
ਲੁਧਿਆਣਾ, 22 ਜੁਲਾਈ : ਮਹਾਨਗਰ ਲੁਧਿਆਣਾ ’ਚ ਨਾਜਾਇਜ਼ ਉਸਾਰੀਆਂ ਦਾ ਕੰਮ ਧੜੱਲੇ ਨਾਲ ਚੱਲ ਰਿਹਾ ਹੈ, ਅਜਿਹੀਆਂ ਹੀ 6 ਨਾਜਾਇਜ਼ ਉਸਾਰੀਆਂ ’ਤੇ ਸਖ਼ਤ ਕਾਰਵਾਈ ਕਰਦਿਆਂ ਸੋਮਵਾਰ ਨੂੰ ਨਗਰ ਨਿਗਮ ਨੇ ਜ਼ੋਨ ਡੀ ਦੇ ਅਧੀਨ ਆਉਂਦੇ ਵੱਖ-ਵੱਖ ਇਲਾਕਿਆਂ ’ਚ ਗੈਰ-ਕਾਨੂੰਨੀ ਉਸਾਰੀ ਅਧੀਨ ਇਮਾਰਤਾਂ ਨੂੰ ਤਾਲੇ ਜੜ ਕੇ ਸੀਲ ਕਰ ਦਿੱਤਾ, ਜਿਹੜੀਆਂ 6 ਗੈਰ-ਕਾਨੂੰਨੀ ਉਸਾਰੀਆਂ ਨੂੰ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਨੇ ਸੀਲ ਕੀਤਾ ਹੈ ਇਸ ਵਾਰ ਉਨ੍ਹਾਂ ਦੇ ਬਾਹਰ ਨਾਜਾਇਜ਼ ਉਸਾਰੀ ਹੋਣ ਕਾਰਨ ਸੀਲ ਕਰਨ ਤੇ ਨਗਰ ਨਿਗਮ ਵੱਲੋਂ ਲਾਈ ਸੀਲ ਤੋੜਨ ਵਾਲੇ ਖਿਲਾਫ਼ ਸਖਤ ਕਾਰਵਾਈ ਕਰਟ ਦੇ ਬੈਂਨਰ ਵੀ ਲਾ ਦਿੱਤੇ। ਅੱਜ ਦਾ ਕਾਰਵਾਈ ਦੌਰਾਨ ਸਭ ਤੋਂ ਪਹਿਲਾਂ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਨੇ ਰਘੂਨਾਥ ਹਸਪਤਾਲ ਦੇ ਪ੍ਰਬੰਧਨ ਵੱਲੋਂ ਕੀਤੀ ਗਈ ਇੱਕ ਗੈਰ-ਕਾਨੂੰਨੀ ਉਸਾਰੀ ਤੇ ਬੱਸ ਸਟੈਂਡ ਦੇ ਸਾਹਮਣੇ ਇੱਕ ਨਿਰਮਾਣ ਅਧੀਨ ਹੋਟਲ ਵਿਰੁੱਧ ਕਾਰਵਾਈ ਕੀਤੀ ਗਈ ਹੈ। ਇਸੇ ਤਰ੍ਹਾਂ ਮਾਡਲ ਟਾਊਨ ’ਚ ਕ੍ਰਿਸ਼ਨਾ ਮੰਦਰ ਨੇੜੇ ਇੱਕ ਗੈਰ-ਕਾਨੂੰਨੀ ਉਸਾਰੀ ਤੇ ਮਾਡਲ ਟਾਊਨ ’ਚ ਚਾਰ ਖੰਭਾ ਰੋਡ ’ਤੇ ਗੈਰ-ਕਾਨੂੰਨੀ ਢੰਗ ਨਾਲ ਬਣਾਈ ਜਾ ਰਹੀ ਇੱਕ ਹੋਰ ਇਮਾਰਤ ਵਿਰੁੱਧ ਵੀ ਕਾਰਵਾਈ ਕੀਤੀ ਗਈ ਹੈ। ਆਦਰਸ਼ ਨਗਰ (ਬਾੜੇਵਾਲ) ’ਚ 2 ਵਰਕਸ਼ਾਪਾਂ ਨੂੰ ਵੀ ਸੀਲ ਕਰ ਦਿੱਤਾ ਗਿਆ ਹੈ। ਕਾਰਵਾਈ ਕਰਨ ਵਾਲੇ ਨਗਰ ਨਿਗਮ ਜ਼ੋਨ ਡੀ ਦੇ ਬਿਲਡਿੰਗ ਇੰਸਪੈਕਟਰ ਤਰੁਣਪਾਲ ਸਿੰਘ ਦਾ ਕਹਿਣਾ ਹੈ ਕਿ ਅੱਜ ਉਨ੍ਹਾਂ ਦੀ ਟੀਮ ਵੱਲੋਂ ਨਗਰ ਨਿਗਮ ਕਮਿਸ਼ਨਰ ਆਦਿਤਿਆ ਡੇਚਲਵਾਲ ਦੇ ਨਿਰਦੇਸ਼ਾਂ ’ਤੇ ਨਾਜਾਇਜ਼ ਉਸਾਰੀਆਂ ਖਿਲਾਫ ਕਾਰਵਾਈ ਕੀਤੀ ਗਈ ਹੈ ਤੇ ਆਉਣ ਵਾਲੇ ਦਿਨਾਂ ’ਚ ਵੀ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਮੁਹਿੰਮ ਜਾਰੀ ਰਹੇਗੀ। ਇਸ ਦੌਰਾਨ ਨਗਰ ਨਿਗਮ ਦੀ ਬਿਲਡਿੰਗ ਸ਼ਾਖਾ ਦੇ ਅਧਿਕਾਰੀਆਂ ਨੇ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਹੈ ਕਿ ਉਹ ਨਗਰ ਨਿਗਮ ਤੋਂ ਬਿਲਡਿੰਗ ਪਲਾਨ ਮਨਜ਼ੂਰ ਕਰਵਾਉਣ ਤੋਂ ਬਾਅਦ ਹੀ ਨਿਰਮਾਣ ਕਾਰਜ ਸ਼ੁਰੂ ਕਰਨ ਨਹੀਂ ਤਾਂ ਗੈਰ-ਕਾਨੂੰਨੀ ਉਸਾਰੀਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।



