
ਬਰਨਾਲਾ, 11 ਜੂਨ : ਲੰਘੇ ਦਿਨੀਂ ਪਿੰਡ ਧਨੌਲਾ ਖੁਰਦ ਦੇ ਨੌਜਵਾਨ ਨੂੰ ਵੱਧ ਨਸ਼ਾ ਖਵਾਕੇ ਅਤੇ ਉਸ ਦੀ ਕੁੱਟਮਾਰ ਕਰਨ ਉਪਰੰਤ ਲਾਸ਼ ਖਤਾਨਾਂ ’ਚ ਸੁੱਟਣ ਵਾਲੇ ਨੌਜਵਾਨਾਂ ਸਮੇਤ ਇਕ ਔਰਤ ਸਮੇਤ 6 ਜਣਿਆਂ ’ਤੇ ਮਾਮਲਾ ਦਰਜ ਕੀਤਾ ਗਿਆ ਹੈ। ਇਸ ਸਬੰਧੀ ਪੁਲਿਸ ਚੌਂਕੀ ਹੰਡਿਆਇਆ ਦੇ ਇੰਚਾਰਜ ਤਰਸੇਮ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਧਨੌਲਾ ਖੁਰਦ ਦੇ ਨੌਜਵਾਨ ਬਲਵਿੰਦਰ ਸਿੰਘ ਉਰਫ਼ ਗਾਂਧੀ ਉਮਰ 21 ਸਾਲ ਪੁੱਤਰ ਸਤਪਾਲ ਸਿੰਘ ਦੀ ਲਾਸ਼ ਨੂੰ 9 ਜੂਨ ਨੂੰ ਬਰਨਾਲਾ ਮਾਨਸਾ ਰੋਡ ਉਪਰ ਖਤਾਨਾਂ ’ਚੋਂ ਮਿਲੀ ਸੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਸਤਪਾਲ ਸਿੰਘ ਨੇ ਬਿਆਨ ਦਰਜ ਕਰਵਾਏ ਕਿ ਉਸ ਦਾ ਪੁੱਤਰ ਨਸ਼ਾ ਕਰਨ ਦਾ ਆਦੀ ਸੀ, ਜੋ ਬਰਨਾਲਾ ਅਤੇ ਆਸ ਪਾਸ ਦੇ ਏਰੀਏ ਤੋਂ ਨਸ਼ਾ ਲੈ ਕੇ ਆਉਂਦਾ ਸੀ, 9 ਜੂਨ ਨੂੰ ਖਤਾਨਾਂ ’ਚ ਡਿੱਗਿਆ ਮਿਲਿਆ ਸੀ। ਜਿਸਦੇ ਅੱਖਾਂ ਅਤੇ ਸਰੀਰ ਉਪਰ ਸੱਟਾਂ ਦੇ ਨਿਸ਼ਾਨ ਸਨ। ਉਨ੍ਹਾਂ ਕਿਹਾ ਕਿ ਮੇਰੇ ਪੁੱਤਰ ਨੂੰ ਬਲਜਿੰਦਰ ਸਿੰਘ ਪੁੱਤਰ ਕੁਲਵਿੰਦ, ਗੁਰਦੀਪ ਸਿੰਘ ਪੁੱਤਰ ਬਲਵਿੰੰਦਰ ਸਿੰਘ ਵਾਸੀ ਧਨੌਲਾ ਖੁਰਦ, ਅਜੇ ਸ਼ਰਮਾ ਪੁੱਤਰ ਸੁਖਜੀਵਨ ਸ਼ਰਮਾ ਵਾਸੀ ਸੇਖਾ ਰੋਡ ਬਰਨਾਲਾ, ਜੈਲੋ ਕੌਰ ਪਤਨੀ ਹੰਸਾ ਸਿੰਘ ਵਾਸੀ ਸੈਂਸੀ ਬਸਤੀ ਬਰਨਾਲਾ, ਗੁਰਦੀਪ ਸਿੰੰਘ ਵਾਸੀ ਕੋਠੇ ਦੁੱਲਟ ਹੰਡਿਆਇਆ, ਪ੍ਰੀਤ ਉਰਫ਼ ਭੂੰਡੀ ਵਾਸੀ ਬਰਨਾਲਾ ਨੇ ਸੈਂਸੀ ਬਸਤੀ ਬਰਨਾਲਾ ਤੋਂ ਨਸ਼ਾ ਲਿਆ ਕੇ ਜ਼ਿਆਦਾ ਮਾਤਰਾ ’ਚ ਖਵਾਇਆ ਅਤੇ ਕੁੱਟਮਾਰ ਕਰਕੇ ਖਤਾਨਾਂ ’ਚ ਸੁੱਟ ਦਿੱਤਾ, ਜਿਸ ਦੀ ਲਾਸ਼ ਮਿਲੀ। ਉਨ੍ਹਾਂ ਕਿਹਾ ਕਿ ਮ੍ਰਿਤਕ ਦੇ ਪਿਤਾ ਦੇ ਬਿਆਨ ਅਨੁਸਾਰ ਕੁੱਝ ਸਮਾਂ ਪਹਿਲਾਂ ਵੀ ਤਕਰਾਰ ਹੋਈ। ਤਫਤੀਸੀ ਅਫਸਰ ਸਹਾਇਕ ਬੂਟਾ ਸਿੰਘ ਅਤੇ ਹੌਲਦਾਰ ਜਸਵੰਤ ਸਿੰਘ ਨੇ ਦੱਸਿਆ ਕਿ ਥਾਣਾ ਸਦਰ ਬਰਨਾਲਾ ਵਿਖੇ ਛੇ ਜਣਿਆਂ ਖਿਲਾਫ਼ ਕੇਸ ਦਰਜ ਕੀਤਾ ਗਿਆ ਹੈ, ਲਾਸ਼ ਦਾ ਸਰਕਾਰੀ ਹਸਪਤਾਲ ਬਰਨਾਲਾ ’ਚ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ।



