National

ਨਾਬਾਲਗ ਨੂੰ ਦੋ ਦਿਨ ਪਹਿਲਾਂ ਲਏ ਨਵੇਂ ਟਰੈਕਟਰ ‘ਤੇ ਝੂਟਾ ਲੈਣਾ ਪਿਆ ਮਹਿੰਗਾ, ਮਾਪਿਆਂ ਦੇ ਇਕਲੌਤੇ ਪੁੱਤਰ ਦੀ ਹਾਦਸੇ ’ਚ ਮੌਤ

ਸਾਹਬਾਜ਼ਪੁਰ, 3 ਅਪਰੈਲ- ਤਰਨਤਾਰਨ ਜ਼ਿਲ੍ਹੇ ਦੇ ਪਿੰਡ ਕਮਾਲਪੁਰ ਵਿਖੇ ਵੀਰਵਾਰ ਨੂੰ ਨਵੇਂ ਟਰੈਕਟਰ ’ਤੇ ਝੂਟਾ ਲੈਣ ਨਿਕਲੇ 13 ਸਾਲਾ ਬਾਲਕ ਦੀ ਹਾਦਸੇ ਦੌਰਾਨ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਪਰਿਵਾਰ ਨੂੰ ਬਿਨਾ ਦੱਸੇ ਦੋ ਦਿਨ ਪਹਿਲਾਂ ਖਰੀਦੇ ਟਰੈਕਟਰ ਨੂੰ ਚਲਾਉਣ ਦੀ ਰੀਝ ਪੂਰੀ ਕਰਨ ਗਏ ਉਕਤ ਬਾਲਕ ਕੋਲੋਂ ਟਰੈਕਟਰ ਬੇਕਾਬੂ ਹੋ ਕੇ ਰੋਹੀ ਵਿਚ ਪਲਟ ਗਿਆ ਅਤੇ ਉਸਦੀ ਮੌਕੇ ’ਤੇ ਹੀ ਮੌਤ ਹੋ ਗਈ। ਉਕਤ ਘਟਨਾ ਤੋਂ ਬਾਅਦ ਜਿਥੇ ਪਰਿਵਾਰ ਦਾ ਰੋ-ਰੋ ਬੁਰਾ ਹਾਲ ਹੈ ਉਥੇ ਹੀ ਪਿੰਡ ਵਿਚ ਵੀ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਪਿੰਡ ਕਮਾਲਪੁਰ ਵਾਸੀ ਰਾਜਵੀਰ ਸਿੰਘ ਨੇ ਦੱਸਿਆ ਉਨ੍ਹਾਂ ਨੇ ਦੋ ਦਿਨ ਪਹਿਲਾਂ ਹੀ 855 ਸਵਰਾਜ ਟਰੈਕਟਰ ਖਰੀਦ ਕੇ ਲਿਆਂਦਾ ਸੀ। ਨਵੇਂ ਟਰੈਕਟਰ ਨੂੰ ਚਲਾਉਣ ਦੀ ਰੀਝ ਨਾਲ ਉਨ੍ਹਾਂ ਦਾ 13 ਸਾਲਾ ਲੜਕਾ ਗੁਰਨੂਰ ਸਿੰਘ ਜੋ ਤਰਨਤਾਰਨ ਦੇ ਮਾਝਾ ਪਬਲਿਕ ਸਕੂਲ ਵਿਚ ਨੌਵੀਂ ਜਮਾਤ ਦਾ ਵਿਦਿਆਰਥੀ ਸੀ, ਬਿਨਾਂ ਦੱਸੇ ਹੀ ਟਰੈਕਟਰ ਸਟਾਰਟ ਕਰਕੇ ਘਰੋਂ ਲੈ ਗਿਆ। ਘਰ ਤੋਂ ਕਰੀਬ ਇਕ ਕਿੱਲੋਮੀਟਰ ਦੀ ਦੂਰੀ ’ਤੇ ਪਿੰਡ ਦੀ ਰੋਹੀ ਕੋਲ ਟਰੈਕਟਰ ਉਸਦੇ ਕੰਟਰੋਲ ਤੋਂ ਬਾਹਰ ਹੋ ਗਿਆ ਅਤੇ 15 ਫੁੱਟ ਡੂੰਘੀ ਰੋਹੀ ਵਿਚ ਉਲਟਾ ਪਲਟ ਗਿਆ ਜਿਸ ਕਾਰਨ ਗੁਰਨੂਰ ਸਿੰਘ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ। ਗੁਰਨੂਰ ਦੇ ਦੇਹਾਂਤ ਦੀ ਖ਼ਬਰ ਜਿਵੇਂ ਹੀ ਘਰ ਪੁੱਜੀ ਤਾਂ ਉਸਦੇ ਦਾਦਾ ਮੁਖਤਾਰ ਸਿੰਘ, ਪਿਤਾ ਰਾਜਵੀਰ ਸਿੰਘ ਤੇ ਮਾਤਾ ਦਾ ਰੋ-ਰੋ ਬੁਰਾ ਹਾਲ ਹੋ ਗਿਆ। ਦੂਜੇ ਪਾਸੇ ਹਾਦਸੇ ਤੋਂ ਬਾਅਦ ਪਰਿਵਾਰ ਨਾਲ ਹਮਦਰਦੀ ਪ੍ਰਗਟ ਕਰਨ ਵਾਲਿਆਂ ਦਾ ਵੀ ਉਨ੍ਹਾਂ ਘਰ ਵਿਚ ਤਾਂਤਾ ਲੱਗ ਗਿਆ।

Related Articles

Leave a Reply

Your email address will not be published. Required fields are marked *

Back to top button