Punjab

ਨਸ਼ਿਆਂ ਖਿ਼ਲਾਫ਼ ਫ਼ਾਜ਼ਿਲਕਾ ਪੁਲਿਸ ਦੀ ‘ਬੁਲਡੋਜ਼ਰ’ ਕਾਰਵਾਈ, ਦੋ ਤਸਕਰਾਂ ਦੀਆਂ ਜਾਇਦਾਦਾਂ ’ਤੇ ਚੱਲਿਆ ਪੀਲਾ ਪੰਜਾ

ਫਾਜ਼ਿਲਕਾ, 21 ਮਾਰਚ-ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਲੜਾਈ ਦੀ ਲੜੀ ਤਹਿਤ ਜ਼ਿਲ੍ਹੇ ਅੰਦਰ ਦੋ ਨਸ਼ਾ ਤਸਕਰਾਂ ਦੀਆਂ ਜਾਇਦਾਦਾਂ ’ਤੇ ਬੁਲਡੋਜ਼ਰ ਚਲਾਇਆ ਗਿਆ। ਇਸ ਮੌਕੇ ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ ਮੰਡੀ ਅਰਨੀਵਾਲਾ ਵਿਚ ਸਿਵਲ ਪ੍ਰਸ਼ਾਸਨ ਦੀ ਟੀਮ ਨੂੰ ਨਾਲ ਲੈ ਕੇ ਇਹ ਕਾਰਵਾਈ ਕੀਤੀ ਗਈ। ਇੱਥੇ ਰਾਣੀ ਅਤੇ ਬੱਗਾ ਨਾਂ ਦੇ ਦੋ ਜਣੇ ਭਾਈਵਾਲੀ ਵਿਚ ਨਸ਼ੇ ਦਾ ਕੰਮ ਕਰਦੇ ਸਨ ਅਤੇ ਇਨ੍ਹਾਂ ਖ਼ਿਲਾਫ਼ ਮਾਮਲੇ ਵੀ ਦਰਜ ਸਨ। ਇਨ੍ਹਾਂ ਵੱਲੋਂ ਬਣਾਈਆਂ ਨਾਜਾਇਜ਼ ਉਸਾਰੀਆਂ ਨੂੰ ਅੱਜ ਇੱਥੇ ਢਾਹ ਦਿੱਤਾ ਗਿਆ ਹੈ। ਰਾਣੀ ਖ਼ਿਲਾਫ਼ ਨਸ਼ੇ ਦੀ ਤਸਕਰੀ ਬਾਰੇ ਤਿੰਨ ਪਰਚੇ ਦਰਜ ਸਨ। ਐੱਸਐੱਸਪੀ ਬਰਾੜ ਨੇ ਦੱਸਿਆ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਹੁਣ ਲੋਕ ਲਹਿਰ ਬਣਨ ਲੱਗੀ ਹੈ ਅਤੇ ਲੋਕਾਂ ਤੋਂ ਵੀ ਸਾਨੂੰ ਭਰਪੂਰ ਸਹਿਯੋਗ ਮਿਲ ਰਿਹਾ ਹੈ। ਉਨ੍ਹਾਂ ਕਿਹਾ ਕਿ ਲੋਕ ਨਸ਼ਾ ਤਸਕਰਾਂ ਦੀਆਂ ਸੂਚਨਾਵਾਂ ਨਿਡਰ ਹੋ ਕੇ ਪੁਲਿਸ ਨੂੰ ਦੇਣ ਲੱਗੇ ਹਨ ਅਤੇ ਹਰੇਕ ਸੂਚਨਾ ਦੀ ਜਾਣਕਾਰੀ ਦੇਣ ਵਾਲੇ ਦੀ ਪਹਿਚਾਣ ਗੁਪਤ ਰੱਖਦੇ ਹੋਏ ਬਾਰੀਕੀ ਨਾਲ ਪੜਤਾਲ ਕਰਕੇ ਦੋਸ਼ੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਨਸ਼ੇ ਦੀ ਤਸਕਰੀ ਕਰਨ ਵਾਲਿਆਂ ਦਾ ਹੁਣ ਇਹੀ ਹਸ਼ਰ ਹੋਵੇਗਾ।ਇਸ ਮੌਕੇ ਡੀਐੱਸਪੀ ਬਲਕਾਰ ਸਿੰਘ, ਕਾਰਜ ਸਾਧਕ ਅਫ਼ਸਰ ਰੋਹਿਤ ਕਵਾਤਰਾ ਅਤੇ ਐੱਸਐੱਚਓ ਅੰਗਰੇਜ਼ ਸਿੰਘ ਵੀ ਹਾਜ਼ਰ ਸਨ। ਐੱਸਐੱਸਪੀ ਵਰਿੰਦਰ ਸਿੰਘ ਬਰਾੜ ਨੇ ਦੱਸਿਆ ਕਿ 1 ਮਾਰਚ 2025 ਤੋਂ ਸ਼ੁਰੂ ਹੋਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਹੁਣ ਤੱਕ 19 ਦਿਨਾਂ ਵਿਚ ਨਸ਼ੇ ਦੀ ਤਸਕਰੀ ਸਬੰਧੀ 76 ਮਾਮਲੇ ਜ਼ਿਲ੍ਹੇ ਦੇ ਵੱਖ-ਵੱਖ ਥਾਣਿਆਂ ਵਿਚ ਦਰਜ ਕੀਤੇ ਗਏ ਹਨ ਅਤੇ 111 ਦੋਸ਼ੀਆਂ ਨੂੰ ਕਾਬੂ ਕਰਕੇ ਸਲਾਖਾਂ ਪਿੱਛੇ ਭੇਜਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਲੋਕਾਂ ਤੋਂ ਹੈਰੋਇਨ 2.383 ਕਿੱਲੋ, ਪ੍ਰੇਗਾ ਕੈਪਸੂਲ 575585, ਨਸ਼ੀਲੀਆਂ ਗੋਲੀਆਂ 23279, ਪੋਸਤ 7.500 ਕਿੱਲੋ ਅਤੇ ਡਰੱਗ ਮਨੀ 52000 ਰੁਪਏ ਬਰਾਮਦ ਕੀਤੀ ਗਈ ਹੈ। ਇਸ ਤੋਂ ਇਲਾਵਾ ਅੱਜ ਦੋਸ਼ੀਆਂ ਦੇ ਮਕਾਨ ਢਾਹੁਣ ਦੀ ਕਾਰਵਾਈ ਤੋਂ ਪਹਿਲਾਂ ਵੀ ਜ਼ਿਲ੍ਹੇ ਵਿਚ ਅਜਿਹੀ ਹੀ ਇਕ ਹੋਰ ਕਾਰਵਾਈ ਵਿਚ ਇਕ ਤਸਕਰ ਦੇ ਮਕਾਨ ਨੂੰ ਢਾਹਿਆ ਗਿਆ ਸੀ।

Related Articles

Leave a Reply

Your email address will not be published. Required fields are marked *

Back to top button