਾਵਸ਼ਾਲੀ ਤੇ ਆਸਾਨੀ ਨਾਲ ਤਿਆਰ ਕੀਤੀ ਜਾਣ ਵਾਲੀ ਨਸ਼ੀਲੀ ਦਵਾਈ ਆਈਸ ਵੱਲ ਮੋੜਨ ਦੀ ਕੋਸ਼ਿਸ਼ ਕਰ ਰਹੇ ਹਨ। ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੌਰਾਨ ਪੁਲਿਸ ਉੱਚ ਸ਼ੁੱਧਤਾ ਵਾਲੀ ਆਈਸ ਦੀਆਂ ਖੇਪਾਂ ਲਗਾਤਾਰ ਫੜ ਕੀਤੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਇਹ ਨਸ਼ਾ ਤਸਕਰੀ ’ਚ ਇਕ ਵੱਡੇ ਬਦਲਾਅ ਦੀ ਚਿਤਾਵਨੀ ਹੈ। ਅਫ਼ਗਾਨਿਸਤਾਨ ’ਚ ਤਾਲਿਬਾਨ ਵੱਲੋਂ ਅਫੀਮ ਦੀ ਖੇਤੀ ‘ਤੇ ਰੋਕ ਲਾਉਣ ਮਗਰੋਂ ਅਫੀਮ ਆਧਾਰਿਤ ਆਰਥਿਕਤਾ ਲਗਪਗ ਤਬਾਹ ਹੋ ਗਈ ਹੈ, ਜਿਸ ਕਾਰਨ ਤਸਕਰਾਂ ਨੇ ਜਲਦੀ ਐਪੀਡਰਾ ਬੂਟਿਆਂ ਦੀ ਵਰਤੋਂ ਕਰ ਕੇ ਆਈਸ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਤਸਕਰ ਪਾਕਿਸਤਾਨ ਤੇ ਅਫਗਾਨਿਸਤਾਨ ’ਚ ਆਈਸ ਬਣਾ ਕੇ ਇਸ ਪਾਸੇ ਭੇਜ ਰਹੇ ਹਨ। ਇੰਟੈਲੀਜੈਂਸ ਸੂਤਰਾਂ ਅਨੁਸਾਰ, ਪਾਕਿਸਤਾਨ ਸਥਿਤ ਬਦਨਾਮ ਤਸਕਰ ਹਾਜ਼ੀ ਸਲੀਮ ਆਈਸ ਦੀਆਂ ਖੇਪਾਂ ਨੂੰ ਡਰੋਨ ਤੇ ਜ਼ਮੀਨਦੋਜ਼ ਸੁਰੰਗਾਂ ਰਾਹੀਂ ਪੰਜਾਬ ਦੀ ਸੰਵੇਦਨਸ਼ੀਲ ਸੀਮਾ ਤੋਂ ਭੇਜ ਰਹੇ ਹਨ। ਤਸਕਰ ਹੈਰੋਇਨ ਤੇ ਆਈਸ ਨੂੰ ਇੱਕਠੇ ਪੈਕੇਜ ’ਚ ਵੇਚ ਰਹੇ ਹਨ। ਆਈਸ ਦੇ ਮੁਫ਼ਤ ਸੈਂਪਲ ਦੇ ਕੇ ਲੋਕਾਂ ਨੂੰ ਇਸ ਦੀ ਲਤ ਲਗਾਉਣ ਦਾ ਕੰਮ ਕਰ ਰਹੇ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ “ਵਨ-ਪਲੱਸ-ਵਨ” ਆਫਰ ਇਕ ਸਾਜ਼ਿਸ਼ ਤਹਿਤ ਕੀਤਾ ਜਾ ਰਿਹਾ ਹੈ ਤਾਂ ਜੋ ਪੰਜਾਬ ਦੇ ਪਿੰਡਾਂ ਤੇ ਸ਼ਹਿਰੀ ਝੁੱਗੀਆਂ ’ਚ ਆਈਸ ਦਾ ਇਕ ਬਰਾਬਰ ਬਾਜ਼ਾਰ ਖੜ੍ਹਾ ਕੀਤਾ ਜਾ ਸਕੇ। ਮੈਥ ਹੁਣ ਅਫਗਾਨ ਪਹਾੜੀ ਖੇਤਰਾਂ ’ਚ ਬਣੇ ਅਸਥਾਈ ਲੈਬਾਂ ’ਚ ਵੱਡੇ ਪੈਮਾਨੇ ‘ਤੇ ਤਿਆਰ ਕੀਤੀ ਜਾ ਰਹੀ ਹੈ, ਜਿਸ ਨੂੰ ਪਾਕਿਸਤਾਨ ਰਾਹੀਂ ਲਗਾਤਾਰ ਪੰਜਾਬ ’ਚ ਭੇਜਿਆ ਜਾ ਰਿਹਾ ਹੈ। ਆਈਸ ਨੂੰ ਤਸਕਰ ਇਸ ਲਈ ਵੀ ਉਤਸ਼ਾਹ ਦੇ ਰਹੇ ਹਨ, ਕਿਉਂਕਿ ਇਹ ਹੈਰੋਇਨ ਤੋਂ ਸਸਤੀ, ਜ਼ਿਆਦਾ ਤਾਕਤਵਰ ਤੇ ਤਿਆਰ ਕਰਨ ’ਚ ਆਸਾਨ ਹੈ। ਉਹ ਹੈਰੋਇਨ ਤੇ ਆਈਸ ਨੂੰ ਇਕੱਠੇ ਬੰਡਲ ਕਰ ਕੇ ਵੇਚ ਰਹੇ ਹਨ। ਆਈਸ ਦੇ ਮੁਫ਼ਤ ਸੈਂਪਲ ਦੇ ਕੇ ਨੌਜਵਾਨਾਂ ਨੂੰ ਇਸ ਦੀ ਲਤ ਲਗਾਈ ਜਾ ਰਹੀ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਹਿਲਾਂ ਹੈਰੋਇਨ ਸਭ ਤੋਂ ਵੱਡੀ ਚੁਣੌਤੀ ਸੀ ਪਰ ਹੁਣ ਅਸੀਂ ਸਿੰਥੈਟਿਕ ਨਸ਼ਿਆਂ ਨਾਲ ਜੂਝ ਰਹੇ ਹਾਂ, ਜੋ ਸਸਤੀ, ਜ਼ਿਆਦਾ ਖ਼ਤਰਨਾਕ ਤੇ ਬੇਹੱਦ ਨਸ਼ੇ ਦੀ ਲਤ ਵਾਲੇ ਹਨ।



