
ਬਾਲ ਕਿਸ਼ਨ
ਫਿਰੋਜ਼ਪੁਰ, 11 ਜੁਲਾਈ : ਮੱਲਾਂਵਾਲਾ ’ਚ ਇਕ 16 ਸਾਲਾ ਨਾਬਾਲਗ ਲੜਕੀ ਨੂੰ ਵਿਆਹ ਦਾ ਝਾਂਸਾ ਦੇ ਕੇ ਇਕ ਨੌਜਵਾਨ ਵੱਲੋਂ ਉਸ ਨਾਲ ਜਬਰ ਜਨਾਹ ਦੀ ਘਿਨਾਉਣੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਥਾਣਾ ਮੱਲਾਂਵਾਲਾ ਪੁਲਿਸ ਨੇ ਮੁੱਖ ਦੋਸ਼ੀ ਦੀਪਕ ਸੋਨੀ ਸਮੇਤ ਪੰਜ ਵਿਅਕਤੀਆਂ ਸੀਮਾ, ਅਮਨ, ਰੇਸ਼ਮ ਅਤੇ ਰਾਜੂ ਖਿਲਾਫ ਆਈਪੀਸੀ ਦੀ ਧਾਰਾ 64, 115(2) ਬੀਐੱਨਐੱਸ ਅਤੇ ਪੋਕਸੋ ਐਕਟ ਦੀ ਧਾਰਾ 4 ਅਧੀਨ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਨਾਬਾਲਗ ਲੜਕੀ, ਜੋ ਦਸਵੀਂ ਜਮਾਤ ’ਚ ਪੜ੍ਹਦੀ ਹੈ ਨੇ ਪੁਲਿਸ ਨੂੰ ਦਿੱਤੇ ਬਿਆਨ ’ਚ ਦੱਸਿਆ ਕਿ ਉਸ ਦੀ ਮੁਲਾਕਾਤ ਕਰੀਬ 4-5 ਮਹੀਨੇ ਪਹਿਲਾਂ ਕੈਥੋਲਿਕ ਚਰਚ ਮੱਲਾਂਵਾਲਾ ’ਚ ਦੀਪਕ ਸੋਨੀ ਨਾਲ ਹੋਈ ਸੀ। ਦੀਪਕ ਸਕੂਲ ਜਾਣ ਸਮੇਂ ਉਸ ਦਾ ਪਿੱਛਾ ਕਰਦਾ ਰਹਿੰਦਾ ਸੀ, ਜਿਸ ਦੀ ਸ਼ਿਕਾਇਤ ਲੜਕੀ ਦੇ ਪਿਤਾ ਨੇ ਦੀਪਕ ਨੂੰ ਸਮਝਾਉਣ ਦੀ ਕੋਸ਼ਿਸ਼ ਵੀ ਕੀਤੀ ਪਰ ਉਹ ਨਹੀਂ ਮੰਨਿਆ। 26 ਮਈ 2025 ਨੂੰ ਦੀਪਕ ਨੇ ਲੜਕੀ ਨੂੰ ਫੋਨ ਕਰਕੇ ਵਿਆਹ ਦਾ ਲਾਲਚ ਦਿੱਤਾ ਅਤੇ ਅੰਮ੍ਰਿਤਸਰ ਦੇ ਇਕ ਹੋਟਲ ’ਚ ਲੈ ਜਾ ਕੇ ਉਸ ਨਾਲ ਜਬਰ-ਜਨਾਹ ਕੀਤਾ। ਦੋ ਦਿਨ ਬਾਅਦ ਉਸ ਨੂੰ ਘਰ ਛੱਡਿਆ ਗਿਆ। ਲੜਕੀ ਨੇ ਦੱਸਿਆ ਕਿ ਦੋਸ਼ੀਆਂ ਨੇ ਉਸ ’ਤੇ ਸਰੀਰਕ ਹਮਲਾ ਵੀ ਕੀਤਾ ਅਤੇ ਧਮਕੀਆਂ ਦਿੱਤੀਆਂ। ਜਾਂਚ ਅਧਿਕਾਰੀ ਐੱਸਆਈ ਗੀਤਾ ਨੇ ਦੱਸਿਆ ਕਿ ਪੁਲਿਸ ਨੇ ਨਾਬਾਲਗ ਦੇ ਬਿਆਨਾਂ ਦੇ ਆਧਾਰ ’ਤੇ ਸਾਰੇ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।



