
ਅੰਮ੍ਰਿਤਸਰ, 16 ਜੁਲਾਈ : ਨਗਰ ਨਿਗਮ ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਵਲੋਂ ਹਾਲ ਬਜਾਰ ਤੋਂ ਟਾਊਨ ਹਾਲ ਤੱਕ ਦਾ ਦੌਰਾ ਕੀਤਾ ਗਿਆ। ਆਪਣੇ ਦੌਰੇ ਦੌਰਾਨ ਕਮਿਸ਼ਨਰ ਵਲੋਂ ਸਾਫ ਸਫਾਈ, ਸਿਵਲ ਦੇ ਕੰਮ, ਸਟ੍ਰੀਟ ਲਾਈਟ ਅਤੇ ਸੜਕ ਦੇ ਆਲੇ ਦੁਆਲੇ ਹੋਏ ਨਜਾਇਜ ਕਬਜਿਆਂ ਨੂੰ ਚੈੱਕ ਕੀਤਾ ਗਿਆ ਅਤੇ ਅਧਿਕਾਰੀਆਂ ਨੂੰ ਲੋੜੀਂਦੀ ਕਾਰਵਾਈ ਜਲਦ ਤੋਂ ਜਲਦ ਕਰਨ ਦੀਆਂ ਹਦਾਇਤਾਂ ਦਿੱਤੀਆਂ। ਆਪਣੀ ਚੈਕਿੰਗ ਦੌਰਾਨ ਕਮਿਸ਼ਨਰ ਨੇ ਅੰਮ੍ਰਿਤਸਰ ਸਮਾਰਟ ਸਿਟੀ ਅਧੀਨ ਬਣ ਰਹੀ ਕੈਰੋਂ ਮਾਰਕਿਟ ਹਾਈਡਰੌਲਿਕ ਪਾਰਕਿੰਗ ਦਾ ਵੀ ਮੁਆਇਨਾ ਕੀਤਾ। ਸੜਕਾਂ ਤੇ ਲੋਕਾਂ ਦੀ ਸਹੂਲਤ ਲਈ ਲੱਗੇ ਵਾਟਰ ਏਟੀਐੱਮ ਵੀ ਚਲਦੀ ਹਾਲਤ ਵਿੱਚ ਪਾਏ ਗਏ। ਕਮਿਸ਼ਨਰ ਵਲੋਂ ਟਾਊਨ ਹਾਲ ਵਿਖੇ ਸਥਿਤ ਨਹਿਰੂ ਲਾਇਬ੍ਰੇਰੀ ਦਾ ਵੀ ਔਚਕ ਨਿਰੀਖਣ ਕੀਤਾ ਅਤੇ ਉਥੇ ਹੋਣ ਵਾਲੇ ਸਿਵਲ ਦੇ ਕੰਮ ਲਈ ਅਧਿਕਾਰੀਆਂ ਨੂੰ ਹਦਾਇਤਾਂ ਕੀਤੀਆਂ। ਸੜਕਾਂ ਦੇ ਆਲੇ ਦੁਆਲੇ ਨਾਜਾਇਜ਼ ਕਬਜ਼ਿਆਂ ਲਈ ਕਮਿਸ਼ਨਰ ਨੇ ਖੁਦ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਤਿੰਨ ਦਿਨਾਂ ਦੇ ਅੰਦਰ ਇਹ ਨਾਜਾਇਜ਼ ਕਬਜ਼ੇਹਟਾਉਣ ਲਈ ਕਿਹਾ। ਇਸ ਦੌਰਾਨ ਨਿਗਰਾਨ ਇੰਜੀਨੀਅਰ ਸੰਦੀਪ ਸਿੰਘ, ਸਿਹਤ ਅਫਸਰ ਡਾ. ਕਿਰਨ, ਕਾਰਜਕਾਰੀ ਇੰਜੀਨੀਅਰ ਐਸ.ਪੀ.ਸਿੰਘ, ਅਸਟੇਟ ਅਫਸਰ, ਧਰਮਿੰਦਰਜੀਤ ਸਿੰਘ ਤੋਂ ਇਲਾਵਾ ਕਈ ਅਧਿਕਾਰੀ ਹਾਜ਼ਰ ਸਨ। ਕਮਿਸ਼ਨਰ ਗੁਲਪ੍ਰੀਤ ਸਿੰਘ ਔਲਖ ਨੇ ਦੱਸਿਆ ਕਿ ਰੋਜਾਨਾ ਹਜ਼ਾਰਾਂ ਯਾਤਰੂ ਅੰਮ੍ਰਿਤਸਰ ਸਹਿਰ ਦੇ ਧਾਰਮਿਕ ਅਤੇ ਇਤਿਹਾਸਕ ਸਥਾਨਾਂ ਦੇ ਦਰਸ਼ਨਾਂ ਲਈ ਆਉਂਦੇ ਹਨ ਅਤੇ ਹਾਲ ਬਾਜ਼ਾਰ ਸ਼ਹਿਰ ਦਾ ਇਕ ਮੁੱਖ ਬਾਜ਼ਾਰ ਹੈ ਅਤੇ ਇਸ ਨੂੰ ਹੈਰੀਟੇਜ ਸਟ੍ਰੀਟ ਵੀ ਕਰਾਰ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅੱਜ ਦੇ ਉਨ੍ਹਾਂ ਦੇ ਹਾਲ ਬਾਜ਼ਾਰ ਦੌਰ ਦੌਰਾਨ ਵੇਖਿਆ ਗਿਆ ਕਿ ਦੁਕਾਨਦਾਰਾਂ ਵਲੋਂ ਪੈਦਲ ਲੋਕਾਂ ਦੇ ਚੱਲਣ ਲਈ ਬਣਾਏ ਗਏ ਫੁੱਟਪਾਥਾਂ ਤੇ ਨਜਾਇਜ ਕਬਜੇ ਕੀਤੇ ਹੋਏ ਹਨ ਜਿਸ ਨਾਲ ਯਾਤਰੂਆਂ ਦਾ ਚੱਲਣਾ ਮੁਸ਼ਕਿਲ ਹੁੰਦਾ ਹੈ, ਉਨ੍ਹਾਂ ਕਿਹਾ ਕਿ ਉਨ੍ਹਾਂ ਵੱਲੋਂ ਦੁਕਾਨਦਾਰਾਂ ਨੂੰ ਇਹ ਨਜਾਇਜ ਕਬਜੇ ਜਲਦ ਤੋਂ ਜਲਦ ਹਟਾਉਣ ਲਈ ਕਿਹਾ ਗਿਆ ਹੈ ਅਜਿਹਾ ਨਾ ਕਰਨ ਦੀ ਸੂਰਤ ਵਿਚ ਅਸਟੇਟ ਵਿਭਾਗ ਵੱਲੋਂ ਟ੍ਰੈਫਿਕ ਪੁਲਿਸ ਨਾਲ ਮਿਲ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ। ਕਮਿਸ਼ਨਰ ਨੇ ਕਿਹਾ ਕਿ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ ਹੈ ਕਿ ਹਾਲ ਬਾਜ਼ਾਰ ਤੋਂ ਟਾਊਨ ਹਾਲ ਤੱਕ ਸੜਕਾਂ ਤੇ ਸਾਫ ਸਫਾਈ ਦਾ ਪੂਰਾ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਜਿੱਥੇ ਵੀ ਟੋਏ ਆਦਿ ਹਨ ਉਨ੍ਹਾਂ ਨੂੰ ਵੀ ਰਿਪੇਅਰ ਕੀਤਾ ਜਾਵੇ, ਸਟ੍ਰੀਟ ਲਾਈਟਾਂ ਚਾਲੂ ਹਾਲਤ ਵਿਚ ਰੱਖੀਆਂ ਜਾਣ। ਕਮਿਸ਼ਨਰ ਵਲੋਂ ਨਹਿਰੂ ਲਾਇਬ੍ਰੇਰੀ ਦੇ ਦੌਰੇ ਦੌਰਾਨ ਲਾਇਬ੍ਰੇਰੀ ਦੀ ਛੱਤ ਦੀ ਰਿਪੇਅਰ ਜਲਦ ਤੋਂ ਜਲਦ ਕਰਾਉਣ ਲਈ ਵੀ ਅਧਿਕਾਰੀਆਂ ਨੂੰ ਹਦਾਇਤ ਕੀਤੀ ਗਈ।



