
ਨਵੀਂ ਦਿੱਲੀ, 25 ਮਈ- ਨਿਊਯਾਰਕ ਸਿਟੀ ਤੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ ਜਿੱਥੇ ਕੁਝ ਮੁੰਡਿਆਂ ਨੇ ਇਕ ਪਾਰਕ ‘ਚ ਦੋ ਕੁੜੀਆਂ ‘ਤੇ ਬੇਰਹਿਮੀ ਨਾਲ ਹਮਲਾ ਕਰ ਦਿੱਤਾ। ਕੁੜੀਆਂ ‘ਤੇ ਹਮਲੇ ਤੋਂ ਬਾਅਦ ਸਥਾਨਕ ਲੋਕਾਂ ‘ਚ ਗੁੱਸਾ ਹੈ ਤੇ ਲੋਕਾਂ ਨੇ ਜਾਂਚ ਦੀ ਮੰਗ ਕੀਤੀ ਹੈ।
ਨਾਬਾਲਗ ਕੁੜੀਆਂ ‘ਤੇ ਤਸ਼ੱਦਦ
ਨਿਊਯਾਰਕ ਪੋਸਟ ਦੀ ਰਿਪੋਰਟ ਅਨੁਸਾਰ, ਇਹ ਘਟਨਾ 2 ਮਈ ਨੂੰ ਕਵੀਨਜ਼ ਦੇ ਕਿਸੇਨਾ ਪਾਰਕ ‘ਚ ਵਾਪਰੀ। ਨਿਊਯਾਰਕ ਪੁਲਿਸ ਵਿਭਾਗ (NYPD) ਨੇ ਕਿਹਾ ਕਿ 13 ਸਾਲ ਅਤੇ 16 ਸਾਲ ਦੀਆਂ ਕੁੜੀਆਂ ਸ਼ਾਮ 6 ਵਜੇ ਦੇ ਕਰੀਬ ਬਾਸਕਟਬਾਲ ਖੇਡ ਰਹੀਆਂ ਸਨ। ਜਦੋਂ ਮੁੰਡਿਆਂ ਦਾ ਇਕ ਗਰੁੱਪ ਉਨ੍ਹਾਂ ਕੋਲ ਆਇਆ ਤੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਪੁਲਿਸ ਦੇ ਅਨੁਸਾਰ, ਮੁੰਡਿਆਂ ਦੇ ਗਰੁੱਪ ‘ਚ ਚਾਰ 17 ਸਾਲ ਦੇ ਅਤੇ ਇਕ 16 ਸਾਲ ਦਾ ਲੜਕਾ ਸ਼ਾਮਲ ਸੀ। ਇਨ੍ਹਾਂ ਮੁੰਡਿਆਂ ਨੇ ਪਹਿਲਾਂ ਕੁੜੀਆਂ ਨੂੰ ਪਾਰਕ ‘ਚ ਘਸੀਟਿਆ, ਬੇਸ ਬੈਟਾਂ ਨਾਲ ਉਨ੍ਹਾਂ ‘ਤੇ ਹਮਲਾ ਕੀਤਾ ਤੇ ਉਨ੍ਹਾਂ ਦਾ ਸਾਮਾਨ ਚੋਰੀ ਕਰ ਲਿਆ।
ਮੁਲਜ਼ਮਾਂ ਨੇ ਚੋਰੀ ਕਰ ਲਿਆ ਸਾਮਾਨ
ਇੰਨਾ ਹੀ ਨਹੀਂ, ਬਦਮਾਸ਼ ਮੁੰਡਿਆਂ ਨੇ 16 ਸਾਲਾ ਲੜਕੀ ਨੂੰ ਗੰਜੀ ਕਰ ਦਿੱਤਾ। ਪੁਲਿਸ ਨੇ ਦੱਸਿਆ ਕਿ ਸ਼ੱਕੀਆਂ ਨੇ ਕੁੜੀ ਦਾ ਮੋਬਾਈਲ ਫੋਨ ਤੇ ਛੋਟੀ ਕੁੜੀ ਦੇ ਸੀਮਤ-ਐਡੀਸ਼ਨ ਵਾਲੇ ਸਨੀਕਰ ਵੀ ਲੈ ਲਏ, ਜਿਨ੍ਹਾਂ ਦੀ ਕੀਮਤ $500 ਤੋਂ ਵੱਧ ਸੀ। ਇਸ ਘਟਨਾ ਦੀ ਇਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਹੈ ਜਿਸ ਵਿਚ 13 ਸਾਲ ਦੀ ਕੁੜੀ ਨੂੰ ਜ਼ਮੀਨ ‘ਤੇ ਲੰਮੇ ਪਾ ਕੇ ਬੇਸਬੈਟ ਨਾਲ ਵਾਰ-ਵਾਰ ਮਾਰਿਆ ਜਾ ਰਿਹਾ ਹੈ। ਹਮਲਾਵਰਾਂ ‘ਚੋਂ ਇੱਕ ਨੇ ਉਸਦੇ ਜੁੱਤੇ ਲਾਹ ਦਿੱਤੇ ਅਤੇ ਉਸਨੂੰ ਫਿਰ ਕੁੱਟਿਆ।
ਦੋਵੇਂ ਕੁੜੀਆਂ ਬੁਰੀ ਤਰ੍ਹਾਂ ਜ਼ਖਮੀ
ਹਮਲੇ ‘ਚ 16 ਸਾਲਾ ਕੁੜੀ ਵੀ ਗੰਭੀਰ ਜ਼ਖਮੀ ਹੋ ਗਈ। ਤਸਵੀਰਾਂ ‘ਚ ਉਸਦੀ ਪਿੱਠ ‘ਤੇ ਵੱਡੀਆਂ ਸੱਟਾਂ ਦੇ ਨਿਸ਼ਾਨ ਦਿਖਾਈ ਦੇ ਰਹੇ ਹਨ ਤੇ ਉਸਦੇ ਵਾਲਾਂ ਦਾ ਇਕ ਹਿੱਸਾ ਗਾਇਬ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਪੀੜਤ ਕੁੜੀਆਂ ਚੀਨੀ ਮੂਲ ਦੀਆਂ ਹਨ ਤੇ ਹਮਲਾਵਰਾਂ ਨੂੰ ਜਾਣਦੀਆਂ ਸਨ। ਮਾਮਲੇ ਦੀ ਜਾਂਚ ਕਰ ਰਹੀ ਪੁਲਿਸ ਨੇ ਪੰਜ ਮੁੰਡਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਜਿਨ੍ਹਾਂ ‘ਤੇ ਚੋਰੀ, ਹਮਲਾ, ਗਲ਼ਾ ਘੁੱਟਣ, ਪਰੇਸ਼ਾਨੀ ਤੇ ਹਥਿਆਰ ਰੱਖਣ ਦੇ ਦੋਸ਼ ਲਗਾਏ ਗਏ ਹਨ।



