ਨਾਬਾਲਗ ਮਜ਼ਦੂਰਾਂ ਦੀ ਮੌਤ ਦੇ ਮਾਮਲੇ ‘ਚ ਫੈਕਟਰੀ ਮਾਲਕ ਖ਼ਿਲਾਫ਼ ਕੇਸ ਦਰਜ, ਫੋਰਮੈਨ ਨੂੰ ਵੀ ਕੀਤਾ ਗਿਆ ਨਾਮਜ਼ਦ

ਲੁਧਿਆਣਾ, 18 ਫਰਵਰੀ- ਅੱਗ ਲੱਗਣ ਕਾਰਨ ਫੈਕਟਰੀ ਅੰਦਰ ਹੋਈ ਦੋ ਮਜ਼ਦੂਰਾਂ ਦੀ ਮੌਤ ਦੇ ਮਾਮਲੇ ਵਿੱਚ ਥਾਣਾ ਡਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਫੈਕਟਰੀ ਮਾਲਕ ਅਤੇ ਫੋਰਮੈਨ ਦੇ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਪੁਲਿਸ ਨੇ ਇਹ ਐਫਆਈਆਰ ਜਨਕਪੁਰੀ 11 ਨੰਬਰ ਗਲੀ ਦੇ ਰਹਿਣ ਵਾਲੇ ਰਿਹਾਨ ਦੀ ਸ਼ਿਕਾਇਤ ਤੇ ਦਰਜ ਕੀਤੀ । ਪੁਲਿਸ ਨੂੰ ਸ਼ਿਕਾਇਤ ਦਿੰਦਿਆਂ ਰਿਹਾਨ ਨੇ ਦੱਸਿਆ ਕਿ ਉਸਦਾ ਨਬਾਲਿਗ ਸਾਲਾ ਸਮਦ ਰਜ਼ਾ ਅਤੇ ਉਸ ਦਾ ਸਾਥੀ ਨਿਆਜ਼ ਬਾਬੂ ਦੀਪ ਨਗਰ ਸਥਿਤ ਗਿੱਲ ਰੋਡ ਦੀ ਇੱਕ ਸਾਈਕਲ ਪਾਰਟਸ ਬਣਾਉਣ ਵਾਲੀ ਫੈਕਟਰੀ ਵਿੱਚ ਕੰਮ ਕਰਦੇ ਸਨ। ਬੀਤੀ ਸਵੇਰ ਰਿਹਾਨ ਨੂੰ ਫੈਕਟਰੀ ਦੇ ਅੰਦਰੋਂ ਹੀ ਅਲੀ ਸ਼ਾਨ ਬਾਬੂ ਨਾਮ ਦੇ ਇੱਕ ਲੜਕੇ ਦਾ ਫੋਨ ਆਇਆ ਜਿਸਨੇ ਆਖਿਆ ਕਿ ਕੰਮ ਕਰਦੇ ਸਮੇਂ ਸਿਲੋਸ਼ਨ ਦੀ ਕੈਨੀ ਡੁੱਲ ਜਾਣ ਕਾਰਨ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ ਸੀ । ਉਸਨੇ ਦੱਸਿਆ ਕਿ ਇਸ ਹਾਦਸੇ ਦੇ ਦੌਰਾਨ ਨਿਆਜ਼ ਬਾਬੂ ਅਤੇ ਸਮਦ ਦੋਵਾਂ ਦੀ ਹੀ ਮੌਕੇ ਤੇ ਮੌਤ ਹੋ ਗਈ। ਰਿਹਾਨ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ ਵਿੱਚ ਦੱਸਿਆ ਕਿ ਹਾਦਸਾ ਫੈਕਟਰੀ ਮਾਲਕ ਅਤੇ ਫੋਰਮੈਨ ਦੀ ਅਣਗਹਿਲੀ ਕਾਰਨ ਵਾਪਰਿਆ । ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦਿਆਂ ਥਾਣਾ ਡਿਵੀਜ਼ਨ ਨੰਬਰ ਛੇ ਦੀ ਪੁਲਿਸ ਨੇ ਫੈਕਟਰੀ ਮਾਲਕ ਗੁਰਪ੍ਰੀਤ ਸਿੰਘ ਗਾਬਾ ਉਰਫ ਸੋਨੂ ਉਫ਼ ਠੇਕੇਦਾਰ ਅਤੇ ਫੋਰਮੈਨ ਸੋਨੂ ਸਿੰਘ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਮੁਲਜ਼ਮਾਂ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।



