Punjab

ਨਸ਼ਿਆਂ ਨੂੰ ਠੱਲ੍ਹ ਪਾਉਣ ਲਈ ਡਿਫੈਂਸ ਕਮੇਟੀਆਂ ਲਗਾਤਾਰ ਕਾਰਜਸ਼ੀਲ

ਬਠਿੰਡਾ, 23  ਮਈ 2025 : ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦੀ ਯੋਗ ਅਗਵਾਈ ਵਾਲੀ ਸੂਬਾ ਸਰਕਾਰ ਵਲੋਂ ਸ਼ੁਰੂ ਕੀਤੀ ਨਸ਼ਾ ਮੁਕਤੀ ਯਾਤਰਾ ਨੂੰ ਪੂਰਨ ਬੂਰ ਪੈ ਰਿਹਾ ਹੈ, ਜਿਸ ਤਹਿਤ ਜ਼ਿਲ੍ਹੇ ਨਾਲ ਸਬੰਧਤ ਹਲਕਿਆਂ ਦੇ ਵਿਧਾਇਕਾਂ ਅਤੇ ਚੇਅਰਮੈਨਾਂ ਵਲੋਂ ਸ਼ਹਿਰ ਤੇ ਪਿੰਡਾਂ ਵਿੱਚ ਰੋਜਾਨਾ ਪਿੰਡ ਪੱਧਰੀ ਡਿਫੈਂਸ ਕਮੇਟੀਆਂ ਨਾਲ ਮੀਟਿੰਗਾਂ ਕਰਕੇ ਉਨ੍ਹਾਂ ਨੂੰ ਨਸ਼ਿਆਂ ਵਿਰੁੱਧ ਪ੍ਰੇਰਿਤ ਕੀਤਾ ਜਾ ਰਿਹਾ ਹੈ ਅਤੇ ਨਸ਼ਿਆਂ ਦੀ ਰੋਕਥਾਮ ਲਈ ਪ੍ਰਣ ਵੀ ਲਿਆ ਜਾ ਰਿਹਾ ਹੈ।  ਨਸ਼ਾ ਮੁਕਤੀ ਯਾਤਰਾ ਦੇ ਲਗਾਤਾਰ 7ਵੇਂ ਦਿਨ ਚੀਫ ਵਿੱਪ ਅਤੇ ਵਿਧਾਇਕਾ ਤਲਵੰਡੀ ਸਾਬੋ ਪ੍ਰੋ. ਬਲਜਿੰਦਰ ਕੌਰ ਨੇ ਪਿੰਡ ਸਿੰਗੋ, ਜਗਾ ਰਾਮ ਤੀਰਥ-1 ਅਤੇ ਫਤਿਹਗੜ੍ਹ ਨੌਂਬਾਦ ਵਿਖੇ ਆਮ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਸ ਮੁਹਿੰਮ ਵਿਚ ਆਮ ਲੋਕਾਂ ਦੇ ਨਾਲ-ਨਾਲ ਨੋਜਵਾਨ ਵਰਗ ਦੇ ਸਹਿਯੋਗ ਦੀ ਪੂਰਨ ਲੋੜ ਹੈ ਤਾਂ ਅਸੀ ਨਸ਼ਿਆਂ ਦੀ ਇਸ ਭੈੜੀ ਅਲਾਮਤ ਤੋਂ ਛੁਟਕਾਰਾ ਪਾ ਸਕਦੇ ਹਾਂ। ਇਸ ਮੌਕੇ ਉਨ੍ਹਾਂ ਪਿੰਡ ਵਾਸੀਆਂ, ਖਾਸਕਰ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਨਸ਼ਿਆਂ ਤੋਂ ਦੂਰ ਰਹਿ ਕੇ ਖੇਡਾਂ ਵਿੱਚ ਆਪਣੀ ਰੁਚੀ ਵਧਾਉਣ ਅਤੇ ਹੋਰਨਾਂ ਨੂੰ ਵੀ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਜਾਣੂ ਕਰਵਾ ਕੇ ਨਸ਼ਿਆਂ ਤੋਂ ਦੂਰ ਰਹਿਣ ਲਈ ਪ੍ਰੇਰਿਤ ਕਰਨ। ਜ਼ਿਲ੍ਹੇ ਦੇ ਪਿੰਡ ਭੋਖੜਾ, ਗਿੱਲਪੱਤੀ ਅਤੇ ਗੋਨਿਆਣਾ ਮੰਡੀ ਵਿਖੇ ਕਰਵਾਏ ਗਏ ਨਸ਼ਾ ਮੁਕਤੀ ਯਾਤਰਾ ਸਮਾਗਮ ਵਿੱਚ ਸ਼ਾਮਲ ਹੋਣ ਉਪਰੰਤ ਵਿਧਾਇਕ ਮਾਸਟਰ ਜਗਸੀਰ ਸਿੰਘ ਨੇ ਕਿਹਾ ਕਿ ਸੂਬੇ ਨੂੰ ਨਸ਼ਾ ਮੁਕਤ ਕਰਨ ਲਈ ਲੋਕ ਦ੍ਰਿੜਤਾ ਨਾਲ ਪ੍ਰਣ ਕਰਨ ਅਤੇ ਹਰ ਹੀਲੇ ਉਸ ਪ੍ਰਣ ਨੂੰ ਨਿਭਾਉਣ ਵਿੱਚ ਕਿਸੇ ਵੀ ਨਾਗਰਿਕ ਨੂੰ ਕੋਈ ਕਸਰ ਬਾਕੀ ਨਹੀਂ ਛੱਡਣੀ ਚਾਹੀਦੀ। ਉਨ੍ਹਾਂ ਇਹ ਵੀ ਕਿਹਾ ਕਿ ਹਲਕੇ ਦੇ ਹਰ ਇੱਕ ਪਿੰਡ ਵਿੱਚ ਪੇਂਡੂ ਡਿਫੈਂਸ ਕਮੇਟੀਆਂ ਕਾਰਜਸ਼ੀਲ ਹਨ ਅਤੇ ਸਾਨੂੰ ਪੂਰੀ ਉਮੀਦ ਹੈ ਕਿ ਇਹ ਡਿਫੈਂਸ ਕਮੇਟੀਆਂ ਆਪਣੀ ਜਿੰਮੇਵਾਰੀ ਨੂੰ ਪੂਰੀ ਸ਼ਿੱਦਤ ਅਤੇ ਇਮਾਨਦਾਰੀ ਨਾਲ ਨਿਭਾਉਂਦੇ ਹੋਏ ਨਸ਼ਾ ਤਸਕਰਾਂ ਦੇ ਕਾਰੋਬਾਰ ਨੂੰ ਮੁਕੰਮਲ ਤੌਰ ‘ਤੇ ਬੰਦ ਕਰਵਾਉਣ ਵਿੱਚ ਯੋਗਦਾਨ ਪਾਉਣਗੀਆਂ। ਪਿੰਡ ਭਾਈਰੂਪਾ ਖੁਰਦ, ਕੋਠਾ ਸੁੱਖਾ ਨੰਦ ਅਤੇ ਦੂਲੇਵਾਲ ਵਿਖੇ ਵਿਧਾਇਕ ਰਾਮਪੁਰਾ ਫੂਲ ਸ਼੍ਰੀ ਬਲਕਾਰ ਸਿੰਘ ਸਿੱਧੂ ਵੱਲੋਂ ਨਸ਼ਾ ਰੋਕੂ ਰੱਖਿਆ ਕਮੇਟੀਆਂ ਨਾਲ ਮੀਟਿੰਗਾਂ ਕੀਤੀਆਂ। ਉਨ੍ਹਾਂ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਦੀ ਸਿਰਜਣਾ ਲਈ ਸਾਨੂੰ ਸਾਰਿਆਂ ਨੂੰ ਇੱਕਜੁੱਟ ਹੋ ਕੇ ਨਸ਼ੇ ਖਿਲਾਫ ਲੜਨ ਦੀ ਲੋੜ ਹੈ। ਉਨ੍ਹਾਂ ਪਿੰਡ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਪਾਣੀ ਅਤੇ ਜਵਾਨੀ ਬਚਾਏ ਜਾਣ, ਇਸ ਲਈ ਪੰਜਾਬ ਸਰਕਾਰ ਡਟੀ ਹੋਈ ਹੈ ਅਤੇ ਲੋਕ ਵੀ ਪੂਰਾ ਸਹਿਯੋਗ ਦੇਣ। ਉਨ੍ਹਾਂ ਪਿੰਡਾਂ ਦੇ ਪਹਿਰੇਦਾਰਾਂ ਨੂੰ ਮੁਹਿੰਮ ਵਿੱਚ ਸਰਗਰਮ ਹੋਣ ਦਾ ਵੀ ਸੱਦਾ ਦਿੱਤਾ। ਵਿਧਾਇਕ ਮੌੜ ਸ ਸੁਖਬੀਰ ਸਿੰਘ ਮਾਈਸਰਖਾਨਾ ਨੇ ਪਿੰਡ ਗਹਿਰੀ ਭਾਰਾ ਸਿੰਘ, ਨੰਦਗੜ੍ਹ ਕੋਟੜਾ ਅਤੇ ਰਾਮਪੁਰਾ ਦੀਆਂ ਰੱਖਿਆਂ ਕਮੇਟੀਆਂ ਨਾਲ ਮੀਟਿੰਗਾਂ ਕਰਨ ਮੌਕੇ ਕਿਹਾ ਕਿ ਜੋ ਲੋਕ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਚੁੰਗਲ ਵਿੱਚ ਫਸ ਚੁੱਕੇ ਹਨ ਉਨ੍ਹਾਂ ਦਾ ਮੁਫਤ ਇਲਾਜ ਪੰਜਾਬ ਸਰਕਾਰ ਵੱਲੋਂ ਕਰਵਾਇਆ ਜਾ ਰਿਹਾ ਹੈ। ਉਨ੍ਹਾਂ ਲੋਕਾਂ ਨੂੰ ਇਕੱਠੇ ਹੋਣ ਦਾ ਸੰਦੇਸ਼ ਦਿੰਦਿਆਂ ਕਿਹਾ ਕਿ ਨਸ਼ਾਂ ਤਸਕਰਾਂ ਖਿਲਾਫ ਜਾਣਕਾਰੀ ਸਿਵਲ ਤੇ ਪੁਲਿਸ ਪ੍ਰਸ਼ਾਸਨ ਨਾਲ ਸਾਂਝੀ ਕੀਤੀ ਜਾਵੇ ਤਾਂ ਜੋ ਮਾੜੀ ਅਲਾਮਤ ਦਾ ਪੂਰੀ ਤਰ੍ਹਾਂ ਖਾਤਮਾ ਹੋ ਸਕੇ। ਨਸ਼ਾ ਮੁਕਤੀ ਯਾਤਰਾ ਸਮਾਗਮ ਦੇ ਤਹਿਤ ਚੇਅਰਮੈਨ ਸ ਜਤਿੰਦਰ ਸਿੰਘ ਭੱਲਾ ਨੇ ਬਠਿੰਡਾ ਦਿਹਾਤੀ ਦੇ ਪਿੰਡ ਧਨ ਸਿੰਘ ਖਾਨਾ, ਕੋਟਸ਼ਮੀਰ ਅਤੇ ਕੋਟਫੱਤਾ ਵਿਖੇ ਪ੍ਰੋਗਰਾਮ ਕੀਤੇ। ਇਸ ਦੌਰਾਨ ਉਨ੍ਹਾਂ ਪਿੰਡ ਵਾਸੀਆਂ ਅਤੇ ਨੌਜਵਾਨਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ‘ਨਸ਼ਾ ਮੁਕਤੀ ਯਾਤਰਾ’ ਲੋਕ ਲਹਿਰ ਵਜੋਂ ਉਭਰੇਗੀ। ਉਨ੍ਹਾਂ ਆਮ ਲੋਕਾਂ ਨੂੰ ਪੁਰਜੋਰ ਅਪੀਲ ਕਰਦਿਆਂ ਕਿਹਾ ਕਿ ਉਹ ਆਪਣੇ ਪਿੰਡ ਵਿੱਚ ਨਸ਼ਾ ਮੁਕਤੀ ਯਾਤਰਾ ਵਿੱਚ ਸ਼ਾਮਲ ਹੋ ਕੇ ਆਪਣਾ ਫਰਜ਼ ਜ਼ਰੂਰ ਨਿਭਾਉਣ ਅਤੇ ਪੰਜਾਬ ਨੂੰ ਨਸ਼ਾ ਮੁਕਤ ਕਰਨ ਵਿੱਚ ਆਪਣਾ ਯੋਗਦਾਨ ਜ਼ਰੂਰ ਪਾਉਣ। ਯਾਤਰਾ ਦੌਰਾਨ ਚੇਅਰਮੈਨ ਸ਼੍ਰੀ ਅੰਮ੍ਰਿਤ ਲਾਲ ਅਗਰਵਾਲ ਨੇ ਸ਼ਹਿਰ ਦੇ ਵਾਰਡ ਨੰਬਰ 22, 23 ਅਤੇ 24 ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਸ਼ਹਿਰ ਵਾਸੀਆਂ ਨੂੰ ਪੁਰਜ਼ੋਰ ਅਪੀਲ ਕਰਦਿਆਂ ਕਿਹਾ ਕਿ ਅੱਜ ਲੋੜ ਹੈ ਕਿ ਪੰਜਾਬ ਦੇ ਪਾਣੀ ਅਤੇ ਜਵਾਨੀ ਬਚਾਏ ਜਾਣ, ਇਸ ਲਈ ਪੰਜਾਬ ਸਰਕਾਰ ਡਟੀ ਹੋਈ ਹੈ ਅਤੇ ਲੋਕ ਵੀ ਪੂਰਾ ਸਹਿਯੋਗ ਦੇਣ। ਉਨ੍ਹਾਂ ਪਿੰਡਾਂ ਦੇ ਪਹਿਰੇਦਾਰਾਂ ਨੂੰ ਮੁਹਿੰਮ ਵਿੱਚ ਸਰਗਰਮ ਹੋਣ ਦਾ ਵੀ ਸੱਦਾ ਦਿੱਤਾ।  ਇਸ ਮੌਕੇ ਵੱਖ ਵੱਖ ਪਿੰਡਾਂ ਦੇ ਲੋਕਾਂ ਤੋਂ ਇਲਾਵਾ ਭਾਰੀ ਗਿਣਤੀ ਵਿੱਚ ਨੌਜਵਾਨਾ ਵੱਲੋਂ ਸ਼ਿਰਕਤ ਕੀਤੀ ਗਈ।

Related Articles

Leave a Reply

Your email address will not be published. Required fields are marked *

Back to top button