
ਫਿਰੋਜ਼ਪੁਰ, 21 ਦਸੰਬਰ : ‘ਕਾਸੋ’ ਆਪ੍ਰੇਸ਼ਨ ਦੇ ਚੱਲਦਿਆਂ ਫਿਰੋਜ਼ਪੁਰ ਸ਼ਹਿਰ ’ਚ ਕਈ ਥਾਵਾਂ ’ਤੇ ਡੀਆਈਜੀ, ਐੱਸਐੱਸਪੀ, ਡੀਐੱਸਪੀ ਸਿਟੀ ਤੇ ਪੁਲਿਸ ਫੋਰਸ ਨਾਲ ਚੈਕਿੰਗ ਕੀਤੀ ਗਈ। ਡੀਆਈਜੀ ਸਨੇਹਦੀਪ ਸ਼ਰਮਾ ਨੇ ਕਿਹਾ ਕਿ ਨਸ਼ਾ ਤਸਕਰੀ ਨੂੰ ਰੋਕਣ ਲਈ ਪੁਲਿਸ ਵੱਲੋਂ ਸੂਬੇ ਭਰ ਵਿਚ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਜਿਹੜੇ ਨਸ਼ਾ ਤਸਕਰ ਅਤੇ ਉਨ੍ਹਾਂ ਨਾਲ ਜੁੜੇ ਹੋਰ ਸਹਾਇਕ ਤੱਤ ਵੈਰੀਫਾਈਡ ਹੋ ਚੁੱਕੇ ਹਨ, ਉਨ੍ਹਾਂ ਦੇ ਖੇਤਰਾਂ ਵਿਚ ਸਪਲਾਈ ਲਾਈਨ ਨੂੰ ਪੂਰੀ ਤਰ੍ਹਾਂ ਬੰਦ ਕਰਨ ਲਈ ਕਾਰਵਾਈ ਅਮਲ ਵਿਚ ਲਿਆਈ ਜਾ ਰਹੀ ਹੈ। ਡੀਆਈਜੀ ਨੇ ਦੱਸਿਆ ਕਿ ਸਿਰਫ਼ ਇਕ ਵਾਰ ਦੀ ਕਾਰਵਾਈ ਨਾਲ ਇਹ ਸਮੱਸਿਆ ਹੱਲ ਨਹੀਂ ਹੁੰਦੀ, ਇਸ ਲਈ ਪੁਲਿਸ ਦੀ ਇਹ ਮੁਹਿੰਮ ਲਗਾਤਾਰ ਜਾਰੀ ਹੈ। ਸ਼ਹਿਰ ਦੇ ਪੰਜ ਸਥਾਨਾਂ ’ਤੇ ਅਤੇ ਪੂਰੀ ਰੇਂਜ ਵਿਚ ਕੁੱਲ 14 ਥਾਵਾਂ ’ਤੇ ਇਕੱਠੀ ਕਾਰਵਾਈ ਕੀਤੀ ਗਈ। ਇਹ ਕਾਰਵਾਈ ਤਰਨਤਾਰਨ, ਫਾਜ਼ਿਲਕਾ ਸਮੇਤ ਸਰਹੱਦੀ ਇਲਾਕਿਆਂ ਤੱਕ ਵੀ ਫੈਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦਾ ਮੁੱਖ ਮਕਸਦ ਨਸ਼ਿਆਂ ਦੀ ਸਪਲਾਈ ਚੇਨ ਨੂੰ ਤੋੜਨਾ ਅਤੇ ਨੈੱਟਵਰਕ ਨੂੰ ਪੂਰੀ ਤਰ੍ਹਾਂ ਖਤਮ ਕਰਨਾ ਹੈ। ਇਸ ਦਿਸ਼ਾ ਵਿਚ ਵੱਖ-ਵੱਖ ਫੋਰਮਾਂ ਅਤੇ ਤਕਨੀਕੀ ਸਾਧਨਾਂ ਦੀ ਮਦਦ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਡੀਆਈਜੀ ਨੇ ਦੱਸਿਆ ਕਿ ਹੁਣ ਨਸ਼ਾ ਤਸਕਰਾਂ ਖ਼ਿਲਾਫ਼ ਪੁਲਿਸ ਦੀ ਕਾਰਵਾਈ ਪੂਰੀ ਤਰ੍ਹਾਂ ਡਿਜੀਟਲ ਤਰੀਕੇ ਨਾਲ ਵੀ ਕੀਤੀ ਜਾ ਰਹੀ ਹੈ।



