
ਲੁਧਿਆਣਾ, 8 ਮਾਰਚ- ਇੱਕ ਵਿਅਕਤੀ ਆਪਣੇ ਨੂੰਹ ਅਤੇ ਉਸ ਦੇ ਭਰਾਵਾਂ ਤੋਂ ਇਸ ਕਦਰ ਪਰੇਸ਼ਾਨ ਹੋ ਗਿਆ ਕਿ ਉਸਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਖੁਦਕੁਸ਼ੀ ਕਰ ਲਈ । ਇਸ ਮਾਮਲੇ ਵਿੱਚ ਥਾਣਾ ਮੋਤੀ ਨਗਰ ਦੀ ਪੁਲਿਸ ਨੇ ਮ੍ਰਿਤਕ ਇੰਦਰਜੀਤ ਸਿੰਘ ਦੀ ਬੇਟੀ ਹਰਜਾਪ ਕਲੋਨੀ ਮੁੰਡੀਆਂ ਦੀ ਰਹਿਣ ਵਾਲੀ ਗੀਤਾ ਰਾਣੀ ਦੀ ਸ਼ਿਕਾਇਤ ਤੇ ਹੀਰਾ ਨਗਰ ਦੀ ਵਾਸੀ ਪਿੰਕੀ, ਕਾਕੋਵਾਲ ਰੋਡ ਦੇ ਰਹਿਣ ਵਾਲੇ ਸੁਨੀਲ ਮਲੋਤਰਾ ਤੇ ਸਨੀ ਮਲਹੋਤਰਾ ਦੇ ਖ਼ਿਲਾਫ਼ ਖੁਦਕੁਸ਼ੀ ਲਈ ਮਜਬੂਰ ਕਰਨ ਦੀਆਂ ਧਰਾਵਾਂ ਤਹਿਤ ਮੁਕਦਮਾ ਦਰਜ ਕਰ ਲਿਆ ਹੈ। ਥਾਣਾ ਮੋਤੀ ਨਗਰ ਦੀ ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਗੀਤਾ ਰਾਣੀ ਨੇ ਦੱਸਿਆ ਕਿ ਪਿਛਲੇ ਕੁਝ ਸਮੇਂ ਤੋਂ ਉਸਦੇ ਪਿਤਾ ਇੰਦਰਜੀਤ ਸਿੰਘ ਨੂੰ ਉਸਦੀ ਭਰਜਾਈ ਅਤੇ ਭਰਜਾਈ ਦੇ ਦੋਵੇਂ ਭਰਾ ਬਹੁਤ ਜਿਆਦਾ ਪਰੇਸ਼ਾਨ ਕਰ ਰਹੇ ਸਨ। ਇੰਦਰਜੀਤ ਸਿੰਘ ਮੁਲਜ਼ਮਾਂ ਦੀਆਂ ਧਮਕੀਆਂ ਤੋਂ ਇਸ ਕਦਰ ਤੰਗ ਆ ਗਿਆ ਕਿ ਉਸ ਨੇ ਜ਼ਹਿਰੀਲਾ ਪਦਾਰਥ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ । ਉਧਰੋਂ ਇਸ ਮਾਮਲੇ ਵਿੱਚ ਜਾਂਚ ਅਧਿਕਾਰੀ ਅਨਿਲ ਕੁਮਾਰ ਨੇ ਦੱਸਿਆ ਕਿ ਪੁਲਿਸ ਨੇ ਗੀਤਾ ਰਾਣੀ ਦੀ ਸ਼ਿਕਾਇਤ ਤੇ ਪਿੰਕੀ , ਸੁਨੀਲ ਮਲੋਤਰਾ ਅਤੇ ਸਨੀ ਮਲਹੋਤਰਾ ਦੇ ਖਿਲਾਫ ਕੇਸ ਦਰਜ ਕਰਕੇ ਅਗਲੇਰੀ ਪੜਤਾਲ ਸ਼ੁਰੂ ਕਰ ਦਿੱਤੀ ਹੈ।



